ਜਿਵੇਂ-ਜਿਵੇਂ ਸਾਡਾ ਹੰਕਾਰ ਘਟਦਾ ਜਾਂਦਾ ਹੈ, ਤਿਵੇਂ-ਤਿਵੇਂ ਸਾਨੂੰ ਇਹ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਸਾਰੇ ਇਕ ਹਾਂ। ਜਦੋਂ ਅਸੀਂ ਧਿਆਨ-ਅਭਿਆਸ ਜ਼ਰੀਏ ਆਪਣੀ ਰੂਹਾਨੀ ਯਾਤਰਾ ’ਤੇ ਜਾਂਦੇ ਹਾਂ ਤਾਂ ਸਾਨੂੰ ਇਹ ਅਨੁਭਵ ਹੁੰਦਾ ਹੈ ਕਿ ਸਾਡੇ ਅੰਦਰ ਪਰਮਾਤਮਾ ਦਾ ਉਹੀ ਪ੍ਰਕਾਸ਼ ਹੈ ਜੋ ਹੋਰ ਜੀਵਾਂ ਵਿਚ ਹੈ।

ਗਣਿਤ ਦਾ ਇਕ ਸੂਤਰ ਜਿਸ ਵਿਚ ਸਾਨੂੰ ਮੁਹਾਰਤ ਹਾਸਲ ਕਰਨ ਦੀ ਲੋੜ ਹੈ ਅਤੇ ਜੋ ਸਾਨੂੰ ਸਕੂਲ ਵਿਚ ਗਣਿਤ ਦੀ ਕਲਾਸ ਵਿਚ ਨਹੀਂ ਪੜ੍ਹਾਇਆ ਜਾਂਦਾ। ਸਕੂਲ ਵਿਚ ਅਸੀਂ ਸਿੱਖਦੇ ਹਾਂ ਕਿ ਇਕ ਜਮ੍ਹਾ ਇਕ ਦੋ ਹੁੰਦਾ ਹੈ ਪਰ ਅਧਿਆਤਮ ਵਿਚ ਅਸੀਂ ਸਿੱਖਦੇ ਹਾਂ ਕਿ ਇਕ ਜਮ੍ਹਾ ਇਕ ਬਰਾਬਰ ਇਕ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਸਾਡੀ ਆਤਮਾ ਪਰਮਾਤਮਾ ਨਾਲ ਮਿਲਦੀ ਹੈ ਤਾਂ ਉਹ ਦੋ ਨਹੀਂ, ਇਕ ਬਣ ਜਾਂਦੀ ਹੈ। ਪ੍ਰਭੂ ਨਾਲ ਇਸ ਏਕਤਾ ਦਾ ਅਨੁਭਵ ਕਰਨਾ ਤਦ ਹੀ ਸੰਭਵ ਹੈ ਜਦੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅਸੀਂ ਸਾਰੇ ਇਕ ਹੀ ਹਾਂ।
ਇਸ ਦਿੱਵਿਆ ਅਨੁਭਵ ਨੂੰ ਅਸੀਂ ਸਿਰਫ਼ ਧਿਆਨ-ਅਭਿਆਸ ਜ਼ਰੀਏ ਹੀ ਪ੍ਰਾਪਤ ਕਰ ਸਕਦੇ ਹਾਂ। ਨਹੀਂ ਤਾਂ ਸਾਰੀ ਉਮਰ ਅਸੀਂ ਇਹ ਸੋਚਦੇ ਰਹਿੰਦੇ ਹਾਂ ਕਿ ਅਸੀਂ ਅਤੇ ਪਰਮਾਤਮਾ ਅਲੱਗ ਹਾਂ। ਸਾਡਾ ਇਹ ਹੰਕਾਰ ਸਾਨੂੰ ਪਰਮਾਤਮਾ ਨਾਲ ਮਿਲਣ ਤੋਂ ਰੋਕਦਾ ਹੈ। ਸਾਡਾ ਹੰਕਾਰ ਸਾਨੂੰ ਇਹ ਸੋਚਣ ’ਤੇ ਮਜਬੂਰ ਕਰਦਾ ਹੈ ਕਿ ਅਸੀਂ ਪਰਮਾਤਮਾ ਤੋਂ ਹੀ ਨਹੀਂ, ਬਲਕਿ ਹੋਰਾਂ ਤੋਂ ਵੀ ਅਲੱਗ ਹਾਂ। ਜਦੋਂ ਅਸੀਂ ਹੰਕਾਰ ਛੱਡ ਦਿੰਦੇ ਹਾਂ ਤਦ ਅਸੀਂ ਰੂਹਾਨੀ ਪੱਖੋਂ ਤਰੱਕੀ ਕਰਦੇ ਹਾਂ ਅਤੇ ਓਨਾ ਹੀ ਵੱਧ ਅਸੀਂ ਆਪਣੇ-ਆਪ ਨੂੰ ਪਰਮਾਤਮਾ ਦੇ ਨੇੜੇ ਪਾਉਂਦੇ ਹਾਂ।
ਜਿਵੇਂ-ਜਿਵੇਂ ਸਾਡਾ ਹੰਕਾਰ ਘਟਦਾ ਜਾਂਦਾ ਹੈ, ਤਿਵੇਂ-ਤਿਵੇਂ ਸਾਨੂੰ ਇਹ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਸਾਰੇ ਇਕ ਹਾਂ। ਜਦੋਂ ਅਸੀਂ ਧਿਆਨ-ਅਭਿਆਸ ਜ਼ਰੀਏ ਆਪਣੀ ਰੂਹਾਨੀ ਯਾਤਰਾ ’ਤੇ ਜਾਂਦੇ ਹਾਂ ਤਾਂ ਸਾਨੂੰ ਇਹ ਅਨੁਭਵ ਹੁੰਦਾ ਹੈ ਕਿ ਸਾਡੇ ਅੰਦਰ ਪਰਮਾਤਮਾ ਦਾ ਉਹੀ ਪ੍ਰਕਾਸ਼ ਹੈ ਜੋ ਹੋਰ ਜੀਵਾਂ ਵਿਚ ਹੈ। ਚਾਹੇ ਉਹ ਮਨੁੱਖ ਹੋਣ ਜਾਂ ਪਸ਼ੂ। ਸਾਨੂੰ ਇਹ ਵੀ ਅਨੁਭਵ ਹੋ ਜਾਂਦਾ ਹੈ ਕਿ ਸਾਡੇ ਵਿੱਚੋਂ ਕੋਈ ਵੀ ਕਿਸੇ ਹੋਰ ਜੀਵ ਤੋਂ ਸ੍ਰੇਸ਼ਠ ਨਹੀਂ ਹੈ।
ਅਸੀਂ ਇਕ ਅਜਿਹੀ ਸਥਿਤੀ ਵਿਚ ਪਹੁੰਚ ਜਾਂਦੇ ਹਾਂ ਜਿੱਥੇ ਅਸੀਂ ਇਹ ਮੰਨਦੇ ਹਾਂ ਕਿ ਸਾਰੇ ਮਹੱਤਵਪੂਰਨ ਹਨ। ਚਾਹੇ ਅਸੀਂ ਬਾਹਰੋਂ ਵੱਖੋ-ਵੱਖ ਦਿਖਾਈ ਦਿੰਦੇ ਹਾਂ ਪਰ ਪਰਮਾਤਮਾ ਦੀ ਨਜ਼ਰ ਵਿਚ ਅਸੀਂ ਸਾਰੇ ਇਕਸਮਾਨ ਹਾਂ। ਜਿਵੇਂ ਹੀ ਅਸੀਂ ਆਪਣੇ ਅੰਦਰ ਪਰਮਾਤਮਾ ਦੀ ਜੋਤ ਦਾ ਅਨੁਭਵ ਕਰਦੇ ਹਾਂ, ਅਸੀਂ ਸਾਰਿਆਂ ਨੂੰ ਉਸ ਦੇ ਇਕ ਹੀ ਪਰਿਵਾਰ ਦੇ ਰੂਪ ਵਿਚ ਦੇਖਦੇ ਹਾਂ। ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਨਾ ਕੋਈ ਉੱਚਾ ਹੈ, ਨਾ ਕੋਈ ਨੀਵਾਂ।
ਅਸੀਂ ਮੰਨਦੇ ਹਾਂ ਕਿ ਕੋਈ ਵੀ ਵਿਅਕਤੀ ਜੋ ਚੌਕੀਦਾਰ, ਕਲਰਕ ਜਾਂ ਕੈਸ਼ੀਅਰ ਹੈ, ਉਹ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਕਿਸੇ ਕੰਪਨੀ ਦਾ ਕੋਈ ਮਾਲਕ। ਸਾਨੂੰ ਸਮਝ ਆਉਂਦੀ ਹੈ ਕਿ ਕਿਸੇ ਕੰਪਨੀ ਦਾ ਮਾਲਕ ਕਰਮਚਾਰੀਆਂ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ। ਚਾਹੇ ਉਹ ਵੱਧ ਤਨਖ਼ਾਹ ਲੈਣ ਵਾਲੇ ਹੋਣ ਜਾਂ ਸਭ ਤੋਂ ਘੱਟ ਵੇਤਨ ਲੈਣ ਵਾਲੇ। ਸਾਰੇ ਲੋਕ ਆਪੋ-ਆਪਣੀ ਜਗ੍ਹਾ ਮਹੱਤਵਪੂਰਨ ਹਨ।
ਭਾਵੇਂ ਅਸੀਂ ਬਾਹਰੋਂ ਰੰਗ, ਰੂਪ, ਸਮਾਜ, ਸੱਭਿਆਚਾਰ ਆਦਿ ਦੇ ਪੱਧਰ ’ਤੇ ਵੱਖਰੇ ਦਿਖਾਈ ਦਿੰਦੇ ਹਾਂ ਪਰ ਪਿਤਾ-ਪਰਮੇਸ਼ਵਰ ਦੀ ਸੰਤਾਨ ਹੋਣ ਦੇ ਨਾਤੇ ਅਸੀਂ ਸਾਰੇ ਬਰਾਬਰ ਹਾਂ। ਅਜਿਹਾ ਜੀਵਨ ਜਿਸ ਵਿਚ ਸਾਡੇ ਅੰਦਰ ਸਾਰੇ ਲੋਕਾਂ ਲਈ ਪਿਆਰ ਤੇ ਆਦਰ ਦੀ ਭਾਵਨਾ ਹੋਵੇ, ਪਰਮਾਤਮਾ ਦੀ ਇਕ ਖ਼ਾਸ ਬਖ਼ਸ਼ਿਸ਼ ਹੈ। ਜਦੋਂ ਅਸੀਂ ਆਪਣੇ ਅੰਦਰ ਉਸ ਰੂਹਾਨੀ ਚੇਤਨਾ ਨਾਲ ਜੁੜਦੇ ਹਾਂ, ਤਦ ਸਾਡੇ ਅੰਦਰ ਇਕ ਬਹੁਤ ਵੱਡਾ ਬਦਲਾਅ ਆਉਂਦਾ ਹੈ। ਅਸੀਂ ਦੂਜਿਆਂ ਨਾਲ ਪਿਆਰ ਅਤੇ ਅਦਬ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਡਾ ਹੰਕਾਰ ਘਟ ਜਾਂਦਾ ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਆਤਮਾ ਦੇ ਪੱਧਰ ’ਤੇ ਅਸੀਂ ਸਾਰੇ ਬਰਾਬਰ ਹਾਂ।
-ਸੰਤ ਰਾਜਿੰਦਰ ਸਿੰਘ