ਵਿੱਤ ਮੰਤਰੀ ਨੇ ਖੇਡਾਂ ਲਈ ਖੋਲ੍ਹਿਆ ਖ਼ਜ਼ਾਨਾ : ਬਜਟ 'ਚ 1100 ਕਰੋੜ ਤੋਂ ਵੱਧ ਦਾ ਵਾਧਾ; SAI ਤੇ 'ਖੇਲੋ ਇੰਡੀਆ' ਨੂੰ ਮਿਲਿਆ ਬੂਸਟ
ਬਜਟ ਵਿੱਚ ਸਭ ਤੋਂ ਵੱਡਾ ਫਾਇਦਾ ਸਪੋਰਟਸ ਗੁਡਜ਼ ਮੈਨੂਫੈਕਚਰਿੰਗ (ਖੇਡਾਂ ਦਾ ਸਾਮਾਨ ਬਣਾਉਣ ਵਾਲੇ) ਖੇਤਰ ਨੂੰ ਹੋਇਆ ਹੈ, ਜਿਸ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
Publish Date: Sun, 01 Feb 2026 03:50 PM (IST)
Updated Date: Sun, 01 Feb 2026 03:56 PM (IST)
ਖੇਡ ਡੈਸਕ, ਨਵੀਂ ਦਿੱਲੀ : ਭਾਰਤ ਸਰਕਾਰ ਨੇ 2026 ਵਿੱਚ ਹੋਣ ਵਾਲੀਆਂ ਅੰਤਰਰਾਸ਼ਟਰੀ ਖੇਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਾਲ ਖੇਡ ਬਜਟ ਵਿੱਚ 1100 ਕਰੋੜ ਰੁਪਏ ਤੋਂ ਵੱਧ ਦਾ ਭਾਰੀ ਵਾਧਾ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਲੋਕ ਸਭਾ ਵਿੱਚ ਬਜਟ ਪੇਸ਼ ਕਰਦਿਆਂ ਦੱਸਿਆ ਕਿ ਸਾਲ 2026-27 ਲਈ ਖੇਡਾਂ ਵਾਸਤੇ 4479.88 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਪਿਛਲੇ ਸਾਲ ਇਹ ਬਜਟ 3346.54 ਕਰੋੜ ਰੁਪਏ ਸੀ, ਜਿਸਦਾ ਮਤਲਬ ਹੈ ਕਿ ਇਸ ਵਾਰ ਖੇਡ ਬਜਟ ਵਿੱਚ ਕੁੱਲ 1133.34 ਕਰੋੜ ਰੁਪਏ ਦਾ ਇਜ਼ਾਫ਼ਾ ਕੀਤਾ ਗਿਆ ਹੈ।
ਇਸ ਸੈਕਟਰ ਨੂੰ ਹੋਇਆ ਸਭ ਤੋਂ ਵੱਧ ਫਾਇਦਾ
ਬਜਟ ਵਿੱਚ ਸਭ ਤੋਂ ਵੱਡਾ ਫਾਇਦਾ ਸਪੋਰਟਸ ਗੁਡਜ਼ ਮੈਨੂਫੈਕਚਰਿੰਗ (ਖੇਡਾਂ ਦਾ ਸਾਮਾਨ ਬਣਾਉਣ ਵਾਲੇ) ਖੇਤਰ ਨੂੰ ਹੋਇਆ ਹੈ, ਜਿਸ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਸਾਈ (SAI) ਦਾ ਬਜਟ ਵਧਿਆ: ਭਾਰਤੀ ਖੇਡ ਅਥਾਰਟੀ (Sports Authority of India), ਜੋ ਖਿਡਾਰੀਆਂ ਦੀ ਟ੍ਰੇਨਿੰਗ ਅਤੇ ਕੈਂਪਾਂ ਦਾ ਪ੍ਰਬੰਧ ਕਰਦੀ ਹੈ, ਨੂੰ ਇਸ ਸਾਲ 917.38 ਕਰੋੜ ਰੁਪਏ ਮਿਲੇ ਹਨ। ਪਿਛਲੇ ਸਾਲ ਇਹ ਰਕਮ 800 ਕਰੋੜ ਸੀ।
ਖੇਲੋ ਇੰਡੀਆ (Khelo India): ਜ਼ਮੀਨੀ ਪੱਧਰ 'ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਇਸ ਪ੍ਰੋਗਰਾਮ ਲਈ 924.35 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਕਾਮਨਵੈਲਥ ਗੇਮਜ਼ (CWG): ਇਸ ਸਾਲ ਜੁਲਾਈ-ਅਗਸਤ ਵਿੱਚ ਗਲਾਸਗੋ ਵਿੱਚ ਹੋਣ ਵਾਲੀਆਂ ਕਾਮਨਵੈਲਥ ਗੇਮਾਂ ਲਈ ਬਜਟ 28 ਕਰੋੜ ਤੋਂ ਵਧਾ ਕੇ 59 ਕਰੋੜ ਰੁਪਏ (78% ਦਾ ਵਾਧਾ) ਕਰ ਦਿੱਤਾ ਗਿਆ ਹੈ।
ਕਿੱਥੇ ਹੋਈ ਕਟੌਤੀ
ਜਿੱਥੇ ਖੇਡਾਂ ਦੀਆਂ ਸੁਵਿਧਾਵਾਂ ਲਈ ਬਜਟ ਵਧਿਆ ਹੈ, ਉੱਥੇ ਹੀ ਨੈਸ਼ਨਲ ਡੋਪਿੰਗ ਰੋਧੀ ਏਜੰਸੀ (NADA) ਅਤੇ ਨੈਸ਼ਨਲ ਡੋਪ ਟੈਸਟਿੰਗ ਲੈਬ (NDTL) ਦੇ ਬਜਟ ਵਿੱਚ ਮਾਮੂਲੀ ਕਟੌਤੀ ਕੀਤੀ ਗਈ ਹੈ। ਨਾਡਾ ਦਾ ਬਜਟ 28.55 ਕਰੋੜ ਤੋਂ ਘਟਾ ਕੇ 24.30 ਕਰੋੜ ਰੁਪਏ ਕਰ ਦਿੱਤਾ ਗਿਆ ਹੈ।