ਸਮੇਂ ਦੀ ਸ਼ਕਤੀ
ਹਾਲਾਂਕਿ ਜਦੋਂ ਇਹ ਤਿੰਨੋਂ ਪ੍ਰਾਪਤ ਹੋ ਜਾਂਦੇ ਹਨ ਤਾਂ ਅਸਲ ਪ੍ਰੀਖਿਆ ਤਦ ਹੀ ਸ਼ੁਰੂ ਹੁੰਦੀ ਹੈ। ਇਸ ਪ੍ਰੀਖਿਆ ਵਿਚ ਪਾਸ ਹੋਣ ਦੀ ਕੁੰਜੀ ਹਸਪਤਾਲ, ਜੇਲ੍ਹ ਅਤੇ ਸ਼ਮਸ਼ਾਨਘਾਟ ਵਿਚ ਮਿਲਦੀ ਹੈ। ਹਸਪਤਾਲ ਵਿਚ ਸਾਨੂੰ ਇਹ ਸਮਝ ਆਉਂਦੀ ਹੈ ਕਿ ਜਿਸ ਪੈਸੇ ਨੂੰ ਕਮਾਉਣ ਦੇ ਚੱਕਰ ਵਿਚ ਅਸੀਂ ਸਿਹਤ ਦੀ ਅਣਦੇਖੀ ਕੀਤੀ, ਉਸ ਸਿਹਤ ਤੋਂ ਵਧ ਕੇ ਪੈਸਾ ਕੁਝ ਵੀ ਨਹੀਂ ਹੈ।
Publish Date: Thu, 29 Jan 2026 11:17 PM (IST)
Updated Date: Thu, 29 Jan 2026 11:18 PM (IST)
ਧਨ, ਸਮਾਂ ਅਤੇ ਸਫਲਤਾ ਆਪਸ ’ਚ ਡੂੰਘਾਈ ਨਾਲ ਜੁੜੇ ਹੋਏ ਹਨ। ਪੈਸਾ ਕਹਿੰਦਾ ਹੈ ਕਿ ਜੇ ਮੈਂ ਮਿਲ ਗਿਆ ਤਾਂ ਸਭ ਕੁਝ ਮਿਲ ਗਿਆ। ਵਕਤ ਕਹਿੰਦਾ ਹੈ ਕਿ ਜੇ ਮੈਂ ਠੀਕ ਹਾਂ ਤਾਂ ਸਭ ਕੁਝ ਠੀਕ ਹੈ। ਸਫਲਤਾ ਕਹਿੰਦੀ ਹੈ ਕਿ ਜੇ ਮੈਂ ਮਿਲ ਗਈ ਤਾਂ ਫਿਰ ਕਿਸੇ ਹੋਰ ਦੀ ਲੋੜ ਹੀ ਕੀ ਹੈ।
ਹਾਲਾਂਕਿ ਜਦੋਂ ਇਹ ਤਿੰਨੋਂ ਪ੍ਰਾਪਤ ਹੋ ਜਾਂਦੇ ਹਨ ਤਾਂ ਅਸਲ ਪ੍ਰੀਖਿਆ ਤਦ ਹੀ ਸ਼ੁਰੂ ਹੁੰਦੀ ਹੈ। ਇਸ ਪ੍ਰੀਖਿਆ ਵਿਚ ਪਾਸ ਹੋਣ ਦੀ ਕੁੰਜੀ ਹਸਪਤਾਲ, ਜੇਲ੍ਹ ਅਤੇ ਸ਼ਮਸ਼ਾਨਘਾਟ ਵਿਚ ਮਿਲਦੀ ਹੈ। ਹਸਪਤਾਲ ਵਿਚ ਸਾਨੂੰ ਇਹ ਸਮਝ ਆਉਂਦੀ ਹੈ ਕਿ ਜਿਸ ਪੈਸੇ ਨੂੰ ਕਮਾਉਣ ਦੇ ਚੱਕਰ ਵਿਚ ਅਸੀਂ ਸਿਹਤ ਦੀ ਅਣਦੇਖੀ ਕੀਤੀ, ਉਸ ਸਿਹਤ ਤੋਂ ਵਧ ਕੇ ਪੈਸਾ ਕੁਝ ਵੀ ਨਹੀਂ ਹੈ।
ਜੇਲ੍ਹ ਵਿਚ ਆਪਣੀ ਅਨਮੋਲ ਆਜ਼ਾਦੀ ਦੀ ਕੀਮਤ ’ਤੇ ਉਹ ਲੋਕ ਦਿਖਾਈ ਦਿੰਦੇ ਹਨ ਜਿਨ੍ਹਾਂ ਨੇ ਅਮਾਨਵੀ ਅਤੇ ਅਨੈਤਿਕ ਮਾਰਗ ਅਪਣਾ ਕੇ ਪੈਸਾ ਜਾਂ ਕਥਿਤ ਸਫਲਤਾ ਪ੍ਰਾਪਤ ਕੀਤੀ ਹੈ। ਸ਼ਮਸ਼ਾਨ-ਭੂਮੀ ਵਿਚ ਇਹ ਅਹਿਸਾਸ ਹੁੰਦਾ ਹੈ ਕਿ ਜੋ ਸਮਾਂ ਸਾਡੇ ਕੋਲ ਹੈ, ਉਹ ਕਿੰਨਾ ਅਨਮੋਲ ਹੈ।
ਇਸ ਲਈ ਘੜੀ ਅਨੁਸਾਰ ਜੀਵਨ ਜਿਉਣਾ ਅਕਸਰ ਸਫਲਤਾ ਦੀ ਕੁੰਜੀ ਮੰਨਿਆ ਜਾਂਦਾ ਹੈ।
ਸਾਨੂੰ ਸਮਝਣਾ ਹੋਵੇਗਾ ਕਿ ਧਨ ਇਕ ਸਾਧਨ ਹੈ ਪਰ ਸਮਾਂ ਇਸ ਤੋਂ ਵੀ ਵੱਡਾ ਹੈ ਅਤੇ ਇਸ ਦਾ ਸਹੀ ਪ੍ਰਬੰਧਨ ਹੀ ਜੀਵਨ ਵਿਚ ਸਫਲਤਾ ਦੀ ਕੁੰਜੀ ਹੈ। ਸਮੇਂ ਦੇ ਸਦਉਪਯੋਗ ਨਾਲ ਹੀ ਧਨ ਕਮਾਉਣਾ ਸੰਭਵ ਹੈ ਪਰ ਗੁਆਇਆ ਸਮਾਂ ਮੁੜ ਨਹੀਂ ਮਿਲ ਸਕਦਾ। ਇਸ ਲਈ ਹਰ ਪਲ ਦੀ ਮਹੱਤਤਾ ਨੂੰ ਸਮਝ ਕੇ ਟੀਚਾ-ਨਿਰਧਾਰਨ, ਮਿਹਨਤ ਅਤੇ ਅਨੁਸ਼ਾਸਨ ਦੇ ਨਾਲ ਅੱਗੇ ਵਧਣਾ ਹੀ ਸਫਲਤਾ, ਖ਼ੁਸ਼ਹਾਲੀ ਅਤੇ ਸਾਰਥਕਤਾ ਨੂੰ ਯਕੀਨੀ ਬਣਾਉਂਦਾ ਹੈ।
ਸਮਾਂ ਹੀ ਉਹ ਸਰੋਤ ਹੈ ਜੋ ਧਨ ਕਮਾਉਣ, ਤਜਰਬਾ ਹਾਸਲ ਕਰਨ ਅਤੇ ਜੀਵਨ ਵਿਚ ਸੰਤੁਸ਼ਟੀ ਪ੍ਰਾਪਤ ਕਰਨ ਦਾ ਮੌਕਾ ਦਿੰਦਾ ਹੈ। ਇਸ ਲਈ, ਸਮੇਂ ਦੀ ਕਦਰ ਕਰ ਕੇ ਉਸ ਦਾ ਬੁੱਧੀਮਾਨੀ ਨਾਲ ਇਸਤੇਮਾਲ ਕਰੋ। ਸਫਲ ਹੋਣ ਲਈ ਇਹ ਨਹੀਂ ਦੇਖਣਾ ਕਿ ਅਸੀਂ ਕਿੰਨੇ ਵਿਅਸਤ ਹਾਂ, ਬਲਕਿ ਇਹ ਸਮਝਣਾ ਹੈ ਕਿ ਅਸੀਂ ਕਿਸ ਕੰਮ ਵਿਚ ਰੁੱਝੇ ਹੋਏ ਹਾਂ।
ਇਸ ਲੜੀ ਵਿਚ ਆਪਣੇ ਉਨ੍ਹਾਂ 20 ਪ੍ਰਤੀਸ਼ਤ ਕੰਮਾਂ ’ਤੇ ਧਿਆਨ ਦਿਉ ਜੋ ਸਾਨੂੰ 80 ਪ੍ਰਤੀਸ਼ਤ ਨਤੀਜੇ ਦੇਣ ਵਿਚ ਸਮਰੱਥ ਹਨ। ਸਮੇਂ ਦੀ ਸ਼ਕਤੀ ਨੂੰ ਪਛਾਣ ਕੇ ਅਤੇ ਉਸ ਦਾ ਬੁੱਧੀਮਾਨੀ ਨਾਲ ਪ੍ਰਬੰਧਨ ਕਰ ਕੇ ਹੀ ਅਸੀਂ ਖ਼ੁਸ਼ਹਾਲ ਅਤੇ ਸਾਰਥਕ ਜੀਵਨ ਗੁਜ਼ਾਰ ਸਕਦੇ ਹਾਂ।
-ਡਾ. ਨਿਰਮਲ ਜੈਨ