ਮਨੁੱਖ ਦੇ ਜ਼ਿਆਦਾਤਰ ਦੁੱਖ ਇਸ ਕਾਰਨ ਹਨ ਕਿ ਉਸ ਦਾ ਆਚਰਣ ਆਪਣੇ ਸਿਰਜਣਹਾਰ ਪਰਮਾਤਮਾ ਦੇ ਅਨੁਕੂਲ ਨਹੀਂ ਹੈ। ਇਹ ਸ੍ਰਿਸ਼ਟੀ ਦੀ ਵਿਵਸਥਾ ਵਿਚ ਆਪ-ਵਿਰੋਧ ਪੈਦਾ ਕਰਦਾ ਹੈ। ਕਦੇ ਪਰਮਾਤਮਾ ਦੀ ਬਣਾਈ ਪ੍ਰਣਾਲੀ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਜਾਂਦਾ। ਇਸ ਦੇ ਉਲਟ, ਉਸ ਵਿਚ ਤਰਮੀਮ ਕਰਨ ਦੇ ਕੰਮ ਜ਼ਰੂਰ ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਯੁੱਗ ਤੋਂ ਹੀ ਹੁੰਦੇ ਆ ਰਹੇ ਹਨ।
ਪਰਮਾਤਮਾ ਦਿਆਲੂ ਹੈ। ਉਹ ਮਨੁੱਖ ਨੂੰ ਬਹੁਤ ਕੁਝ ਦੇ ਰਿਹਾ ਹੈ। ਮਨੁੱਖ ਪਹਿਲਾਂ ਆਪਣੇ ਸਵਾਰਥ ਨੂੰ ਦੇਖਦਾ ਹੈ, ਫਿਰ ਕੁਝ ਧਾਰਨ ਕਰਦਾ ਹੈ। ਸਵਾਰਥ ਨਹੀਂ, ਤਾਂ ਪਰਮਾਤਮਾ ਨੂੰ ਵੀ ਨਕਾਰ ਦਿੰਦਾ ਹੈ। ਜਦੋਂ ਪਰਮਾਤਮਾ ਠੰਢ ਦਿੰਦਾ ਹੈ ਤਾਂ ਉਹ ਗਰਮੀ ਨੂੰ ਲੱਭਦਾ ਹੈ। ਜਦੋਂ ਗਰਮੀ ਦਿੰਦਾ ਹੈ, ਤਾਂ ਠੰਢ ਦੇ ਪ੍ਰਬੰਧ ਵਿਚ ਲੱਗ ਜਾਂਦਾ ਹੈ। ਪਰਮਾਤਮਾ ਦੇ ਦਿੱਤੇ ਹੋਏ ਰੁੱਖ ਚੰਗੇ ਨਹੀਂ ਲੱਗਦੇ ਤਾਂ ਉਹ ਉਨ੍ਹਾਂ ਨੂੰ ਕੱਟ ਦਿੰਦਾ ਹੈ। ਸਵਾਰਥ ਹੋਵੇ, ਤਾਂ ਬਨਾਵਟੀ ਪੌਦਿਆਂ ਅਤੇ ਫੁੱਲਾਂ ਨਾਲ ਘਰ ਨੂੰ ਸਜਾਉਂਦਾ ਹੈ। ਪਹਾੜਾਂ ਨੂੰ ਤੋੜਦਾ ਹੈ, ਨਦੀਆਂ ਨੂੰ ਬੰਨ੍ਹ ਰਿਹਾ ਹੈ।
ਮਨੁੱਖ ਦੇ ਜ਼ਿਆਦਾਤਰ ਦੁੱਖ ਇਸ ਕਾਰਨ ਹਨ ਕਿ ਉਸ ਦਾ ਆਚਰਣ ਆਪਣੇ ਸਿਰਜਣਹਾਰ ਪਰਮਾਤਮਾ ਦੇ ਅਨੁਕੂਲ ਨਹੀਂ ਹੈ। ਇਹ ਸ੍ਰਿਸ਼ਟੀ ਦੀ ਵਿਵਸਥਾ ਵਿਚ ਆਪ-ਵਿਰੋਧ ਪੈਦਾ ਕਰਦਾ ਹੈ। ਕਦੇ ਪਰਮਾਤਮਾ ਦੀ ਬਣਾਈ ਪ੍ਰਣਾਲੀ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਜਾਂਦਾ। ਇਸ ਦੇ ਉਲਟ, ਉਸ ਵਿਚ ਤਰਮੀਮ ਕਰਨ ਦੇ ਕੰਮ ਜ਼ਰੂਰ ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਯੁੱਗ ਤੋਂ ਹੀ ਹੁੰਦੇ ਆ ਰਹੇ ਹਨ।
ਸੁਧਾਰ ਦਾ ਅਧਿਕਾਰ ਉਸ ਨੂੰ ਹੁੰਦਾ ਹੈ ਜੋ ਰਚਨਾਕਾਰ ਤੋਂ ਵੱਧ ਗਿਆਨਵਾਨ ਹੋਵੇ। ਸੁਧਾਰ ਸਦਾ ਉੱਤਮਤਾ ਲਈ ਕੀਤੇ ਜਾਂਦੇ ਹਨ ਪਰ ਅਗਿਆਨੀ ਦੇ ਸੁਧਾਰ ਜਟਿਲਤਾਵਾਂ ਪੈਦਾ ਕਰਦੇ ਹਨ। ਅੱਜ ਜੀਵਨ ਜਿੰਨਾ ਚੁਣੌਤੀਪੂਰਨ ਹੋ ਗਿਆ ਹੈ, ਉਹ ਇਸੇ ਦਾ ਨਤੀਜਾ ਹੈ। ਪਰਮਾਤਮਾ ਦੀ ਵਿਵਸਥਾ ਵਿਚ ਦਖ਼ਲਅੰਦਾਜ਼ੀ ਸਦਾ ਮੂਰਖਤਾ ਸਾਬਿਤ ਹੋਈ ਹੈ। ਮਨੁੱਖ ਦਾ ਗਿਆਨ ਵਧਿਆ ਹੈ, ਹੰਕਾਰ ਵਧਿਆ ਹੈ ਅਤੇ ਸ੍ਰਿਸ਼ਟੀ ਵਿਚ ਦਖ਼ਲਅੰਦਾਜ਼ੀ ਦੀ ਹਿਮਾਕਤ ਵੀ ਵਧੀ ਹੈ। ਸਹਿਜਤਾ ਅਤੇ ਸਰਲਤਾ ਵਿਚ ਹੀ ਸੁੱਖ ਹੈ। ਇਹ ਪਰਮਾਤਮਾ ਦੇ ਅਨੁਕੂਲ ਹੋਣ ਨਾਲ ਹੀ ਸੰਭਵ ਹੈ।
ਸ੍ਰਿਸ਼ਟੀ ਨੂੰ ਜਿਹੋ ਜਿਹੀ ਉਸ ਨੇ ਬਣਾਇਆ ਹੈ, ਉਸ ਨੂੰ ਸਵੀਕਾਰ ਕਰਨ ਅਤੇ ਉਸ ਦੀ ਹਿਫ਼ਾਜ਼ਤ ਕਰਨ ਵਿਚ ਮਨੁੱਖ ਦਾ ਹਿੱਤ ਹੈ। ਸ੍ਰਿਸ਼ਟੀ ਵਿਚ ਬਦਲਾਅ ਆਪਣੇ-ਆਪ ਹੁੰਦੇ ਰਹਿੰਦੇ ਹਨ। ਫੁੱਲ ਮੁਰਝਾ ਜਾਂਦੇ ਹਨ ਤਾਂ ਨਵੀਆਂ ਕਲੀਆਂ ਆਪਣੇ-ਆਪ ਆ ਜਾਂਦੀਆਂ ਹਨ। ਜੇ ਜ਼ਿਆਦਾ ਗਰਮੀ ਹੋਵੇ, ਤਾਂ ਬੱਦਲ ਆ ਜਾਂਦੇ ਹਨ ਤੇ ਮੀਂਹ ਸ਼ੁਰੂ ਹੋ ਜਾਂਦਾ ਹੈ। ਜਦੋਂ ਅਸੀਂ ਥੱਕ ਜਾਂਦੇ ਹਾਂ ਤਾਂ ਨੀਂਦ ਸਾਨੂੰ ਘੇਰ ਲੈਂਦੀ ਹੈ। ਇਹ ਲਾਜ਼ਮੀ ਪ੍ਰਕਿਰਿਆ ਵੱਡੇ ਪੱਧਰ ’ਤੇ ਹਰ ਖੇਤਰ ਵਿਚ ਯੁਗਾਂ-ਯੁਗਾਂ ਤੋਂ ਚੱਲ ਰਹੀ ਹੈ। ਪਰਮਾਤਮਾ ਦੀ ਕ੍ਰਿਪਾ ਦੀ ਉਡੀਕ ਤਾਂ ਕਰਨੀ ਚਾਹੀਦੀ ਹੈ। ਉਹ ਸਾਡਾ ਜਨਕ ਹੈ, ਉਸ ਨੂੰ ਸਾਡੇ ਬਾਰੇ ਚਿੰਤਾ ਹੈ। ਉਸ ਦੇ ਨਿਯਮਾਂ ਵਿਚ ਰਹਿ ਕੇ ਤਾਂ ਦੇਖੋ।
-ਡਾ. ਸਤਿੰਦਰ ਪਾਲ ਸਿੰਘ