ਕਰਮ ਦੀ ਕਸੌਟੀ
ਭੀਸ਼ਮ ਦਾ ਪਤਨ ਇਸ ਗੱਲ ਦਾ ਪ੍ਰਤੀਕ ਹੈ ਕਿ ਜਦੋਂ ਸ਼ਕਤੀ ਸਿਧਾਂਤ ਤੋਂ ਅਲੱਗ ਹੋ ਜਾਂਦੀ ਹੈ, ਤਾਂ ਉਹ ਹਾਰ ਵਿਚ ਬਦਲ ਜਾਂਦੀ ਹੈ। ਦ੍ਰੋਣਾਚਾਰੀਆ ਵਿੱਦਿਆ, ਗਿਆਨ ਅਤੇ ਗੁਰੂ-ਪਰੰਪਰਾ ਦੇ ਪ੍ਰਤੀਕ ਸਨ ਪਰ ਉਨ੍ਹਾਂ ਦਾ ਗਿਆਨ ਵੀ ਉਨ੍ਹਾਂ ਨੂੰ ਧਰਮ ਦੇ ਰਸਤੇ ’ਤੇ ਨਹੀਂ ਰੱਖ ਸਕਿਆ।
Publish Date: Mon, 09 Feb 2026 10:47 PM (IST)
Updated Date: Tue, 10 Feb 2026 06:45 AM (IST)
ਮਹਾਭਾਰਤ ਤੋਂ ਇਕ ਵੱਡਾ ਸਬਕ ਮਿਲਦਾ ਹੈ ਕਿ ਜਿੱਤ ਸਿਰਫ਼ ਬਾਹੂਬਲ, ਅਸਤਰ-ਸ਼ਸਤਰ ਜਾਂ ਸ਼ਕਤੀ ਨਾਲ ਨਹੀਂ ਮਿਲਦੀ, ਸਗੋਂ ਸਿਧਾਂਤਾਂ, ਧਰਮ ਅਤੇ ਸੱਚਾਈ ਨਾਲ ਮਿਲਦੀ ਹੈ। ਸਹੀ ਅਤੇ ਗ਼ਲਤ ਦੀ ਚੋਣ ਹੀ ਮਨੁੱਖ ਦੀ ਇਤਿਹਾਸ ਵਿਚ ਥਾਂ ਨਿਰਧਾਰਤ ਕਰਦੀ ਹੈ। ਭੀਸ਼ਮ ਪਿਤਾਮਾ ਮਹਾਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਆਦਰਸ਼ ਯੋਧਿਆਂ ਵਿੱਚੋਂ ਇਕ ਸਨ ਪਰ ਇਸ ਦੇ ਬਾਵਜੂਦ ਉਹ ਗ਼ਲਤ ਲੋਕਾਂ ਨਾਲ ਖੜ੍ਹੇ ਰਹੇ। ਉਨ੍ਹਾਂ ਨੇ ਇਹ ਜਾਣਦੇ ਹੋਏ ਵੀ ਕਿ ਕੌਰਵ ਅਧਰਮ ਦੇ ਮਾਰਗ ’ਤੇ ਚੱਲ ਰਹੇ ਹਨ, ਹਸਤਿਨਾਪੁਰ ਦੀ ਸੱਤਾ ਅਤੇ ਆਪਣੀ ਪ੍ਰਤਿੱਗਿਆ ਨੂੰ ਧਰਮ ਤੋਂ ਉੱਪਰ ਰੱਖ ਦਿੱਤਾ।
ਭੀਸ਼ਮ ਦਾ ਪਤਨ ਇਸ ਗੱਲ ਦਾ ਪ੍ਰਤੀਕ ਹੈ ਕਿ ਜਦੋਂ ਸ਼ਕਤੀ ਸਿਧਾਂਤ ਤੋਂ ਅਲੱਗ ਹੋ ਜਾਂਦੀ ਹੈ, ਤਾਂ ਉਹ ਹਾਰ ਵਿਚ ਬਦਲ ਜਾਂਦੀ ਹੈ। ਦ੍ਰੋਣਾਚਾਰੀਆ ਵਿੱਦਿਆ, ਗਿਆਨ ਅਤੇ ਗੁਰੂ-ਪਰੰਪਰਾ ਦੇ ਪ੍ਰਤੀਕ ਸਨ ਪਰ ਉਨ੍ਹਾਂ ਦਾ ਗਿਆਨ ਵੀ ਉਨ੍ਹਾਂ ਨੂੰ ਧਰਮ ਦੇ ਰਸਤੇ ’ਤੇ ਨਹੀਂ ਰੱਖ ਸਕਿਆ। ਪੁੱਤਰ ਮੋਹ ਅਤੇ ਪੱਖਪਾਤ ਨੇ ਉਨ੍ਹਾਂ ਦੇ ਵਿਵੇਕ ਨੂੰ ਢੱਕ ਲਿਆ। ਉਨ੍ਹਾਂ ਨੇ ਇਹ ਜਾਣਦੇ ਹੋਏ ਵੀ ਕਿ ਦੁਰਯੋਧਨ ਬੇਇਨਸਾਫ਼ੀ ਕਰ ਰਿਹਾ ਹੈ, ਉਸ ਦੇ ਪੱਖ ਵਿਚ ਯੁੱਧ ਕੀਤਾ।
ਦ੍ਰੋਣਾਚਾਰੀਆ ਦਾ ਅੰਤ ਇਹ ਦਰਸਾਉਂਦਾ ਹੈ ਕਿ ਵਿਦਵਤਾ ਤਦ ਤੱਕ ਅਧੂਰੀ ਹੈ ਜਦ ਤੱਕ ਉਹ ਨਿਰਪੱਖਤਾ ਅਤੇ ਸੱਚਾਈ ਨਾਲ ਜੁੜੀ ਨਾ ਹੋਵੇ। ਕਰਨ ਕੋਲ ਵੀ ਹਰ ਉਹ ਮੌਕਾ ਸੀ ਕਿ ਉਹ ਸੱਚ ਦਾ ਸਾਥ ਚੁਣੇ ਪਰ ਉਸ ਨੇ ਮਿੱਤਰਤਾ ਅਤੇ ਵਫ਼ਾਦਾਰੀ ਦੇ ਨਾਂ ’ਤੇ ਅਧਰਮ ਦਾ ਸਾਥ ਦਿੱਤਾ। ਉਸ ਨੇ ਸੱਚ ਨੂੰ ਪਛਾਣਨ ਦੇ ਬਾਵਜੂਦ ਗ਼ਲਤ ਦਾ ਸਾਥ ਨਹੀਂ ਛੱਡਿਆ। ਮਹਾਭਾਰਤ ਦਾ ਸੁਨੇਹਾ ਇਹ ਹੈ ਕਿ ਗ਼ਲਤ ਦੇ ਨਾਲ ਖੜ੍ਹੇ ਰਹਿਣ ਨਾਲ ਕੋਈ ਵੀ ਵਿਅਕਤੀ ਸਹੀ ਨਹੀਂ ਬਣ ਸਕਦਾ।
ਚਾਹੇ ਉਹ ਕਿੰਨਾ ਹੀ ਸ਼ਕਤੀਸ਼ਾਲੀ, ਗਿਆਨੀ ਜਾਂ ਸੂਰਵੀਰ ਕਿਉਂ ਨਾ ਹੋਵੇ। ਇਤਿਹਾਸ ਕਰਮਾਂ ਨੂੰ ਦੇਖਦਾ ਹੈ। ਜੋ ਵਿਅਕਤੀ ਅਧਰਮ ਦੇ ਪੱਖ ’ਚ ਖੜ੍ਹਾ ਹੁੰਦਾ ਹੈ, ਉਸ ਦਾ ਨਾਂ ਇਤਿਹਾਸ ਵਿਚ ਹਾਰੇ ਹੋਇਆਂ ਦੀ ਸੂਚੀ ਵਿਚ ਦਰਜ ਹੁੰਦਾ ਹੈ। ਇਸ ਲਈ ਜੀਵਨ ਵਿਚ ਨਿਰਪੱਖ ਨਾ ਰਹਿਣਾ ਵੀ ਕਈ ਵਾਰ ਅਧਰਮ ਦਾ ਸਮਰਥਨ ਬਣ ਜਾਂਦਾ ਹੈ।
ਸਹੀ ਦੇ ਨਾਲ ਖੜ੍ਹੇ ਹੋਣ ਲਈ ਹੌਸਲਾ ਤੇ ਤਿਆਗ ਚਾਹੀਦਾ ਹੈ ਅਤੇ ਕਈ ਵਾਰ ਆਪਣੇ ਹੀ ਲੋਕਾਂ ਖ਼ਿਲਾਫ਼ ਜਾਣ ਦਾ ਸੰਕਲਪ ਵੀ ਚਾਹੀਦਾ ਹੈ। ਅੰਤ ਵਿਚ ਜਿੱਤ ਉਸੇ ਦੀ ਹੁੰਦੀ ਹੈ ਜੋ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਦਾ।
ਸਮਰਾਜ ਚੌਹਾਨ