ਚੌਕਸੀ ਭਰਪੂਰ ਸਥਿਰਤਾ
ਇੱਥੇ ਠਹਿਰਾਅ ਦੀ ਲੋੜ ਮਹਿਸੂਸ ਹੁੰਦੀ ਹੈ। ਠਹਿਰਾਅ ਦਾ ਮਤਲਬ ਪੂਰੀ ਤਰ੍ਹਾਂ ਰੁਕ ਜਾਣਾ ਨਹੀਂ, ਸਗੋਂ ਸਾਵਧਾਨੀ ਭਰਪੂਰ ਸਥਿਰਤਾ ਹੈ। ਅਜਿਹੀ ਸਥਿਤੀ, ਜਿੱਥੇ ਮਨ ਦੀਆਂ ਚੰਚਲ ਲਹਿਰਾਂ ਸ਼ਾਂਤ ਹੋ ਕੇ ਇਕਾਗਰਤਾ ਵਿਚ ਬਦਲ ਜਾਂਦੀਆਂ ਹਨ। ਇਹ ਸਥਿਰਤਾ ਬਾਹਰਲੇ ਹਾਲਾਤ ਤੋਂ ਨਹੀਂ ਸਗੋਂ ਅੰਦਰੂਨੀ ਸਾਧਨਾ ਤੋਂ ਪੈਦਾ ਹੁੰਦੀ ਹੈ।
Publish Date: Tue, 24 Mar 2026 10:47 PM (IST)
Updated Date: Wed, 25 Mar 2026 07:40 AM (IST)
ਗਤੀ ਦਾ ਰਹੱਸ ਜਿੰਨਾ ਭੌਤਿਕ ਜਗਤ ਵਿਚ ਡੂੰਘਾ ਹੈ, ਓਨਾ ਹੀ ਉਹ ਚੇਤਨਾ ਦੇ ਖੇਤਰ ਵਿਚ ਵੀ ਸੂਖਮ ਅਤੇ ਅਰਥਪੂਰਨ ਬਣ ਜਾਂਦਾ ਹੈ। ਗਤੀ ਨੂੰ ਸਮਝਣ ਲਈ ਕਿਸੇ ਇਕ ਬਿੰਦੂ ਦਾ ਸਥਿਰ ਹੋਣਾ ਜ਼ਰੂਰੀ ਹੈ। ਇਹ ਸਾਪੇਖਤਾ ਦਾ ਸਿਧਾਂਤ ਸਿਰਫ਼ ਭੌਤਿਕ ਨਿਯਮਾਂ ਤੱਕ ਸੀਮਤ ਨਹੀਂ ਸਗੋਂ ਜੀਵਨ ਦੇ ਗੂੜ੍ਹ ਸੱਚ ਨੂੰ ਵੀ ਦਰਸਾਉਂਦਾ ਹੈ ਕਿ ਮਨੁੱਖ ਦਾ ਜੀਵਨ ਸਦਾ ਵੇਗਮਾਨ ਹੈ।
ਬਾਹਰਲਾ ਸੰਸਾਰ ਆਪਣੇ ਵੱਖ-ਵੱਖ ਰੂਪਾਂ ਵਿਚ ਆਪਣੇ-ਆਪ ਬਦਲਦਾ ਰਹਿੰਦਾ ਹੈ। ਹਰ ਪਲ ਵਿਚ ਰੂਪ, ਸਥਿਤੀ ਅਤੇ ਹਾਲਾਤ ਬਦਲਦੇ ਰਹਿੰਦੇ ਹਨ। ਉਸੇ ਦੇ ਨਾਲ ਮਨੁੱਖ ਦਾ ਮਨ ਵੀ ਚੰਚਲਤਾ ਦੇ ਵਹਾਅ ਵਿਚ ਵਗਦਾ ਰਹਿੰਦਾ ਹੈ। ਜਦੋਂ ਦੇਖਣ ਵਾਲਾ ਅਤੇ ਦੇਖਿਆ ਜਾਣ ਵਾਲਾ, ਦੋਵੇਂ ਹੀ ਗਤੀ ਵਿਚ ਹੁੰਦੇ ਹਨ ਤਾਂ ਸੱਚ ਨਾਲ ਰੂਬਰੂ ਹੋਣਾ ਮੁਸ਼ਕਲ ਹੁੰਦਾ ਹੈ। ਇਸੇ ਲਈ ਸੰਸਾਰ ਦਾ ਹਕੀਕੀ ਰੂਪ, ਉਸ ਦਾ ਗੂੜ੍ਹਾ ਰਾਜ਼ ਆਸਾਨੀ ਨਾਲ ਸਮਝ ਨਹੀਂ ਆਉਂਦੇ।
ਇੱਥੇ ਠਹਿਰਾਅ ਦੀ ਲੋੜ ਮਹਿਸੂਸ ਹੁੰਦੀ ਹੈ। ਠਹਿਰਾਅ ਦਾ ਮਤਲਬ ਪੂਰੀ ਤਰ੍ਹਾਂ ਰੁਕ ਜਾਣਾ ਨਹੀਂ, ਸਗੋਂ ਸਾਵਧਾਨੀ ਭਰਪੂਰ ਸਥਿਰਤਾ ਹੈ। ਅਜਿਹੀ ਸਥਿਤੀ, ਜਿੱਥੇ ਮਨ ਦੀਆਂ ਚੰਚਲ ਲਹਿਰਾਂ ਸ਼ਾਂਤ ਹੋ ਕੇ ਇਕਾਗਰਤਾ ਵਿਚ ਬਦਲ ਜਾਂਦੀਆਂ ਹਨ। ਇਹ ਸਥਿਰਤਾ ਬਾਹਰਲੇ ਹਾਲਾਤ ਤੋਂ ਨਹੀਂ ਸਗੋਂ ਅੰਦਰੂਨੀ ਸਾਧਨਾ ਤੋਂ ਪੈਦਾ ਹੁੰਦੀ ਹੈ। ਧਿਆਨ, ਯੋਗ ਅਤੇ ਸਾਧਨਾ ਅਜਿਹੇ ਹੀ ਸਾਧਨ ਹਨ ਜੋ ਮਨੁੱਖ ਨੂੰ ਇਸ ਠਹਿਰਾਅ ਦੀ ਦਿਸ਼ਾ ਵਿਚ ਅੱਗੇ ਵਧਾਉਂਦੇ ਹਨ।
ਧਿਆਨ-ਅਭਿਆਸ ਜ਼ਰੀਏ ਵਿਅਕਤੀ ਆਪਣੇ ਅੰਦਰ ਉਤਰਦਾ ਹੈ, ਜਿੱਥੇ ਵਿਚਾਰਾਂ ਦਾ ਰੌਲਾ-ਰੱਪਾ ਹੌਲੀ-ਹੌਲੀ ਚੁੱਪ ਵਿਚ ਲੀਨ ਹੋਣ ਲੱਗਦਾ ਹੈ। ਯੋਗ ਸਰੀਰ ਅਤੇ ਮਨ ਵਿਚਕਾਰ ਸੰਤੁਲਨ ਸਥਾਪਤ ਕਰਦਾ ਹੈ ਜਿਸ ਨਾਲ ਚੇਤਨਾ ਸੂਖਮ ਅਤੇ ਜਾਗਰੂਕ ਬਣਦੀ ਹੈ। ਸਾਧਨਾ ਇਨ੍ਹਾਂ ਦੋਹਾਂ ਦਾ ਤਾਲਮੇਲ ਹੈ, ਜਿੱਥੇ ਨਿਰੰਤਰ ਅਭਿਆਸ ਦੁਆਰਾ ਸਥਿਰਤਾ ਪ੍ਰਾਪਤ ਹੁੰਦੀ ਹੈ, ਤਾਂ ਹੀ ਸੰਸਾਰ ਦੀ ਗਤੀ ਨੂੰ ਇਕ ਨਵੀਂ ਦ੍ਰਿਸ਼ਟੀ ਨਾਲ ਦੇਖਿਆ ਜਾ ਸਕਦਾ ਹੈ। ਤਦ ਬਦਲਾਅ ਡਰ ਦਾ ਕਾਰਨ ਨਹੀਂ ਰਹਿੰਦਾ ਸਗੋਂ ਇਕ ਸੁਗਮ ਅਤੇ ਕੁਦਰਤੀ ਪ੍ਰਕਿਰਿਆ ਵਜੋਂ ਸਵੀਕਾਰਿਆ ਜਾਂਦਾ ਹੈ। ਵਿਅਕਤੀ ਬਾਹਰਲੀਆਂ ਹਲਚਲਾਂ ਵਿਚਕਾਰ ਰਹਿੰਦੇ ਹੋਏ ਵੀ ਅੰਦਰੋਂ ਅਚੱਲ ਬਣਿਆ ਰਹਿੰਦਾ ਹੈ। ਇਹੀ ਅੰਦਰੂਨੀ ਸਥਿਰਤਾ ਉਸ ਨੂੰ ਸੱਚ ਦੇ ਬਹੁਤ ਨੇੜੇ ਲੈ ਕੇ ਜਾਂਦੀ ਹੈ।
-ਟਵਿੰਕਲ ਤੋਮਰ ਸਿੰਘ