ਵਿਸਾਖੀ ਦਾ ਸੰਦੇਸ਼
ਇਹ ਭੁੱਲ ਕਿੱਥੋਂ ਸ਼ੁਰੂ ਹੋਈ? ਇਹ ਦਰਦ ਭਰੀ ਕਹਾਣੀ ਹੈ। ਫ਼ਸਲ ਤਾਂ ਬਾਹਰ ਕੱਟੀ ਪਈ ਹੈ। ਮਹਾਤਮਾ ਦੇਖ ਕੇ ਕਹਿੰਦੇ ਹਨ, ਤੁਸੀਂ ਉਸ ਪ੍ਰਭੂ ਨਾਲੋਂ ਕੱਟੇ ਪਏ ਹੋ ਜਿਸ ਦੇ ਤੁਸੀਂ ਅੰਸ਼ ਹੋ। ਤੁਸੀਂ ਮਾਲਕ ਨੂੰ ਭੁੱਲ ਗਏ ਅਤੇ ਇਹੀ ਸਭ ਖ਼ਰਾਬੀਆਂ ਦੀ ਜੜ੍ਹ ਹੈ। ਪ੍ਰਭੂ ਨੂੰ ਭੁੱਲ ਕੇ ਆਪਣਾ ਜਨਮ ਬਰਬਾਦ ਕਰ ਰਹੇ ਹੋ।
Publish Date: Mon, 13 Apr 2026 11:38 PM (IST)
Updated Date: Tue, 14 Apr 2026 06:45 AM (IST)
ਹਰੇਕ ਸਮਾਜ ਵਿਚ ਵਿਸਾਖੀ ਦਾ ਮਹੀਨਾ ਕਈ ਤਰ੍ਹਾਂ ਨਾਲ ਮਨਾਇਆ ਜਾਂਦਾ ਹੈ। ਸੰਨ 1699 ਵਿਚ ਵਿਸਾਖੀ ਦੇ ਦਿਨ ਹੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਦਿਨ ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਚੁਣਿਆ। ਬੋਧੀਆਂ ਲਈ ਇਹ ਦਿਨ ਬੜਾ ਮੁਬਾਰਕ ਹੈ।
ਇਸੇ ਦਿਨ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ। ਵਿਸਾਖੀ ਦੇ ਦਿਨ ਹੀ ਉਨ੍ਹਾਂ ਨੂੰ ਆਤਮ-ਗਿਆਨ ਵੀ ਹੋਇਆ ਅਤੇ ਇਸੇ ਦਿਨ ਉਨ੍ਹਾਂ ਦਾ ਨਿਰਵਾਣ ਵੀ ਹੋਇਆ। ਮਹਾਪੁਰਖ ਜਦ ਵੀ ਇਸ ਦੁਨੀਆ ਵਿਚ ਆਉਂਦੇ ਹਨ, ਉਹ ਇਕ ਹੀ ਗੱਲ ਨੂੰ ਵਾਰ-ਵਾਰ ਕਹਿੰਦੇ ਹਨ ਕਿ ਮਨੁੱਖੀ ਜਨਮ ਬੜੇ ਭਾਗਾਂ ਨਾਲ ਮਿਲਦਾ ਹੈ। ਪਰਮਾਤਮਾ ਮਹਾਚੇਤਨਾ ਦਾ ਸਾਗਰ ਹੈ ਅਤੇ ਸਾਡੀ ਆਤਮਾ ਉਸ ਦੀ ਇਕ ਬੂੰਦ ਹੈ। ਪਰਮਾਤਮਾ ਪ੍ਰੇਮ ਹੈ, ਸਾਡੀ ਆਤਮਾ ਉਸ ਦਾ ਅੰਸ਼ ਹੋਣ ਦੇ ਨਾਤੇ ਪ੍ਰੇਮ ਹੈ, ਇਸ ਵਿਚ ਕੁਦਰਤੀ ਤੌਰ ’ਤੇ ਪ੍ਰਭੂ ਨਾਲ ਮਿਲਣ ਦਾ ਭਾਵ ਹੈ, ਇਸ ਦਾ ਗੁਣ ਹੈ ਆਪਣੇ ਪ੍ਰੀਤਮ ਨਾਲ ਜੁੜਨਾ। ਅਸੀਂ ਪਰਮਾਤਮਾ ਤੋਂ ਦੂਰ ਹੋ ਗਏ ਹਾਂ ਅਤੇ ਮਾਇਆ ਹੱਥ ਧੋ ਕੇ ਸਾਡੇ ਪਿੱਛੇ ਪਈ ਹੋਈ ਹੈ। ਮਾਇਆ ਨਾਂ ਹੈ ਭੁੱਲ ਦਾ।
ਇਹ ਭੁੱਲ ਕਿੱਥੋਂ ਸ਼ੁਰੂ ਹੋਈ? ਇਹ ਦਰਦ ਭਰੀ ਕਹਾਣੀ ਹੈ। ਫ਼ਸਲ ਤਾਂ ਬਾਹਰ ਕੱਟੀ ਪਈ ਹੈ। ਮਹਾਤਮਾ ਦੇਖ ਕੇ ਕਹਿੰਦੇ ਹਨ, ਤੁਸੀਂ ਉਸ ਪ੍ਰਭੂ ਨਾਲੋਂ ਕੱਟੇ ਪਏ ਹੋ ਜਿਸ ਦੇ ਤੁਸੀਂ ਅੰਸ਼ ਹੋ। ਤੁਸੀਂ ਮਾਲਕ ਨੂੰ ਭੁੱਲ ਗਏ ਅਤੇ ਇਹੀ ਸਭ ਖ਼ਰਾਬੀਆਂ ਦੀ ਜੜ੍ਹ ਹੈ। ਪ੍ਰਭੂ ਨੂੰ ਭੁੱਲ ਕੇ ਆਪਣਾ ਜਨਮ ਬਰਬਾਦ ਕਰ ਰਹੇ ਹੋ। ਪ੍ਰਭੂ ਤੋਂ ਬਿਨਾਂ ਸਾਡਾ ਕੋਈ ਨਹੀਂ ਹੈ। ਪਤਨੀ, ਬੱਚੇ, ਇਹ ਸਭ ਪੁਰਾਣੇ ਜਨਮਾਂ ਦੇ ਕਰਮਾਂ ਅਨੁਸਾਰ ਪ੍ਰਭੂ ਨੇ ਸਾਡੇ ਨਾਲ ਜੋੜੇ ਹਨ। ਖ਼ੁਸ਼ੀ ਨਾਲ ਲੈਣਾ-ਦੇਣਾ ਨਿਭਾਓ ਅਤੇ ਆਪਣੇ ਘਰ ਜਾਓ। ਪਰਮਾਤਮਾ ਸਾਡੀ ਆਤਮਾ ਦਾ ਸੰਗੀ ਅਤੇ ਸਾਥੀ ਹੈ।
ਆਤਮਾ ਚੇਤਨ ਸਰੂਪ ਹੈ। ਜਦ ਤੱਕ ਉਹ ਮਹਾਚੇਤਨ ਪ੍ਰਭੂ ਨਾਲ ਨਹੀਂ ਮਿਲੇਗੀ, ਉਸ ਨੂੰ ਕਦੇ ਸੰਤੁਸ਼ਟੀ ਨਹੀਂ ਮਿਲੇਗੀ। ਮਨ ਜਦ ਤੱਕ ਪਰਮਾਤਮਾ ਨਾਲ ਨਹੀਂ ਮਿਲੇਗਾ, ਉਸ ਕਦੇ ਕਾਬੂ ਨਹੀਂ ਕੀਤਾ ਜਾ ਸਕੇਗਾ। ਸਾਡੇ ਅਤੇ ਉਸ ਪ੍ਰਭੂ ਦੀ ਪ੍ਰਾਪਤੀ ਦਰਮਿਆਨ ਕੋਈ ਰੁਕਾਵਟ ਹੈ ਤਾਂ ਉਹ ਮਨ ਹੀ ਹੈ। ਜੇ ਤੁਸੀਂ ਆਪਣੇ ਦਿਲ ਵਿਚ ਪ੍ਰਭੂ ਨੂੰ ਪਾਉਣ ਦਾ ਪੱਕਾ ਇਰਾਦਾ ਰੱਖਦੇ ਹੋ ਤਾਂ ਇਕ ਕਦਮ ਆਪਣੇ ਮਨ ’ਤੇ ਰੱਖੋ ਭਾਵ ਇਸ ਨੂੰ ਖੜ੍ਹਾ ਕਰੋ, ਦੂਜਾ ਕਦਮ ਜੋ ਤੁਸੀਂ ਪੁੱਟੋਗੇ, ਪ੍ਰਭੂ ਦੀ ਗਲੀ ਵਿਚ ਪੁੱਜ ਜਾਵੇਗਾ। ਉਹ ਮਹੀਨਾ, ਉਹੀ ਦਿਨ, ਉਹੀ ਮਹੂਰਤ ਚੰਗਾ ਹੈ ਜਿਸ ਵਿਚ ਅਸੀਂ ਪ੍ਰਭੂ ਨੂੰ ਪਾ ਲਿਆ।
-ਸੰਤ ਰਾਜਿੰਦਰ ਸਿੰਘ