ਵੈਰਾਗ ਦੀ ਤਾਕਤ
ਇਸ ਪ੍ਰਕਿਰਿਆ ਰਾਹੀਂ ਵਿਅਕਤੀ ਸਫਲਤਾ ਵਿਚ ਹੰਕਾਰ ਅਤੇ ਅਸਫਲਤਾ ਵਿਚ ਨਿਰਾਸ਼ਾ ਤੋਂ ਬਚਿਆ ਰਹਿੰਦਾ ਹੈ। ਉਸ ਦੇ ਜੀਵਨ ਵਿਚ ਸੰਤੁਲਨ ਬਣਿਆ ਰਹਿੰਦਾ ਹੈ। ਅਧਿਆਤਮਕ ਦ੍ਰਿਸ਼ਟੀ ਤੋਂ ਵੈਰਾਗ ਸਵੈ-ਜਾਗਰੂਕਤਾ ਦੀ ਪਹਿਲੀ ਪੌੜੀ ਹੈ। ਇਹ ਮਨ ਨੂੰ ਸ਼ੁੱਧ ਕਰਦਾ ਹੈ ਅਤੇ ਵਿਅਕਤੀ ਨੂੰ ਆਪਣੇ ਅਸਲ ਸਰੂਪ ਤੋਂ ਜਾਣੂ ਕਰਵਾਉਂਦਾ ਹੈ।
Publish Date: Thu, 16 Apr 2026 11:54 PM (IST)
Updated Date: Fri, 17 Apr 2026 07:37 AM (IST)
ਵੈਰਾਗ ਜੀਵਨ ਦੀ ਉਹ ਦਿੱਵਿਆ ਸ਼ਕਤੀ ਹੈ ਜੋ ਮਨੁੱਖ ਨੂੰ ਬਾਹਰਲੀਆਂ ਖਿੱਚਾਂ ਅਤੇ ਮੋਹ-ਮਾਇਆ ਤੋਂ ਉੱਪਰ ਚੁੱਕ ਕੇ ਆਤਮਿਕ ਸ਼ਾਂਤੀ ਅਤੇ ਸਥਿਰਤਾ ਵੱਲ ਲੈ ਕੇ ਜਾਂਦੀ ਹੈ। ਇਹ ਪਲਾਇਨ ਨਹੀਂ, ਸਗੋਂ ਇਕ ਸਮਝਦਾਰੀ ਵਾਲੀ ਚੋਣ ਹੈ-ਜਿੱਥੇ ਵਿਅਕਤੀ ਸਮਝਦਾ ਹੈ ਕਿ ਕੀ ਸਥਾਈ ਹੈ ਅਤੇ ਕੀ ਪਲ-ਛਿਣ ’ਚ ਨਸ਼ਟ ਹੋਣ ਵਾਲਾ। ਵੈਰਾਗ ਦਾ ਮਤਲਬ ਸੰਸਾਰ ਦਾ ਤਿਆਗ ਨਹੀਂ ਸਗੋਂ ਲਗਾਅ ਦਾ ਤਿਆਗ ਹੈ।
ਅੱਜ ਮਨੁੱਖ ਭੌਤਿਕ ਪ੍ਰਾਪਤੀਆਂ ਦੇ ਪਿੱਛੇ ਦੌੜਦੇ-ਦੌੜਦੇ ਮਾਨਸਿਕ ਤਣਾਅ, ਚਿੰਤਾ ਅਤੇ ਅਸੰਤੁਸ਼ਟੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਸਬੰਧ ਵਿਚ ਵੈਰਾਗ ਸੰਤੁਲਨ ਪ੍ਰਦਾਨ ਕਰਦਾ ਹੈ। ਇਹ ਸਿਖਾਉਂਦਾ ਹੈ ਕਿ ਵਸਤਾਂ ਸਾਡੇ ਲਈ ਹਨ, ਅਸੀਂ ਵਸਤਾਂ ਲਈ ਨਹੀਂ। ਜਦੋਂ ਵਿਅਕਤੀ ਇੱਛਾਵਾਂ ਦੇ ਬੰਧਨ ਤੋਂ ਮੁਕਤ ਹੁੰਦਾ ਹੈ ਤਾਂ ਉਸ ਅੰਦਰ ਸਵੈ-ਭਰੋਸੇ, ਸਬਰ ਅਤੇ ਸੰਤੁਸ਼ਟੀ ਦਾ ਵਿਕਾਸ ਹੁੰਦਾ ਹੈ। ਇਹ ਵਿਅਕਤੀ ਨੂੰ ਮੁਸ਼ਕਲ ਹਾਲਾਤ ਵਿਚ ਵੀ ਅਡੋਲ ਰਹਿਣ ਦੀ ਸ਼ਕਤੀ ਦਿੰਦਾ ਹੈ। ਇਹ ਭਾਵਨਾਵਾਂ ਨੂੰ ਕਾਬੂ ਕਰਨ ਅਤੇ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਪ੍ਰਦਾਨ ਕਰਦਾ ਹੈ।
ਇਸ ਪ੍ਰਕਿਰਿਆ ਰਾਹੀਂ ਵਿਅਕਤੀ ਸਫਲਤਾ ਵਿਚ ਹੰਕਾਰ ਅਤੇ ਅਸਫਲਤਾ ਵਿਚ ਨਿਰਾਸ਼ਾ ਤੋਂ ਬਚਿਆ ਰਹਿੰਦਾ ਹੈ। ਉਸ ਦੇ ਜੀਵਨ ਵਿਚ ਸੰਤੁਲਨ ਬਣਿਆ ਰਹਿੰਦਾ ਹੈ। ਅਧਿਆਤਮਕ ਦ੍ਰਿਸ਼ਟੀ ਤੋਂ ਵੈਰਾਗ ਸਵੈ-ਜਾਗਰੂਕਤਾ ਦੀ ਪਹਿਲੀ ਪੌੜੀ ਹੈ। ਇਹ ਮਨ ਨੂੰ ਸ਼ੁੱਧ ਕਰਦਾ ਹੈ ਅਤੇ ਵਿਅਕਤੀ ਨੂੰ ਆਪਣੇ ਅਸਲ ਸਰੂਪ ਤੋਂ ਜਾਣੂ ਕਰਵਾਉਂਦਾ ਹੈ। ਵੈਰਾਗ ਦੇ ਬਿਨਾਂ ਨਾ ਤਾਂ ਸੱਚੀ ਸ਼ਾਂਤੀ ਸੰਭਵ ਹੈ ਅਤੇ ਨਾ ਹੀ ਸਥਾਈ ਆਨੰਦ।
ਵੈਰਾਗ ਦੇ ਦੋ ਮਹੱਤਵਪੂਰਨ ਪੱਧਰ ਮੰਨੇ ਜਾਂਦੇ ਹਨ। ਉੱਚ-ਵੈਰਾਗ ਉਹ ਹੈ, ਜਿਸ ਵਿਚ ਵਿਅਕਤੀ ਬਾਹਰਲੇ ਵਿਸ਼ਿਆਂ ਅਤੇ ਭੌਤਿਕ ਸੁੱਖਾਂ ਤੋਂ ਦੂਰੀ ਬਣਾ ਕੇ ਤਾਂ ਰੱਖਦਾ ਹੈ ਪਰ ਅੰਦਰ ਕਿਤੇ ਸੂਖਮ ਲਗਾਅ ਬਾਕੀ ਰਹਿੰਦਾ ਹੈ। ਇਸ-ਵੈਰਾਗਤੋਂ ਉੱਚੀ ਸਥਿਤੀ ਉਹ ਹੈ ਜਿੱਥੇ ਵਿਅਕਤੀ ਨਾ ਸਿਰਫ਼ ਬਾਹਰਲੀਆਂ ਵਸਤਾਂ, ਸਗੋਂ ਮਨ, ਬੁੱਧੀ ਅਤੇ ਹੰਕਾਰ ਤੱਕ ਤੋਂ ਪੂਰਨ ਤੌਰ ’ਤੇ ਮੁਕਤ ਹੋ ਜਾਂਦਾ ਹੈ। ਇਸ ਲਈ, ਸਾਨੂੰ ਜੀਵਨ ਵਿਚ ਵੈਰਾਗ ਨੂੰ ਅਪਣਾਉਂਦਿਆਂ ਆਪਣੀਆਂ ਇੱਛਾਵਾਂ ’ਤੇ ਕਾਬੂ ਪਾਉਣਾ ਚਾਹੀਦਾ ਹੈ। ਇਹੀ ਸ਼ਕਤੀ ਸਾਨੂੰ ਸ਼ਕਤੀਸ਼ਾਲੀ, ਸੰਤੁਲਿਤ ਅਤੇ ਸਫਲ ਬਣਾਉਂਦੀ ਹੈ। ਵੈਰਾਗ ਅਸਲ ਵਿਚ ਤਿਆਗ ਨਹੀਂ, ਸਗੋਂ ਸਵੈ-ਵਿਕਾਸ ਦਾ ਸ੍ਰੇਸ਼ਠ ਮਾਰਗ ਹੈ।
-ਪ੍ਰੋ. ਆਨੰਦ ਪ੍ਰਕਾਸ਼ ਤ੍ਰਿਪਾਠੀ ‘ਰਤਨੇਸ਼’।