ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਡੈਲਾਵੇਅਰ ਸੂਬੇ 'ਚ ਸੋਮਵਾਰ ਨੂੰ ਭਗਵਾਨ ਹਨੂੰਮਾਨ ਦੀ 25 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਗਈ। ਸੂਬੇ ਦੇ ਹਾਕੇਸਿਨ ਸ਼ਹਿਰ 'ਚ ਲੱਗੀ ਇਹ ਅਮਰੀਕਾ 'ਚ ਹਨੂੰਮਾਨ ਦੀ ਸਭ ਤੋਂ ਉੱਚੀ ਮੂਰਤੀ ਦੱਸੀ ਜਾ ਰਹੀ ਹੈ। ਭਗਵਾਨ ਹਨੂੰਮਾਨ ਦੀ ਮੂਰਤੀ ਦੇ ਨਿਰਮਾਣ 'ਤੇ ਇਕ ਲੱਖ ਡਾਲਰ (ਕਰੀਬ 76 ਲੱਖ ਰੁਪਏ) ਦੀ ਲਾਗਤ ਆਈ। ਇਸ ਦਾ ਨਿਰਮਾਣ ਦੱਖਣੀ ਭਾਰਤ ਦੇ ਵਾਰੰਗਲ ਸ਼ਹਿਰ 'ਚ ਕੀਤਾ ਗਿਆ। ਇਹ ਮੂਰਤੀ ਕਾਲੇ ਗ੍ਰੇਨਾਈਟ ਨਾਲ ਤਿਆਰ ਕੀਤੀ ਗਈ ਹੈ। ਇਸ ਦਾ ਵਜ਼ਨ 30 ਹਜ਼ਾਰ ਕਿੱਲੋ ਤੋਂ ਵੱਧ ਹੈ। ਭਗਵਾਨ ਹਨੂੰਮਾਨ ਦੀ ਇਹ ਵਿਸ਼ਾਲ ਮੂਰਤੀ ਬੀਤੀ ਜਨਵਰੀ 'ਚ ਮਾਲਵਾਹਕ ਬੇੜੇ ਜ਼ਰੀਏ ਹੈਦਰਾਬਾਦ ਤੋਂ ਨਿਊਯਾਰਕ ਲਿਆਂਦੀ ਗਈ ਸੀ। ਇਸ ਤੋਂ ਬਾਅਦ ਟਰੱਕ ਤੋਂ ਡੈਲਾਵੇਅਰ ਪਹੁੰਚਾਈ ਗਈ ਸੀ। ਮੂਰਤੀ ਦੀ ਪ੍ਰਰਾਣ ਪ੍ਰਤਿਸ਼ਠਾ ਤੇ ਅਨੁਸ਼ਠਾਨਾਂ ਲਈ ਬੈਂਗਲੁਰੂ ਤੋਂ ਪੁਜਾਰੀ ਨਾਗਰਾਜ ਭੱਟ ਵੀ ਹਾਕੇਸਿਨ ਪੁੱਜੇ। ਡੈਲਾਵੇਅਰ ਹਿੰਦੂ ਮੰਦਰ ਸੰਗਠਨ ਦੇ ਮੁਖੀ ਪਾਟੀਬੰਦ ਸ਼ਰਮਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਮੂਰਤੀ ਸਥਾਪਨਾ ਦੌਰਾਨ ਵਧੇਰੇ ਲੋਕਾਂ ਦਾ ਇਕੱਠਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੂਰਤੀ ਸਥਾਪਨਾ ਤੋਂ ਬਾਅਦ ਹੁਣ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਜਥਿਆਂ 'ਚ ਸੱਦਾ ਦਿੱਤਾ ਜਾਵੇਗਾ। ਇਹ ਮੰਦਰ ਸਾਰੇ ਭਾਈਚਾਰਿਆਂ ਲਈ ਖੁੱਲ੍ਹਾ ਰਹੇਗਾ।