ਮੌਕੇ ਦੀ ਮਹੱਤਤਾ ਸਮਝਣ ਦੀ ਜ਼ਰੂਰਤ
ਸਾਡੀ ਹਾਸਲ ਕੀਤੀ ਸਿੱਖਿਆ, ਯੋਗਤਾ ਅਤੇ ਕੌਸ਼ਲ ਦੀ ਸਾਰਥਕਤਾ ਇਸ ਗੱਲ ਵਿਚ ਨਹੀਂ ਹੈ ਕਿ ਅਸੀਂ ਉਸ ਨੂੰ ਕਿੰਨਾ ਸੰਚਿਤ ਕੀਤਾ ਬਲਕਿ ਇਸ ਗੱਲ ਵਿਚ ਹੈ ਕਿ ਮੌਕਾ ਆਉਣ ’ਤੇ ਅਸੀਂ ਉਸ ਦੀ ਵਰਤੋਂ ਕਿਸ ਤਰ੍ਹਾਂ ਕੀਤੀ। ਹੋਣਹਾਰ ਵਿਦਿਆਰਥੀ ਉਹ ਨਹੀਂ ਹਨ ਜੋ ਮੌਕੇ ਦੇ ਬੂਹਾ ਖੜਕਾਉਣ ਦੀ ਉਡੀਕ ਕਰਦੇ ਹਨ ਸਗੋਂ ਉਹ ਹਨ, ਜੋ ਆਪਣੇ ਉੱਦਮ ਨਾਲ ਖ਼ੁਦ ਮੌਕੇ ਸਿਰਜਦੇ ਹਨ।
Publish Date: Thu, 26 Feb 2026 11:11 PM (IST)
Updated Date: Fri, 27 Feb 2026 07:39 AM (IST)
ਮੌਕਾ ਉਸ ਹਾਲਾਤ ਦਾ ਨਾਂ ਹੈ ਜਿੱਥੇ ਵਿਅਕਤੀ ਦੇ ਸੰਕਲਪ ਤੇ ਸਿੱਧੀ ਵਿਚਾਲੇ ਦੀ ਦੂਰੀ ਘੱਟ ਤੋਂ ਘੱਟ ਹੋ ਜਾਂਦੀ ਹੈ। ਇਸ ਨੂੰ ਅਸੀਂ ਖ਼ੁਸ਼ਕਿਸਮਤੀ ਦਾ ਨਾਂ ਵੀ ਦਿੰਦੇ ਹਾਂ। ਇਹ ਉਹ ਸੰਧੀ-ਕਾਲ ਹੈ ਜਦ ਮਨੁੱਖੀ ਯਤਨ ਅਤੇ ਮਾਫ਼ਕ ਹਾਲਾਤ ਇਕ ਧਰਾਤਲ ’ਤੇ ਮਿਲਦੇ ਹਨ ਜਿਸ ਨਾਲ ਸਫਲਤਾ ਦਾ ਰਾਹ ਖ਼ੁਦ-ਬ-ਖ਼ੁਦ ਪਕੇਰਾ ਹੋ ਜਾਂਦਾ ਹੈ। ਜਦ ਕੋਈ ਵਿਅਕਤੀ ਸਹੀ ਸਮੇਂ ’ਤੇ ਸਹੀ ਦਿਸ਼ਾ ਵਿਚ ਕਰਮ ਕਰਦਾ ਹੈ ਤਾਂ ਕੁਦਰਤ ਵੀ ਉਸ ਦੇ ਮਕਸਦਾਂ ਦੀ ਪੂਰਤੀ ਵਿਚ ਮਦਦਗਾਰ ਬਣ ਜਾਂਦੀ ਹੈ।
ਮੌਕੇ ਦੀ ਮਹੱਤਤਾ ਨੂੰ ਪਛਾਣ ਕੇ ਜੋ ਵਿਅਕਤੀ ਪੂਰੇ ਮਨੋਂ ਕਰਮ ਵਿਚ ਲੱਗ ਜਾਂਦੇ ਹਨ, ਉਹ ਤਰੱਕੀ ਦੇ ਉੱਚਤਮ ਪੱਧਰਾਂ ਨੂੰ ਛੂਹ ਲੈਂਦੇ ਹਨ। ਇਸ ਦੇ ਉਲਟ ਜੋ ਚੰਗੇ ਮੌਕਿਆਂ ਦੀ ਮੌਜੂਦਗੀ ਵਿਚ ਵੀ ਲਾਪਰਵਾਹੀ ਕਾਰਨ ਨਕਾਰਾ ਬਣੇ ਰਹਿੰਦੇ ਹਨ, ਉਨ੍ਹਾਂ ਦੇ ਹਿੱਸੇ ਸਿਰਫ਼ ਨਾਕਾਮੀ ਤੇ ਨਿਰਾਸ਼ਾ ਹੀ ਆਉਂਦੀ ਹੈ। ਇਹ ਕਹਾਵਤ ਬਹੁਤ ਸਟੀਕ ਹੈ ਕਿ-‘ਅਬ ਪਛਤਾਏ ਹੋਤ ਕਯਾ, ਜਬ ਚਿੜੀਆ ਚੁਗ ਗਈ ਖੇਤ’। ਇਹ ਸਾਨੂੰ ਸੁਚੇਤ ਕਰਦੀ ਹੈ ਕਿ ਕਾਲ-ਚੱਕਰ ਦੇ ਬਤੀਤ ਹੋ ਜਾਣ ਤੋਂ ਬਾਅਦ ਦਿਖਾਈ ਗਈ ਚੌਕਸੀ ਵਿਅਰਥ ਹੁੰਦੀ ਹੈ। ਪਿੱਛੇ ਸਿਰਫ਼ ਪਛਤਾਵਾ ਹੀ ਬਚਦਾ ਹੈ।
ਸਾਡੀ ਹਾਸਲ ਕੀਤੀ ਸਿੱਖਿਆ, ਯੋਗਤਾ ਅਤੇ ਕੌਸ਼ਲ ਦੀ ਸਾਰਥਕਤਾ ਇਸ ਗੱਲ ਵਿਚ ਨਹੀਂ ਹੈ ਕਿ ਅਸੀਂ ਉਸ ਨੂੰ ਕਿੰਨਾ ਸੰਚਿਤ ਕੀਤਾ ਬਲਕਿ ਇਸ ਗੱਲ ਵਿਚ ਹੈ ਕਿ ਮੌਕਾ ਆਉਣ ’ਤੇ ਅਸੀਂ ਉਸ ਦੀ ਵਰਤੋਂ ਕਿਸ ਤਰ੍ਹਾਂ ਕੀਤੀ। ਹੋਣਹਾਰ ਵਿਦਿਆਰਥੀ ਉਹ ਨਹੀਂ ਹਨ ਜੋ ਮੌਕੇ ਦੇ ਬੂਹਾ ਖੜਕਾਉਣ ਦੀ ਉਡੀਕ ਕਰਦੇ ਹਨ ਸਗੋਂ ਉਹ ਹਨ, ਜੋ ਆਪਣੇ ਉੱਦਮ ਨਾਲ ਖ਼ੁਦ ਮੌਕੇ ਸਿਰਜਦੇ ਹਨ। ਮੌਕਾ ਕਈ ਵਾਰ ਮੁਸ਼ਕਲ ਕਿਰਤ ਦੀ ਓਟ ਵਿਚ ਛੁਪਿਆ ਰਹਿੰਦਾ ਹੈ।
ਮਹਾਨ ਵਿਗਿਆਨੀ ਅਲਬਰਟ ਆਇੰਨਸਟੀਨ ਦਾ ਕਥਨ ਅੱਜ ਵੀ ਪ੍ਰਸੰਗਿਕ ਹੈ ਕਿ ਹਰੇਕ ਕਠਿਨਾਈ ਦੇ ਗਰਭ ਵਿਚ ਮੌਕਾ ਹੁੰਦਾ ਹੈ। ਸੰਕਟ ਦੇ ਸਮੇਂ ਵੀ ਸੰਭਾਵਨਾਵਾਂ ਨੂੰ ਖੋਜਣਾ ਅਤੇ ਉਨ੍ਹਾਂ ਨੂੰ ਸਫਲਤਾ ਵਿਚ ਤਬਦੀਲ ਕਰਨਾ ਹੀ ਵੱਡੀ ਅਕਲਮੰਦੀ ਦੇ ਲੱਛਣ ਹਨ। ਆਫ਼ਤ ਵਿਚ ਮੌਕੇ ਦੀ ਇਹ ਖੋਜ ਸਿਰਫ਼ ਰਣਨੀਤੀ ਨਹੀਂ ਸਗੋਂ ਇਕ ਹਾਂ-ਪੱਖੀ ਜੀਵਨ ਦ੍ਰਿਸ਼ਟੀ ਹੈ। ਸੋ, ਸਮੇਂ ਦੀ ਗਤੀ ਨੂੰ ਪਛਾਣ ਕੇ ਆਪਣੀ ਮੰਜ਼ਿਲ ਵੱਲ ਬਿਨਾਂ ਦੇਰੀ ਵਧਣਾ ਹੀ ਅਕਲਮੰਦੀ ਹੈ। ਜੋ ਲੋਕ ਅਜਿਹਾ ਨਹੀਂ ਕਰਦੇ, ਉਨ੍ਹਾਂ ਨੂੰ ਜੀਵਨ-ਪੰਧ ’ਤੇ ਬਹੁਤ ਮੁਸ਼ਕਲਾਂ ਤੇ ਨਾਕਾਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
-ਯੋਗੇਂਦਰ ਮਾਥੁਰ