ਧੀਰਜ ਬਣਾਈ ਰੱਖਣ ਲਈ ਮਹਾਪੁਰਖਾਂ ਦੇ ਜੀਵਨ ਚਰਿੱਤਰ ਦਾ ਅਧਿਐਨ ਕਰਨਾ ਚਾਹੀਦਾ
ਜਦ ਵਿਅਕਤੀ ਧੀਰਜ ਦੀ ਲਸ਼ਮਣ ਰੇਖਾ ਟੱਪ ਜਾਂਦਾ ਹੈ ਤਾਂ ਰਸ਼ਿਤਿਆਂ ’ਚ ਮਰਿਆਦਾ ਤੇ ਛੋਟੇ-ਵੱਡੇ ਦਾ ਲਿਹਾਜ਼ ਖ਼ਤਮ ਹੋ ਜਾਂਦਾ ਹੈ। ਇਕ-ਦੂਜੇ ਨੂੰ ਬੇਇੱਜ਼ਤ ਕਰਨਾ ਤੇ ਮਾਨਸਿਕ ਰੂਪ ਨਾਲ ਦੁੱਖ ਦੇਣਾ, ਇਨ੍ਹਾਂ ਸਭ ਦੇ ਮੂਲ ’ਚ ਧੀਰਜ ਦਾ ਨਾ ਹੋਣਾ ਹੀ ਹੈ।
Publish Date: Thu, 05 Mar 2026 10:34 PM (IST)
Updated Date: Fri, 06 Mar 2026 07:45 AM (IST)
ਧੀਰਜ ਦਾ ਅਰਥ ਹੈ ਆਪਣੀ ਉਤੇਜਨਾ ’ਤੇ ਕਾਬੂ ਰੱਖਣਾ ਤੇ ਵਿਵੇਕ ਨਾਲ ਕੰਮ ਕਰਨਾ। ਛੋਟੀਆਂ-ਛੋਟੀਆਂ ਗੱਲਾਂ ’ਤੇ ਧੀਰਜ ਗੁਆ ਦੇਣ ਨਾਲ ਅਕਸਰ ਵੱਡੀਆਂ ਤੇ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਧੀਰਜ ਦੀ ਥੁੜ੍ਹ ਨਾ ਸਿਰਫ਼ ਪਰਿਵਾਰਾਂ ਨੂੰ ਤੋੜ ਦਿੰਦੀ ਹੈ, ਬਲਕਿ ਕਈ ਵਾਰ ਘਿਨਾਉਣੀਆਂ ਅਪਰਾਧਕ ਘਟਨਾਵਾਂ ਦਾ ਕਾਰਨ ਵੀ ਬਣ ਜਾਂਦੀ ਹੈ। ਸਗੇ ਭਰਾਵਾਂ ਵਿਚਾਲੇ ਵੀ ਕਿਸੇ ਗੱਲ ਨੂੰ ਲੈ ਕੇ ਜੇ ਗੁੱਸੇ ’ਚ ਆ ਕੇ ਧੀਰਜ ਟੁੱਟ ਜਾਵੇ ਤਾਂ ਉਹ ਇਕ-ਦੂਜੇ ਦੀ ਜਾਨ ਲੈਣ ਤੱਕ ਉਤਾਰੂ ਹੋ ਜਾਂਦੇ ਹਨ। ਧੀਰਜ ਇਕ ਅਜਿਹਾ ਭਾਵ ਹੈ, ਜਿਸ ’ਤੇ ਚੱਲ ਕੇ ਨਾ ਸਿਰਫ਼ ਜੀਵਨ ਸੁਖਦਾਈ ਰਹਿੰਦਾ ਹੈ, ਬਲਕਿ ਅਨੇਕਾਂ ਅਣਸੁਖਾਵੀਆਂ ਘਟਨਾਵਾਂ ਨੂੰ ਵੀ ਟਾਲ਼ਿਆ ਜਾ ਸਕਦਾ ਹੈ।
ਜਦ ਵਿਅਕਤੀ ਧੀਰਜ ਦੀ ਲਸ਼ਮਣ ਰੇਖਾ ਟੱਪ ਜਾਂਦਾ ਹੈ ਤਾਂ ਰਸ਼ਿਤਿਆਂ ’ਚ ਮਰਿਆਦਾ ਤੇ ਛੋਟੇ-ਵੱਡੇ ਦਾ ਲਿਹਾਜ਼ ਖ਼ਤਮ ਹੋ ਜਾਂਦਾ ਹੈ। ਇਕ-ਦੂਜੇ ਨੂੰ ਬੇਇੱਜ਼ਤ ਕਰਨਾ ਤੇ ਮਾਨਸਿਕ ਰੂਪ ਨਾਲ ਦੁੱਖ ਦੇਣਾ, ਇਨ੍ਹਾਂ ਸਭ ਦੇ ਮੂਲ ’ਚ ਧੀਰਜ ਦਾ ਨਾ ਹੋਣਾ ਹੀ ਹੈ। ਧੀਰਜ ਗੁਆ ਦੇਣ ’ਤੇ ਜੀਵਨ ਦੀਆਂ ਛੋਟੀਆਂ-ਛੋਟੀਆਂ ਮੁਸ਼ਕਲਾਂ ਵੀ ਇੰਨੀਆਂ ਵੱਡੀਆਂ ਲੱਗਣ ਲਗ ਜਾਂਦੀਆਂ ਹਨ ਕਿ ਮਨੁੱਖ ਉਨ੍ਹਾਂ ’ਚ ਉਲਝ ਕੇ ਰਹਿ ਜਾਂਦਾ ਹੈ।
ਸੰਸਾਰ ’ਚ ਅਜਿਹੀ ਕੋਈ ਮੁਸ਼ਕਲ ਨਹੀਂ ਹੈ ਜਿਸ ਦਾ ਹੱਲ ਸੰਭਵ ਨਾ ਹੋਵੇ। ਜ਼ਰੂਰਤ ਸਿਰਫ਼ ਇਸ ਗੱਲ ਦੀ ਹੈ ਕਿ ਅਸੀਂ ਬਿਨਾਂ ਘਬਰਾਏ ਧੀਰਜ ਨਾਲ ਉਸ ਮੁਸ਼ਕਲ ’ਤੇ ਚਿੰਤਨ ਕਰੀਏ। ਧੀਰਜ ਵਾਲੇ ਜੀਵਨ ਦੀ ਦਿਸ਼ਾ ’ਚ ਪਹਿਲਾ ਕਦਮ ਇਹ ਹੈ ਕਿ ਜਦ ਵੀ ਮਨ ’ਚ ਉਤੇਜਨਾ ਦਾ ਭਾਵ ਪੈਦਾ ਹੋਵੇ ਤਾਂ ਵਿਅਕਤੀ ਨੂੰ ਏਕਾਂਤ ’ਚ ਬੈਠ ਕੇ ਸ਼ਾਂਤੀ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਜੀਵਨ ’ਚ ਸੁੱਖ ਤੇ ਦੁੱਖ ਦੇ ਸਮੇਂ ਜਿਨ੍ਹਾਂ ਵਿਅਕਤੀਆਂ ਨਾਲ ਸਾਡੇ ਚੰਗੇ ਸਬੰਧ ਹਨ, ਉਤੇਜਨਾ ਦੇ ਸਮੇਂ ਉਨ੍ਹਾਂ ਤੋਂ ਸਲਾਹ ਲੈਣੀ ਚਾਹੀਦੀ ਹੈ ਕਿ ਇਸ ਮਾਨਸਿਕ ਅਸ਼ਾਂਤੀ ਨੂੰ ਕਿਵੇਂ ਦੂਰ ਕੀਤਾ ਜਾਵੇ। ਕਿਸੇ ਵੀ ਮੁਸ਼ਕਲ ਦੇ ਹੱਲ ’ਚ ਥੋੜ੍ਹਾ ਸਮਾਂ ਲੱਗ ਸਕਦਾ ਹੈ, ਧੀਰਜ ਰੱਖਣਾ ਜ਼ਰੂਰੀ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰੇਕ ਹਨੇਰੀ ਰਾਤ ਤੋਂ ਬਾਅਦ ਸੂਰਜ ਜ਼ਰੂਰ ਚੜ੍ਹਦਾ ਹੈ। ਧੀਰਜ ਬਣਾਈ ਰੱਖਣ ਲਈ ਮਹਾਪੁਰਖਾਂ ਦੇ ਜੀਵਨ ਚਰਿੱਤਰ ਦਾ ਅਧਿਐਨ ਕਰਨਾ ਚਾਹੀਦਾ ਹੈ। ਇਸ ਅਧਿਐਨ ਨਾਲ ਸਾਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਹੋਣ ’ਚ ਮਦਦ ਮਿਲਦੀ ਹੈ।
-ਸਲਿਲ ਪਾਂਡੇ