ਰੂਹਾਨੀਅਤ ਦਾ ਅਰਥ ਸਮਝਣ ਦੀ ਜ਼ਰੂਰਤ
ਜਿਸ ਤਰ੍ਹਾਂ ਕਿਸੇ ਕੰਪਿਊਟਰ ਦਾ ਮੋਨੀਟਰ ਉਸ ਦੇ ਹਾਰਡ-ਡਿਸਕ ਨਾਲ ਜੁੜਿਆ ਹੁੰਦਾ ਹੈ ਅਤੇ ਉਸ ਤੋਂ ਤਰ੍ਹਾਂ-ਤਰ੍ਹਾਂ ਦੇ ਅੰਕੜੇ ਪ੍ਰਾਪਤ ਕਰਦਾ ਹੈ, ਠੀਕ ਉਸੇ ਤਰ੍ਹਾਂ ਅਸੀਂ ਵੀ ਪ੍ਰਭੂ ਨਾਲ ਜੁੜੇ ਹੋਏ ਹਾਂ ਅਤੇ ਉਸ ਤੋਂ ਲਗਾਤਾਰ ਗਿਆਨ, ਨਿਰਸਵਾਰਥ ਪ੍ਰੇਮ ਅਤੇ ਆਨੰਦ ਪ੍ਰਾਪਤ ਕਰ ਸਕਦੇ ਹਾਂ।
Publish Date: Sat, 28 Feb 2026 11:51 PM (IST)
Updated Date: Sun, 01 Mar 2026 06:45 AM (IST)
ਸੰਤਾਂ-ਮਹਾਪੁਰਸ਼ਾਂ ਦੀ ਸਿੱਖਿਆ ਮੁਤਾਬਕ ਰੂਹਾਨੀਅਤ ਦਾ ਅਰਥ ਹੈ-ਵਿਵਹਾਰਕ ਪ੍ਰੇਮ ਜਾਂ ਪ੍ਰਭੂ ਦੇ ਦਿੱਵਿਆ ਪ੍ਰੇਮ ਦਾ ਅਨੁਭਵ ਕਰਨਾ। ਇਕ ਵਾਰ ਜਦ ਸਾਡੀ ਆਤਮਾ ਆਪਣੇ ਅੰਦਰ ਉਸ ਦਿੱਵਿਆ ਪ੍ਰੇਮ ਦਾ ਅਹਿਸਾਸ ਕਰ ਲੈਂਦੀ ਹੈ ਤਾਂ ਅਸੀਂ ਆਪਣੇ ਅੰਦਰੂਨੀ ਤੇ ਬਾਹਰਲੇ ਜੀਵਨ ਵਿਚ ਸੰਤੁਲਨ ਬਣਾਉਣਾ ਸਿੱਖਦੇ ਹਾਂ।
ਅਸੀਂ ਬਾਹਰਲੇ ਸੰਸਾਰ ਵਿਚ ਆਪਣੇ ਉਦੇਸ਼ ਨੂੰ ਪੂਰਾ ਕਰਨ ਦੇ ਨਾਲ-ਨਾਲ ਆਤਮਿਕ ਖੋਜ ਦੀ ਕਲਾ ਵੀ ਸਿੱਖ ਕੇ ਉਸ ਵਿਚ ਨਿਪੁੰਨ ਬਣ ਸਕਦੇ ਹਾਂ। ਇਸ ਦਾ ਮਤਲਬ ਹੈ ਕਿ ਅਸੀਂ ਆਤਮਿਕ ਖ਼ਜ਼ਾਨਿਆਂ ਦਾ ਆਨੰਦ ਲੈ ਸਕਦੇ ਹਾਂ ਅਤੇ ਇਨ੍ਹਾਂ ਨੂੰ ਹੋਰਾਂ ਨਾਲ ਵੰਡ ਸਕਦੇ ਹਾਂ। ਅਸੀਂ ਸੰਸਾਰਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਧਿਆਨ-ਅਭਿਆਸ ਨੂੰ ਵੀ ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਆਪਣੇ ਅੰਦਰ ਦੇ ਖ਼ਜ਼ਾਨਿਆਂ ਦਾ ਆਨੰਦ ਲੈਂਦੇ ਹੋਏ ਉਨ੍ਹਾਂ ਨੂੰ ਮਾਨਵਤਾ ਨਾਲ ਵੰਡ ਸਕਦੇ ਹਾਂ।
ਆਪਣੇ ਅੰਦਰ ਝਾਕਣ ਦਾ ਅਰਥ ਇਹ ਹੈ ਕਿ ਅਸੀਂ ਅੰਦਰੋਂ ਰੂਹਾਨੀ ਆਨੰਦ ਨਾਲ ਭਰਪੂਰ ਹੋਈਏ ਅਤੇ ਆਪਣੀ ਆਤਮਾ ਤੇ ਪਰਮਾਤਮਾ ਦੇ ਸਬੰਧ ਨੂੰ ਅਨੁਭਵ ਕਰਦੇ ਹੋਏ ਹਰ ਜੀਵ ਨਾਲ ਉਸ ਦੇ ਸਬੰਧ ਨੂੰ ਜਾਣੀਏ। ਜਦ ਅਸੀਂ ਆਪਣੀ ਆਤਮਾ ਦਾ ਅਨੁਭਵ ਕਰ ਲੈਂਦੇ ਹਾਂ ਤਾਂ ਇਸ ਤੋਂ ਉਤਪੰਨ ਹੋਣ ਵਾਲੀ ਨਿਡਰਤਾ ਨਾਲ ਅਸੀਂ ਮਜ਼ਬੂਤ ਹੋ ਜਾਂਦੇ ਹਾਂ। ਅਸੀਂ ਇਸ ਗੱਲ ਨੂੰ ਜਾਣ ਜਾਂਦੇ ਹਾਂ ਕਿ ਸਾਡੀ ਆਤਮਾ ਅਮਰ ਹੈ।
ਜਿਸ ਤਰ੍ਹਾਂ ਕਿਸੇ ਕੰਪਿਊਟਰ ਦਾ ਮੋਨੀਟਰ ਉਸ ਦੇ ਹਾਰਡ-ਡਿਸਕ ਨਾਲ ਜੁੜਿਆ ਹੁੰਦਾ ਹੈ ਅਤੇ ਉਸ ਤੋਂ ਤਰ੍ਹਾਂ-ਤਰ੍ਹਾਂ ਦੇ ਅੰਕੜੇ ਪ੍ਰਾਪਤ ਕਰਦਾ ਹੈ, ਠੀਕ ਉਸੇ ਤਰ੍ਹਾਂ ਅਸੀਂ ਵੀ ਪ੍ਰਭੂ ਨਾਲ ਜੁੜੇ ਹੋਏ ਹਾਂ ਅਤੇ ਉਸ ਤੋਂ ਲਗਾਤਾਰ ਗਿਆਨ, ਨਿਰਸਵਾਰਥ ਪ੍ਰੇਮ ਅਤੇ ਆਨੰਦ ਪ੍ਰਾਪਤ ਕਰ ਸਕਦੇ ਹਾਂ। ਜਦ ਅਸੀਂ ਰੋਜ਼ਾਨਾ ਧਿਆਨ-ਅਭਿਆਸ ਵਿਚ ਕੁਝ ਸਮਾਂ ਲਗਾਉਂਦੇ ਹਾਂ ਤਾਂ ਅਸੀਂ ਆਪਣੇ ਅੰਦਰ ਪ੍ਰਭੂ ਦੇ ਪ੍ਰੇਮ ਨੂੰ ਅਨੁਭਵ ਕਰਦੇ ਹਾਂ।
ਪਭੂ ਦਾ ਇਹ ਪ੍ਰੇਮ ਧਿਆਨ-ਅਭਿਆਸ ਦੇ ਸਮੇਂ ਤੱਕ ਹੀ ਨਹੀਂ ਬਲਕਿ ਜਦ ਅਸੀਂ ਧਿਆਨ-ਅਭਿਆਸ ਨਹੀਂ ਕਰ ਰਹੇ ਹੁੰਦੇ ਹਾਂ, ਤਦ ਵੀ ਉਹ ਸਾਡੇ ਨਾਲ ਰਹਿੰਦਾ ਹੈ। ਜਦ ਅਸੀਂ ਇਸ ਦੁਨੀਆ ਵਿਚ ਕਿਸੇ ਨਾਲ ਪ੍ਰੇਮ ਕਰਦੇ ਹਾਂ ਤਾਂ ਪੂਰਾ ਸੰਸਾਰ ਪ੍ਰੇਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਸਾਨੂੰ ਹਰ ਚੀਜ਼ ਸੁੰਦਰ ਤੇ ਆਨੰਦਦਾਇਕ ਲੱਗਦੀ ਹੈ। ਤਿਵੇਂ ਹੀ ਜਦ ਅਸੀਂ ਅੰਦਰੋਂ ਦਿੱਵਿਆ-ਆਨੰਦ ਦੀ ਅਵਸਥਾ ਵਿਚ ਪੁੱਜਦੇ ਹਾਂ ਤਾਂ ਇਹ ਸੰਸਾਰ ਦਿੱਵਿਆ ਆਨੰਦ ਦਾ ਰੰਗ ਲੈ ਲੈਂਦਾ ਹੈ।
-ਸੰਤ ਰਾਜਿੰਦਰ ਸਿੰਘ