ਕਈ ਲੋਕ ਇਹ ਮੰਨਦੇ ਹਨ ਕਿ ਜਿਸ ਨੇ ਆਪਣਾ ਘਰ-ਬਾਰ ਛੱਡ ਦਿੱਤਾ, ਉਹ ਹੀ ਵੈਰਾਗੀ ਹਨ ਪਰ ਸੱਚ ਇਹ ਹੈ ਕਿ ਘਰ-ਪਰਿਵਾਰ ਛੱਡ ਕੇ ਜੰਗਲ 'ਚ ਚਲੇ ਜਾਣ ਨਾਲ ਵੈਰਾਗ ਨਹੀਂ ਮਿਲਦਾ। ਬਕਾਇਦਾ ਗ੍ਰਹਿਸਥ-ਸੰਸਾਰੀ ਜੀਵਨ 'ਚ ਵੀ ਵੈਰਾਗੀ ਬਣਿਆ ਜਾ ਸਕਦਾ ਹੈ। ਜਿਸ ਸਮੇਂ ਇਨਸਾਨ ਇਹ ਜਾਣ ਲੈਂਦਾ ਹੈ ਕਿ ਇਹ ਜੋ ਦੁਨੀਆ ਉਹ ਦੇਖ ਰਿਹਾ ਹੈ, ਉਹ ਨਾਸ਼ਵਾਨ ਹੈ ਤੇ ਉਸ ਦਾ ਸਰੀਰ ਵੀ ਸਿਰਫ਼ ਮਿੱਟੀ ਹੈ ਤਾਂ ਉਹ ਇਨਸਾਨ ਉਸੇ ਸਮੇਂ ਵੈਰਾਗ ਨੂੰ ਪਾ ਲੈਂਦਾ ਹੈ।

ਇਸ ਤੋਂ ਬਾਅਦ ਉਸ ਨੂੰ ਨਾ ਆਪਣਾ ਘਰ ਛੱਡਣ ਦੀ ਜ਼ਰੂਰਤ ਹੈ ਤੇ ਨਾ ਹੀ ਭਗਵੇਂ ਕੱਪੜੇ ਪਾਉਣ ਦੀ ਜ਼ਰੂਰਤ ਹੁੰਦੀ ਹੈ। ਜੰਗਲ 'ਚ ਕੁਟੀਆ ਬਣਾ ਕੇ ਰਹਿ ਰਹੇ ਇਕ ਸਾਧੂ ਕੋਲ ਇਕ ਮਹਾਤਮਾ ਆਏ। ਸਾਧੂ ਦੇ ਸਤਿਕਾਰ ਤੋਂ ਪ੍ਰਸੰਨ ਹੋ ਕੇ ਜਦੋਂ ਮਹਾਤਮਾ ਨੇ ਉਸ ਤੋਂ ਵਿਦਾ ਲੈਣੀ ਚਾਹੀ ਤਾਂ ਸਾਧੂ ਨੇ ਪੁੱਛਿਆ, ਮਹਾਤਮਾ ਜੀ, ਤੁਹਾਨੂੰ ਮੇਰੀ ਕੁਟੀਆ ਕਿਹੋ ਜਿਹੀ ਲੱਗੀ? ਮਹਾਤਮਾ ਨੇ ਜਵਾਬ ਦਿੱਤਾ ਕਿ ਸਾਧੂ ਮਹਾਰਾਜ, ਤੁਹਾਡੀ ਕੁਟੀਆ ਵਾਕਈ ਬਹੁਤ ਸੁੰਦਰ ਹੈ ਪਰ ਹੁਣ ਤੁਸੀਂ ਘਰ-ਪਰਿਵਾਰ ਤਿਆਗ ਚੁੱਕੇ ਹੋ ਤਾਂ ਕੁਟੀਆ ਪ੍ਰਤੀ ਤੁਹਾਡਾ ਮੋਹ ਉੱਚਿਤ ਨਹੀਂ ਹੈ। ਮਹਾਤਮਾ ਦੀ ਗੱਲ ਸੁਣ ਕੇ ਸਾਧੂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ।

ਦਰਅਸਲ ਵੈਰਾਗ ਨੂੰ ਸਮਝਣ ਲਈ ਇਹ ਗੱਲ ਹੀ ਕਾਫ਼ੀ ਹੈ ਕਿ ਮਨੁੱਖ ਇਸ ਸਵਾਲ ਦਾ ਜਵਾਬ ਖੋਜ ਲਵੇ ਕਿ ਉਹ ਖਾਣ ਲਈ ਜੀ ਰਿਹਾ ਹੈ ਜਾਂ ਜੀਣ ਲਈ ਖਾ ਰਿਹਾ ਹੈ। ਇਸੇ ਤਰ੍ਹਾਂ ਇਕ ਸਵਾਲ ਹੋਰ ਹੈ ਕਿ ਤੁਹਾਡਾ ਸਰੀਰ ਤੁਸੀਂ ਚਲਾ ਰਹੇ ਹੋ ਜਾਂ ਸਰੀਰ ਤੁਹਾਨੂੰ ਚਲਾ ਰਿਹਾ ਹੈ। ਰਾਤ ਹੋਣ ਲੱਗੇ ਤਾਂ ਜ਼ਰੂਰੀ ਨਹੀਂ ਕਿ ਵੈਰਾਗੀ ਨੂੰ ਨੀਂਦ ਆਉਣ ਹੀ ਲੱਗ ਜਾਵੇ ਸਗੋਂ ਜਦੋਂ ਜ਼ਰੂਰਤ ਸਮਝਦਾ ਹੈ, ਉਦੋਂ ਸੌਂਦਾ ਹੈ, ਉਹ ਨੀਂਦ ਦਾ ਗੁਲਾਮ ਨਹੀਂ ਹੈ।

ਮਨੁੱਖੀ ਜ਼ਿੰਦਗੀ 'ਚ ਅਜਿਹੀਆਂ ਪ੍ਰਾਪਤੀਆਂ ਵੀ ਵੈਰਾਗ ਦਾ ਦਰਪਣ ਹੁੰਦੀਆਂ ਹਨ। ਸੱਚ ਕਿਹਾ ਜਾਵੇ ਤਾਂ ਵੈਰਾਗ ਦੀ ਪਹਿਲੀ ਸ਼ਰਤ ਹੀ ਇਹੋ ਹੁੰਦੀ ਹੈ। ਵੈਰਾਗ ਜੀਵਨ ਤੇ ਜਗਤ ਨੂੰ ਝੁਠਲਾਉਣ ਦਾ ਨਾਂ ਨਹੀਂ ਸਗੋਂ ਇਸ ਨੂੰ ਸਮਝਣ ਤੇ ਜਿਉਣ ਦੀ ਪ੍ਰਕਿਰਿਆ ਹੈ। ਸਵਾਮੀ ਵਿਵੇਕਾਨੰਦ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਖ਼ੁਦ ਵੱਡੇ ਅਗਿਆਨੀ ਹਨ, ਫਿਰ ਵੀ ਹੰਕਾਰ ਨਾਲ ਆਪਣੇ ਆਪ ਨੂੰ ਸਭ ਤੋਂ ਵੱਡੇ ਗਿਆਨੀ ਮੰਨਦੇ ਹਨ।

ਇਹ ਸੋਚਣਾ ਕਿ ਮੇਰੇ ਉੱਪਰ ਕੋਈ ਨਿਰਭਰ ਹੈ ਤੇ ਮੈਂ ਕਿਸੇ ਦਾ ਭਲਾ ਕਰ ਸਕਦਾ ਹਾਂ ਤਾਂ ਇਹ ਅਤਿਅੰਤ ਦੁਰਬਲਤਾ ਦੀ ਨਿਸ਼ਾਨੀ ਹੈ। ਇਹ ਹੰਕਾਰ ਹੀ ਸਾਰੇ ਪੁਆੜਿਆਂ ਦੀ ਜੜ੍ਹ ਹੈ ਤੇ ਇਸ ਤੋਂ ਹੀ ਸਾਰੇ ਦੁੱਖਾਂ ਦੀ ਉਤਪਤੀ ਹੁੰਦੀ ਹੈ। ਇਹ ਹੰਕਾਰ ਅਗਿਆਨਤਾ ਨਾਲ ਆਉਂਦਾ ਹੈ। ਇਸ ਲਈ ਇਨਸਾਨ ਨੂੰ ਸਭ ਤੋਂ ਪਹਿਲਾਂ ਗਿਆਨ ਵੱਲ ਵਧਣਾ ਚਾਹੀਦਾ ਹੈ।

-ਆਚਾਰੀਆ ਅਨਿਲ ਵਤਸ

Posted By: Jagjit Singh