ਸੁਰੱਖਿਆ ਜਗਤ ਵਿੱਚ ਮਚੀ ਹਲਚਲ ਦੇ ਵਿਚਕਾਰ ਹਾਲ ਹੀ ਵਿੱਚ ਖੋਜਕਰਤਾਵਾਂ ਨੇ ਇੱਕ ਬੇਹੱਦ ਘਾਤਕ ਸਪਾਈਵੇਅਰ ਦਾ ਖੁਲਾਸਾ ਕੀਤਾ ਹੈ। ਇਹ ਸਪਾਈਵੇਅਰ ਪੁਰਾਣੇ iOS ਵਰਜ਼ਨ 'ਤੇ ਚੱਲ ਰਹੇ ਕਰੋੜਾਂ ਆਈਫੋਨਾਂ ਨੂੰ ਹੈਕ ਕਰ ਸਕਦਾ ਹੈ। ਖੋਜਕਰਤਾਵਾਂ ਅਨੁਸਾਰ, ਇਹ ਘਾਤਕ ਸਪਾਈਵੇਅਰ ਸਿਰਫ਼ ਇੱਕ ਲਿੰਕ ਰਾਹੀਂ ਤੁਹਾਡੇ ਫ਼ੋਨ ਵਿੱਚੋਂ ਨਿੱਜੀ ਡੇਟਾ ਅਤੇ ਪਾਸਵਰਡ ਚੋਰੀ ਕਰ ਸਕਦਾ ਹੈ। ਜੇਕਰ ਤੁਸੀਂ ਵੀ ਆਈਫੋਨ ਯੂਜ਼ਰ ਹੋ, ਤਾਂ ਆਓ ਜਾਣਦੇ ਹਾਂ ਕਿ ਕਿਵੇਂ ਇੱਕ ਛੋਟੀ ਜਿਹੀ ਲਾਪਰਵਾਹੀ ਹੈਕਰਾਂ ਨੂੰ ਤੁਹਾਡੇ ਫ਼ੋਨ ਵਿੱਚ ਸੰਨ੍ਹ ਲਾਉਣ ਦਾ ਮੌਕਾ ਦੇ ਸਕਦੀ ਹੈ।

ਹੈਕਰ ਕਿਵੇਂ ਨਿਸ਼ਾਨਾ ਬਣਾਉਂਦੇ ਹਨ?
ਹੈਰਾਨੀ ਦੀ ਗੱਲ ਇਹ ਹੈ ਕਿ ਯੂਜ਼ਰ ਨੂੰ ਇਸ ਦੇ ਲਈ ਕੁਝ ਵੀ ਡਾਊਨਲੋਡ ਕਰਨ ਦੀ ਲੋੜ ਨਹੀਂ ਹੁੰਦੀ, ਸਗੋਂ ਇੱਕ ਗਲਤ ਲਿੰਕ 'ਤੇ ਕਲਿੱਕ ਕਰਦੇ ਹੀ ਹੈਕਰ ਨੂੰ ਤੁਹਾਡੇ ਫ਼ੋਨ ਦਾ ਐਕਸੈਸ ਮਿਲ ਜਾਂਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸੇ ਵੀ ਅਣਪਛਾਤੇ ਲਿੰਕ 'ਤੇ ਕਲਿੱਕ ਨਾ ਕਰੋ।
ਕਿਹੜੇ-ਕਿਹੜੇ iPhone ਨੂੰ ਹੈ ਖ਼ਤਰਾ?
ਖੋਜਕਰਤਾਵਾਂ ਅਨੁਸਾਰ, ਇਹ ਖ਼ਤਰਾ ਉਨ੍ਹਾਂ ਪੁਰਾਣੇ ਵਰਜ਼ਨ ਦੇ ਆਈਫੋਨਾਂ ਨੂੰ ਹੈ ਜੋ iOS 18.4 ਤੋਂ iOS 18.7 ਦੇ ਵਿਚਕਾਰ ਚੱਲ ਰਹੇ ਹਨ। ਦੁਨੀਆ ਭਰ ਵਿੱਚ ਅਜਿਹੇ ਲਗਭਗ 27 ਕਰੋੜ ਡਿਵਾਈਸ ਹਨ ਜੋ ਇਸ ਪੁਰਾਣੇ ਵਰਜ਼ਨ 'ਤੇ ਚੱਲ ਰਹੇ ਹਨ।
ਹੈਕਰਸ ਤੁਹਾਡੇ ਫ਼ੋਨ ਤੋਂ ਕੀ-ਕੀ ਚੋਰੀ ਕਰ ਸਕਦੇ ਹਨ?
ਹੈਕਰ ਤੁਹਾਡੇ ਫ਼ੋਨ ਵਿੱਚੋਂ ਤੁਹਾਡੇ ਟੈਕਸਟ ਮੈਸੇਜ, ਬ੍ਰਾਊਜ਼ਰ ਹਿਸਟਰੀ, ਲੋਕੇਸ਼ਨ ਹਿਸਟਰੀ, ਕਾਂਟੈਕਟਸ , ਹੈਲਥ ਡੇਟਾ, ਕੈਲੰਡਰ ਅਤੇ ਨਿੱਜੀ ਨੋਟਸ ਚੋਰੀ ਕਰ ਸਕਦੇ ਹਨ।
ਆਈਫੋਨ ਨੂੰ ਬਚਾਉਣ ਲਈ ਕੀ ਕਰੀਏ?
ਜੇਕਰ ਤੁਸੀਂ ਵੀ ਆਈਫੋਨ ਯੂਜ਼ਰ ਹੋ, ਤਾਂ ਤੁਰੰਤ ਆਪਣੇ ਫ਼ੋਨ ਨੂੰ iOS 26 ਜਾਂ ਉਸ ਤੋਂ ਬਾਅਦ ਦੇ ਵਰਜ਼ਨ 'ਤੇ ਅਪਡੇਟ ਕਰੋ। ਗੂਗਲ ਦੇ ਅਨੁਸਾਰ, iOS 26.3 ਵਿੱਚ ਉਹਨਾਂ ਸਾਰੀਆਂ ਕਮੀਆਂ ਨੂੰ ਦੂਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਰਾਹੀਂ ਹੈਕਰ ਆਈਫੋਨ ਨੂੰ ਨਿਸ਼ਾਨਾ ਬਣਾ ਰਹੇ ਸਨ।