ਵਿਚਾਰਾਂ ਦੀ ਸ਼ਕਤੀ
ਦਰਅਸਲ, ਵਿਚਾਰ ਸੋਚ ਹੀ ਨਹੀਂ, ਬਲਕਿ ਚੇਤਨਾ ਦੀ ਉਹ ਅਵਸਥਾ ਹੈ ਜਿਸ ਨਾਲ ਸੱਭਿਅਤਾਵਾਂ ਦੀ ਸਿਰਜਣਾ ਹੁੰਦੀ ਹੈ। ਵਿਚਾਰ ਵਿਚ ਸ੍ਰਿਜਣ ਦੀ ਅਨੰਤ ਸ਼ਕਤੀ ਸ਼ਾਮਲ ਹੁੰਦੀ ਹੈ। ਵਿਚਾਰ ਇਕ ਅਜਿਹੀ ਸ਼ਕਤੀ ਹੈ ਜੋ ਮਨੁੱਖ ਨੂੰ ਜਾਨਵਰ ਬਿਰਤੀ ਤੋਂ ਹਟਾ ਕੇ ਦੇਵਤਿਆਂ ਵਰਗੀ ਬਿਰਤੀ ਵੱਲ ਲੈ ਕੇ ਜਾਂਦੀ ਹੈ।
Publish Date: Wed, 14 Jan 2026 11:12 PM (IST)
Updated Date: Thu, 15 Jan 2026 07:39 AM (IST)
ਵਿਚਾਰ ਸਾਡੀ ਸ਼ਖ਼ਸੀਅਤ ਨੂੰ ਆਕਾਰ ਦੇਣ ਵਿਚ ਬੁਨਿਆਦੀ ਭੂਮਿਕਾ ਨਿਭਾਉਂਦੇ ਹਨ। ਵਿਚਾਰਾਂ ਵਿਚ ਮਹਾਨ ਸ਼ਕਤੀ ਹੁੰਦੀ ਹੈ। ਜੇ ਅਸੀਂ ਦਿਨ ਦੀ ਸ਼ੁਰੂਆਤ ਹੀ ਚੰਗੇ ਵਿਚਾਰਾਂ ਨਾਲ ਕਰਦੇ ਹਾਂ ਤਾਂ ਮਨ ਦਿਨ ਭਰ ਸਕਾਰਾਤਮਕ ਰਹਿ ਸਕਦਾ ਹੈ। ਸੌਣ ਤੋਂ ਠੀਕ ਪਹਿਲਾਂ ਅਤੇ ਉੱਠਣ ਦੇ ਸਮੇਂ ਜੋ ਵਿਚਾਰ ਸਾਡੇ ਮਨ ਵਿਚ ਹੁੰਦੇ ਹਨ, ਉਹ ਅਕਸਰ ਸਾਡੇ ਦਿਨ ਦੀ ਕਾਰਜ ਯੋਜਨਾ ਬਣਾਉਂਦੇ ਹਨ ਅਤੇ ਜੀਵਨ ਪ੍ਰਤੀ ਸਾਡਾ ਜਿਹੋ ਜਿਹਾ ਵਿਚਾਰ ਜਾਂ ਨਜ਼ਰੀਆ ਹੁੰਦਾ ਹੈ, ਅਸੀਂ ਉਸੇ ਤਰ੍ਹਾਂ ਦੇ ਬਣਦੇ ਜਾਂਦੇ ਹਾਂ।
ਜਿਵੇਂ ਸੂਰਜ ਨਾ ਸਿਰਫ਼ ਰੋਸ਼ਨੀ ਦਿੰਦਾ ਹੈ ਬਲਕਿ ਦਿਨ ਦੀ ਸ਼ੁਰੂਆਤ ਦਾ ਵੀ ਸੰਕੇਤਕ ਹੁੰਦਾ ਹੈ, ਉਸੇ ਤਰ੍ਹਾਂ ਵਿਚਾਰ ਨਾ ਸਿਰਫ਼ ਰਾਹ ਦਿਖਾਉਂਦੇ ਹਨ, ਬਲਕਿ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਵੀ ਖੋਲ੍ਹਦੇ ਹਨ। ਜਦੋਂ ਸੁਕਰਾਤ ਨੇ ਕਿਹਾ ਕਿ ‘ਆਪਣੀ ਅਗਿਆਨਤਾ ਨੂੰ ਜਾਣਨਾ ਹੀ ਗਿਆਨ ਦੀ ਸ਼ੁਰੂਆਤ ਹੈ’ ਤਦ ਵਿਚਾਰ ਨੇ ਆਤਮਬੋਧ ਦੀ ਇਕ ਦੁਨੀਆ ਖੋਜੀ। ਇਸ ਨੇ ਅੱਗੇ ਚੱਲ ਕੇ ਪਲੈਟੋ ਅਤੇ ਅਰਸਤੂ ਦੀ ਸੋਚ ਨੂੰ ਜਨਮ ਦਿੱਤਾ।
ਉਨ੍ਹਾਂ ਦੇ ਚਿੰਤਨ ਨੇ ਯੂਰਪ ਦੀ ਬੌਧਿਕ ਆਤਮਾ ਨੂੰ ਆਕਾਰ ਦਿੱਤਾ। ਜਦੋਂ ਮਹਾਤਮਾ ਬੁੱਧ ਨੇ ਬੋਧੀ ਵ੍ਰਿਕਸ਼ ਦੇ ਹੇਠਾਂ ਅੱਖਾਂ ਖੋਲ੍ਹੀਆਂ ਤਾਂ ਇਹ ਸਿਰਫ਼ ਆਤਮ-ਗਿਆਨ ਦਾ ਪਲ ਨਹੀਂ ਸੀ, ਬਲਕਿ ਮਨੁੱਖੀ ਪੀੜਾ ਦੇ ਰਹੱਸ ਦੀ ਭਾਲ ਸੀ। ਉਨ੍ਹਾਂ ਦੇ ਵਿਚਾਰ ਨੇ ਇਕ ਅਜਿਹੀ ਦੁਨੀਆ ਬਣਾਈ ਜਿੱਥੇ ਕਰੁਣਾ, ਸੰਜਮ ਅਤੇ ਆਤਮ-ਨਿਯਮ ਮਨੁੱਖਤਾ ਦਾ ਆਧਾਰ ਬਣੇ।
ਦਰਅਸਲ, ਵਿਚਾਰ ਸੋਚ ਹੀ ਨਹੀਂ, ਬਲਕਿ ਚੇਤਨਾ ਦੀ ਉਹ ਅਵਸਥਾ ਹੈ ਜਿਸ ਨਾਲ ਸੱਭਿਅਤਾਵਾਂ ਦੀ ਸਿਰਜਣਾ ਹੁੰਦੀ ਹੈ। ਵਿਚਾਰ ਵਿਚ ਸ੍ਰਿਜਣ ਦੀ ਅਨੰਤ ਸ਼ਕਤੀ ਸ਼ਾਮਲ ਹੁੰਦੀ ਹੈ। ਵਿਚਾਰ ਇਕ ਅਜਿਹੀ ਸ਼ਕਤੀ ਹੈ ਜੋ ਮਨੁੱਖ ਨੂੰ ਜਾਨਵਰ ਬਿਰਤੀ ਤੋਂ ਹਟਾ ਕੇ ਦੇਵਤਿਆਂ ਵਰਗੀ ਬਿਰਤੀ ਵੱਲ ਲੈ ਕੇ ਜਾਂਦੀ ਹੈ।
ਉਸ ਨੇ ਅੱਗ ਦੀ ਖੋਜ ਤੋਂ ਲੈ ਕੇ ਇੰਟਰਨੈੱਟ ਦੀ ਸਿਰਜਣਾ ਤੱਕ ਦਾ ਸਫ਼ਰ ਤਹਿ ਕੀਤਾ ਹੈ। ਹਰ ਯੁੱਗ ਵਿਚ ਵਿਚਾਰ ਨੇ ਕਿਸੇ ਨਵੀਂ ਦੁਨੀਆ ਨੂੰ ਜਨਮ ਦਿੱਤਾ ਹੈ। ਕਦੇ ਧਰਮ ਦੇ ਰੂਪ ਵਿਚ, ਕਦੇ ਵਿਗਿਆਨ ਪੱਖੋਂ ਤੇ ਕਦੇ ਕਲਾ ਦੇ ਰੂਪ ਵਿਚ। ਇਹ ਵਿਚਾਰ ਹੀ ਹੈ ਜੋ ਹਨੇਰੇ ਵਿਚ ਦੀਵੇ ਦੀ ਤਰ੍ਹਾਂ ਬਲਦਾ ਹੈ ਅਤੇ ਜਦੋਂ ਇਕ ਦੀਵਾ ਬਲਦਾ ਹੈ ਤਾਂ ਲੱਖਾਂ ਦੀਵੇ ਹੋਰ ਜਗਮਗਾਉਣ ਲੱਗਦੇ ਹਨ। ਵਿਚਾਰ ਮਨੁੱਖ ਵਿਚ ਸੱਚ ਦੀ ਭੁੱਖ ਜਗਾਉਂਦਾ ਹੈ। ਵਿਚਾਰ ਮਨੁੱਖ ਨੂੰ ਅੱਗੇ ਵੀ ਵਧਾਉਂਦਾ ਹੈ ਕਿਉਂਕਿ ਇਸ ਵਿਚ ਸਿਰਜਣਾ ਦੀ ਪਿਆਸ ਹੈ।
-ਕੈਲਾਸ਼ ਮਾਂਜੂ ਬਿਸ਼ਨੋਈ