ਸੰਕਲਪ ਦੀ ਸ਼ਕਤੀ
ਸੰਕਲਪ ਮਨੁੱਖ ਦੀ ਉਹ ਅੰਦਰੂਨੀ ਲਾਟ ਹੈ ਜੋ ਸਾਧਾਰਨ ਜੀਵਨ ਨੂੰ ਅਸਾਧਾਰਨ ਪ੍ਰਾਪਤੀਆਂ ਤੱਕ ਪਹੁੰਚਾ ਦਿੰਦੀ ਹੈ। ਵਿਚਾਰ ਜਦੋਂ ਦ੍ਰਿੜ ਨਿਸ਼ਚੇ ਵਿਚ ਬਦਲ ਜਾਂਦਾ ਹੈ ਤਦ ਉਹ ਸੰਕਲਪ ਬਣਦਾ ਹੈ ਅਤੇ ਸੰਕਲਪ ਹੀ ਉਹ ਸ਼ਕਤੀ ਹੈ ਜੋ ਅਸੰਭਵ ਨੂੰ ਸੰਭਵ ਬਣਾਉਣ ਦਾ ਹੌਸਲਾ ਦਿੰਦੀ ਹੈ। ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਟੀਚੇ ਨੂੰ ਸਿਰਫ਼ ਇੱਛਾ ਨਹੀਂ, ਬਲਕਿ ਸੰਕਲਪ ਬਣਾਇਆ, ਉਨ੍ਹਾਂ ਨੇ ਯੁੱਗ ਬਦਲ ਦਿੱਤੇ।
Publish Date: Fri, 20 Feb 2026 10:10 PM (IST)
Updated Date: Sat, 21 Feb 2026 07:40 AM (IST)
ਸੰਕਲਪ ਮਨੁੱਖ ਦੀ ਉਹ ਅੰਦਰੂਨੀ ਲਾਟ ਹੈ ਜੋ ਸਾਧਾਰਨ ਜੀਵਨ ਨੂੰ ਅਸਾਧਾਰਨ ਪ੍ਰਾਪਤੀਆਂ ਤੱਕ ਪਹੁੰਚਾ ਦਿੰਦੀ ਹੈ। ਵਿਚਾਰ ਜਦੋਂ ਦ੍ਰਿੜ ਨਿਸ਼ਚੇ ਵਿਚ ਬਦਲ ਜਾਂਦਾ ਹੈ ਤਦ ਉਹ ਸੰਕਲਪ ਬਣਦਾ ਹੈ ਅਤੇ ਸੰਕਲਪ ਹੀ ਉਹ ਸ਼ਕਤੀ ਹੈ ਜੋ ਅਸੰਭਵ ਨੂੰ ਸੰਭਵ ਬਣਾਉਣ ਦਾ ਹੌਸਲਾ ਦਿੰਦੀ ਹੈ। ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਟੀਚੇ ਨੂੰ ਸਿਰਫ਼ ਇੱਛਾ ਨਹੀਂ, ਬਲਕਿ ਸੰਕਲਪ ਬਣਾਇਆ, ਉਨ੍ਹਾਂ ਨੇ ਯੁੱਗ ਬਦਲ ਦਿੱਤੇ।
ਮਹਾਤਮਾ ਗਾਂਧੀ ਦਾ ਸੰਕਲਪ ਸਿਰਫ਼ ਰਾਜਨੀਤਕ ਆਜ਼ਾਦੀ ਤੱਕ ਸੀਮਤ ਨਹੀਂ ਸੀ, ਬਲਕਿ ਸੱਚ ਅਤੇ ਅਹਿੰਸਾ ਦੇ ਆਧਾਰ ’ਤੇ ਸਮਾਜ ਨੂੰ ਬਦਲਣ ਦਾ ਸੀ। ਕਈ ਅਸਫਲਤਾਵਾਂ, ਜੇਲ੍ਹ ਯਾਤਰਾਵਾਂ ਅਤੇ ਆਲੋਚਨਾਵਾਂ ਦੇ ਬਾਵਜੂਦ ਉਨ੍ਹਾਂ ਦਾ ਨਿਸ਼ਚਾ ਡਿੱਗਿਆ ਨਹੀਂ। ਨਤੀਜੇ ਵਜੋਂ, ਉਨ੍ਹਾਂ ਦਾ ਨਿੱਜੀ ਸੰਕਲਪ ਜਨ-ਜਨ ਦਾ ਵਿਸ਼ਵਾਸ ਬਣ ਗਿਆ। ਇਸੇ ਤਰ੍ਹਾਂ, ਸਵਾਮੀ ਵਿਵੇਕਾਨੰਦ ਨੇ ਗ਼ਰੀਬੀ, ਸੰਘਰਸ਼ ਅਤੇ ਅਨਿਸ਼ਚਿਤਤਾਵਾਂ ਦੇ ਵਿਚਕਾਰ ਇਹ ਸੰਕਲਪ ਲਿਆ ਕਿ ਉਹ ਭਾਰਤ ਦੀ ਅਧਿਆਤਮਕ ਚੇਤਨਾ ਨੂੰ ਵਿਸ਼ਵ ਪਟਲ ’ਤੇ ਮਸ਼ਹੂਰ ਕਰਨਗੇ। ਸ਼ਿਕਾਗੋ ਧਰਮ ਸੰਸਦ ਵਿਚ ਉਨ੍ਹਾਂ ਦਾ ਉਜਵਲ ਸੰਬੋਧਨ ਸਿਰਫ਼ ਸ਼ਬਦਾਂ ਦਾ ਚਮਤਕਾਰ ਨਹੀਂ ਸੀ, ਬਲਕਿ ਉਨ੍ਹਾਂ ਦੇ ਅਟੁੱਟ ਸੰਕਲਪ ਦਾ ਪ੍ਰਤੀਕ ਸੀ। ਆਧੁਨਿਕ ਭਾਰਤ ਵਿਚ ਡਾ. ਏਪੀਜੇ ਅਬਦੁਲ ਕਲਾਮ ਦਾ ਜੀਵਨ ਵੀ ਸੰਕਲਪ ਦੀ ਸ਼ਕਤੀ ਦੀ ਪ੍ਰੇਰਕ ਉਦਾਹਰਨ ਹੈ। ਇਕ ਆਮ ਪਰਿਵਾਰ ਤੋਂ ਨਿਕਲ ਕੇ ਉਨ੍ਹਾਂ ਨੇ ਇਹ ਨਿਸ਼ਚਾ ਕੀਤਾ ਕਿ ਉਹ ਦੇਸ਼ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਆਤਮ-ਨਿਰਭਰ ਬਣਾਉਣ ਵਿਚ ਆਪਣਾ ਯੋਗਦਾਨ ਦੇਣਗੇ। ਉਨ੍ਹਾਂ ਦਾ ਜੀਵਨ ਸਿਖਾਉਂਦਾ ਹੈ ਕਿ ਸਰੋਤਾਂ ਦੀ ਘਾਟ ਨਹੀਂ, ਬਲਕਿ ਸੰਕਲਪ ਦੀ ਕਮੀ ਮਨੁੱਖ ਨੂੰ ਰੋਕਦੀ ਹੈ।
ਦਰਅਸਲ, ਸੰਕਲਪ ਉਹ ਦੀਵਾ ਹੈ ਜੋ ਟੀਚੇ ਦੇ ਮਾਰਗ ਨੂੰ ਚਾਨਣ ਕਰਦਾ ਹੈ। ਪ੍ਰਤਿਭਾ ਮਾਰਗ ਦਿਖਾ ਸਕਦੀ ਹੈ ਪਰ ਉਸ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੀ ਸ਼ਕਤੀ ਸੰਕਲਪ ਹੀ ਦਿੰਦਾ ਹੈ। ਜਿਸ ਵਿਅਕਤੀ ਦੇ ਅੰਦਰ ਪੱਕਾ ਨਿਸ਼ਚਾ ਜਾਗ ਉੱਠਦਾ ਹੈ, ਉਸ ਲਈ ਹਾਲਾਤ ਰੁਕਾਵਟ ਨਹੀਂ, ਬਲਕਿ ਸਾਧਨ ਬਣ ਜਾਂਦੇ ਹਨ। ਇਸ ਲਈ ਜੀਵਨ ਵਿਚ ਸਫਲਤਾ ਦਾ ਪਹਿਲਾ ਸੂਤਰ ਇਹੀ ਹੈ-ਸੁਪਨਾ ਦੇਖੋ, ਉਸ ਨੂੰ ਸੰਕਲਪ ਵਿਚ ਬਦਲੋ ਅਤੇ ਫਿਰ ਬੜੀ ਸ਼ਿੱਦਤ ਨਾਲ ਉਸ ਨੂੰ ਜੀਓ।
-ਪ੍ਰੋ. ਆਨੰਦ ਪ੍ਰਕਾਸ਼ ਤ੍ਰਿਪਾਠੀ ‘ਰਤਨੇਸ਼’।