ਭਗਤੀ ਦੀ ਸ਼ਕਤੀ
ਭਗਵਾਨ ਦੀਨਬੰਧੂ ਅਤੇ ਅਨਾਥਾਂ ਦੇ ਨਾਥ ਹਨ। ਇਸ ਲਈ ਜਦੋਂ ਉਹ ਪ੍ਰਗਟ ਹੁੰਦੇ ਹਨ ਤਾਂ ਭਗਤ ਦੀਨ-ਦੁਖੀਆਂ ਦੀ ਸੇਵਾ ਵਿਚ ਲੱਗ ਜਾਂਦਾ ਹੈ। ਉਹ ਸਮਾਜ ਵਿਚ ਸਹਾਰਾ ਬਣ ਕੇ ਜਿਉਂਦਾ ਹੈ ਅਤੇ ਮੁਸ਼ਕਲ ਹਾਲਾਤ ਵਿਚ ਵੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਹੌਸਲਾ ਬਣਾਈ ਰੱਖਦਾ ਹੈ।
Publish Date: Mon, 23 Mar 2026 10:44 PM (IST)
Updated Date: Tue, 24 Mar 2026 06:45 AM (IST)
ਭਗਵਾਨ ਆਨੰਦ ਦੇ ਸਮੁੰਦਰ ਅਤੇ ਖ਼ੁਸ਼ੀ ਦੀ ਰਾਸ਼ੀ ਹਨ। ਇਸ ਲਈ ਜੋ ਭਗਤ ਉਨ੍ਹਾਂ ਦਾ ਨਾਮ-ਸਿਮਰਨ ਅਤੇ ਧਿਆਨ ਕਰਦਾ ਹੈ, ਉਸ ਦੇ ਹਿਰਦੇ ਅਤੇ ਆਤਮਾ ਵਿਚ ਪ੍ਰਭੂ ਆਨੰਦ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਇਹੀ ਕਾਰਨ ਹੈ ਕਿ ਸੱਚਾ ਭਗਤ ਸਦਾ ਆਨੰਦਿਤ ਅਤੇ ਪ੍ਰਫੁੱਲਿਤ ਰਹਿੰਦਾ ਹੈ।
ਭਗਵਾਨ ਕਰੁਣਾ ਦੇ ਸਾਗਰ ਹਨ, ਇਸ ਲਈ ਉਹ ਭਗਤ ਦੇ ਹਿਰਦੇ ਵਿਚ ਕਰੁਣਾ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਉਹ ਪ੍ਰੇਮ ਦੇ ਵੀ ਸਾਗਰ ਹਨ, ਇਸ ਲਈ ਭਗਤ ਅੰਦਰ ਪ੍ਰੇਮ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਉਹ ਗਿਆਨ ਦੇ ਸਰੂਪ ਹਨ, ਇਸ ਲਈ ਭਗਤ ਦੇ ਹਿਰਦੇ ਵਿਚ ਗਿਆਨ ਦੇ ਰੂਪ ਵਿਚ ਉਦੈ ਹੁੰਦੇ ਹਨ।
ਜਦੋਂ ਗਿਆਨ ਪ੍ਰਗਟ ਹੁੰਦਾ ਹੈ ਤਾਂ ਉਸ ਨੂੰ ਸਹੀ-ਗ਼ਲਤ, ਸੱਚ-ਝੂਠ ਦਾ ਬੋਧ ਹੋਣ ਲੱਗਦਾ ਹੈ। ਤਦ ਉਸ ਦੇ ਹਿਰਦੇ ਵਿਚ ਸਮੂਹ ਜੀਵਾਂ ਪ੍ਰਤੀ ਕਰੁਣਾ ਅਤੇ ਪ੍ਰੇਮ ਦੀ ਭਾਵਨਾ ਵਿਕਸਤ ਹੁੰਦੀ ਹੈ। ਉਹ ਹਰ ਜੀਵ ਵਿਚ ਭਗਵਾਨ ਦੇ ਸਰੂਪ ਦਾ ਦਰਸ਼ਨ ਕਰਦਾ ਹੈ ਅਤੇ ਜੀਵ ਸੇਵਾ ਨੂੰ ਈਸ਼ਵਰ ਸੇਵਾ ਮੰਨਦਾ ਹੈ। ਅਜਿਹੀ ਅਵਸਥਾ ਵਿਚ ਉਹ ਸਮੂਹ ਬ੍ਰਹਿਮੰਡ ਨੂੰ ਪਰਮਾਤਮਾ ਦੇ ਸਾਕਾਰ ਪ੍ਰਗਟਾਵੇ ਦੇ ਰੂਪ ਵਿਚ ਦੇਖਣ ਲੱਗਦਾ ਹੈ।
ਉਹ ਆਪਣੇ ਫ਼ਰਜ਼ਾਂ ਜ਼ਰੀਏ ਇਸ ਵਿਸ਼ਾਲ ਰੂਪ ਦੀ ਉਪਾਸਨਾ ਕਰਦਾ ਹੈ। ਭਗਵਾਨ ਭਗਤ ਦੇ ਹਿਰਦੇ ਵਿਚ ਸੱਚ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ, ਇਸ ਲਈ ਸੱਚਾ ਭਗਤ ਕਦੇ ਵੀ ਸੱਚ ਦੇ ਮਾਰਗ ਤੋਂ ਭਟਕਦਾ ਨਹੀਂ ਅਤੇ ਧਰਮ ਦਾ ਤਿਆਗ ਨਹੀਂ ਕਰਦਾ। ਉਸ ਨੂੰ ਇਹ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਸੱਚ ਹੀ ਈਸ਼ਵਰ ਹੈ।
ਭਗਵਾਨ ਦੀਨਬੰਧੂ ਅਤੇ ਅਨਾਥਾਂ ਦੇ ਨਾਥ ਹਨ। ਇਸ ਲਈ ਜਦੋਂ ਉਹ ਪ੍ਰਗਟ ਹੁੰਦੇ ਹਨ ਤਾਂ ਭਗਤ ਦੀਨ-ਦੁਖੀਆਂ ਦੀ ਸੇਵਾ ਵਿਚ ਲੱਗ ਜਾਂਦਾ ਹੈ। ਉਹ ਸਮਾਜ ਵਿਚ ਸਹਾਰਾ ਬਣ ਕੇ ਜਿਉਂਦਾ ਹੈ ਅਤੇ ਮੁਸ਼ਕਲ ਹਾਲਾਤ ਵਿਚ ਵੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਹੌਸਲਾ ਬਣਾਈ ਰੱਖਦਾ ਹੈ।
ਭਗਵਾਨ ਸਰਬ-ਸ਼ਕਤੀਮਾਨ ਹਨ, ਇਸ ਲਈ ਭਗਤ ਵੀ ਹੌਸਲੇ, ਸਬਰ ਨਾਲ ਅਤੇ ਪੁਰਸ਼ਾਰਥ ਦੇ ਬਲ ’ਤੇ ਨਿਰੰਤਰ ਅੱਗੇ ਵਧਦਾ ਹੈ। ਸੱਚ ਅਤੇ ਧਰਮ ਦੇ ਮਾਰਗ ’ਤੇ ਚੱਲਦਿਆਂ ਉਹ ਅਨਿਆਂ, ਅੱਤਿਆਚਾਰ ਅਤੇ ਅਧਰਮ ਦੇ ਸਾਹਮਣੇ ਕਦੇ ਵੀ ਝੁਕਦਾ ਨਹੀਂ, ਬਲਕਿ ਉਨ੍ਹਾਂ ਦਾ ਡਟ ਕੇ ਸਾਹਮਣਾ ਕਰਦਾ ਹੈ। ਇਸ ਤਰ੍ਹਾਂ ਭੌਤਿਕ ਜੀਵਨ ਨੂੰ ਸਫਲਤਾਪੂਰਵਕ ਜਿਉਂਦੇ ਹੋਏ ਵਿਅਕਤੀ ਅੰਤ ਵਿਚ ਜੀਵਨ ਦੇ ਪਰਮ ਟੀਚੇ ਮੁਕਤੀ ਨੂੰ ਪ੍ਰਾਪਤ ਕਰਨ ਵਿਚ ਸਮਰੱਥ ਹੁੰਦਾ ਹੈ।
-ਮੁਕੇਸ਼ ਰਿਸ਼ੀ।