ਮੌਨ ਦਾ ਮਹੱਤਵ ਸਮਝਣ ਦੀ ਜ਼ਰੂਰਤ
ਪ੍ਰਕਿਰਤੀ ਦਾ ਗੁਣ ਹੈ ਕਿ ਉਹ ਆਪਣੀ ਸਮੁੱਚੀ ਤੀਬਰਤਾ ਦੇ ਨਾਲ ਉਸ ਊਰਜਾ ਦਾ ਦਮਨ ਕਰੇ ਜੋ ਵਹਾਅ ਦੇ ਨਾਲ ਨਾ ਜਾ ਕੇ ਕਿਸੇ ਕ੍ਰਾਂਤੀ ਨੂੰ ਜਨਮ ਦੇਵੇ। ਸਭ ਤੋਂ ਮਹਾਨ ਵਿਚਾਰ ਵੀ ਇਸੇ ਕਾਰਨ ਕਰਕੇ ਕਈ ਵਾਰ ਅਸਫਲ ਹੋ ਜਾਂਦੇ ਹਨ ਕਿਉਂਕਿ ਕੁਦਰਤ ਤੇ ਸੰਸਕਾਰਾਂ ਦਾ ਵੇਗ ਉਨ੍ਹਾਂ ਨੂੰ ਰੋਕ ਦਿੰਦਾ ਹੈ।
Publish Date: Tue, 31 Mar 2026 11:52 PM (IST)
Updated Date: Wed, 01 Apr 2026 06:45 AM (IST)
ਜੇ ਅਸੀਂ ਕੁਦਰਤ ਦਾ ਸੂਖਮ ਵਿਸ਼ਲੇਸ਼ਣ ਕਰੀਏ ਤਾਂ ਸਮਝ ਸਕਦੇ ਹਾਂ ਕਿ ਹਰੇਕ ਸਰੂਪ ਜੋ ਵੰਨ-ਸੁਵੰਨਤਾਵਾਂ ਨਾਲ ਪ੍ਰਗਟ ਹੋਇਆ ਹੈ, ਉਸ ਦੀ ਇਸ ਅਵਸਥਾ ਤੱਕ ਦੀ ਯਾਤਰਾ ਦਾ ਬੀਅ ਇਕਾਂਤ ਤੋਂ ਹੀ ਹੋ ਕੇ ਨਿਕਲਿਆ ਹੈ। ਇਹੀ ਗੱਲ ਮਨੁੱਖਾਂ ’ਤੇ ਵੀ ਲਾਗੂ ਹੁੰਦੀ ਹੈ। ਮਨ ਦਾ ਸੁਭਾਅ ਹੈ ਆਸਪਾਸ ਦੀ ਪ੍ਰਕਿਰਤੀ ਦੁਆਰਾ ਪ੍ਰਭਾਵਿਤ ਹੁੰਦੇ ਰਹਿਣਾ ਅਤੇ ਜਦ ਤੱਕ ਮਨ ਅਜਿਹੇ ਵਹਾਅ ਦੁਆਰਾ ਗਤੀਮਾਨ ਹੁੰਦਾ ਰਹੇਗਾ, ਤਦ ਤੱਕ ਮਹਾਨਤਾ ਦਾ ਉਦੈ ਹੋਣਾ ਅਸੰਭਵ ਹੈ।
ਪ੍ਰਕਿਰਤੀ ਦਾ ਗੁਣ ਹੈ ਕਿ ਉਹ ਆਪਣੀ ਸਮੁੱਚੀ ਤੀਬਰਤਾ ਦੇ ਨਾਲ ਉਸ ਊਰਜਾ ਦਾ ਦਮਨ ਕਰੇ ਜੋ ਵਹਾਅ ਦੇ ਨਾਲ ਨਾ ਜਾ ਕੇ ਕਿਸੇ ਕ੍ਰਾਂਤੀ ਨੂੰ ਜਨਮ ਦੇਵੇ। ਸਭ ਤੋਂ ਮਹਾਨ ਵਿਚਾਰ ਵੀ ਇਸੇ ਕਾਰਨ ਕਰਕੇ ਕਈ ਵਾਰ ਅਸਫਲ ਹੋ ਜਾਂਦੇ ਹਨ ਕਿਉਂਕਿ ਕੁਦਰਤ ਤੇ ਸੰਸਕਾਰਾਂ ਦਾ ਵੇਗ ਉਨ੍ਹਾਂ ਨੂੰ ਰੋਕ ਦਿੰਦਾ ਹੈ। ਅਜਿਹੇ ਵਿਚ ਜੇ ਅਸੀਂ ਮਹਾਨਤਾ ਦੀ ਉਮੀਦ ਰੱਖਦੇ ਹਾਂ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਮੌਨ ਦਾ ਵੀ ਅਭਿਆਸ ਕਰੀਏ।
ਆਮ ਤੌਰ ’ਤੇ ਮੌਨ ਹੀ ਉਹ ਮਾਨਸਿਕ ਇਕਾਂਤ ਦੀ ਅਵਸਥਾ ਹੈ ਜਿੱਥੋਂ ਮਹਾਨਤਮ ਵਿਚਾਰ ਜਨਮ ਲੈਂਦੇ ਹਨ ਅਤੇ ਤਦ ਮਨ ਵੀ ਸਵਾਮੀ ਜਗ੍ਹਾ ਦਾਸ ਦੇ ਰੂਪ ਵਿਚ ਕਾਰਜ ਕਰਨ ਲੱਗਦਾ ਹੈ। ਜੇ ਅਸੀਂ ਪ੍ਰਾਚੀਨ ਰਿਸ਼ੀਆਂ, ਮਹਾਪੁਰਖਾਂ ਦਾ ਜੀਵਨ ਦੇਖੀਏ ਤਾਂ ਅਸੀਂ ਜਾਣਾਂਗੇ ਕਿ ਮਹਾਨਤਾ ਦਾ ਉਦੈ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਵਿਚ ਇਕਾਂਤ ਦਾ ਇਕ ਮਹੱਤਵਪੂਰਨ ਸਥਾਨ ਰਿਹਾ ਹੈ ਕਿਉਂਕਿ ਉਸ ਇਕਾਂਤ ਦੀ ਅਵਸਥਾ ਨੇ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਜੀਵਨ ਦੇ ਉਦੇਸ਼ ਤੇ ਦਿਸ਼ਾ ਦਾ ਅਹਿਸਾਸ ਕਰਵਾਇਆ।
ਜਗਤ ਦੀ ਚਮਕ-ਦਮਕ ਤੋਂ ਪ੍ਰਭਾਵਿਤ ਹੋ ਕੇ ਮਨ ਚਾਹ ਕੇ ਵੀ ਇਕਾਗਰ ਨਹੀਂ ਹੋ ਸਕਦਾ ਜਿਸ ਦੇ ਨਤੀਜੇ ਵਜੋਂ ਚਿੱਤ ਅਸ਼ਾਂਤ ਹੀ ਰਹਿੰਦਾ ਹੈ।
ਮੌਨ ਜੀਵਨ ਨੂੰ ਅਰਥ ਨਾਲ ਭਰਦਾ ਹੈ ਅਤੇ ਜਦ ਜੀਵਨ ਵਿਚ ਹਕੀਕੀ ਅਰਥ ਪ੍ਰਵੇਸ਼ ਕਰਦਾ ਹੈ, ਤਦ ਦੇਸ਼-ਕਾਲ-ਪਾਤਰ ਦੀ ਕੋਈ ਕੀਮਤ ਨਹੀਂ ਰਹਿੰਦੀ, ਕਿਉਂਕਿ ਮਨ ਪ੍ਰਕਿਰਤੀ ਦੇ ਘੇਰੇ ਤੋਂ ਉੱਪਰ ਉੱਠ ਚੁੱਕਾ ਹੁੰਦਾ ਹੈ। ਹਾਲਾਂਕਿ ਉਸ ਅਵਸਥਾ ਤੱਕ ਪੁੱਜਣ ਲਈ ਇਹ ਜ਼ਰੂਰੀ ਹੈ ਕਿ ਮਨ ਨੂੰ ਨਿਰੰਤਰ ਸਿਖਾਉਂਦੇ ਰਹੀਏ। ਵਿਚਾਰਾਂ, ਸੰਸਕਾਰਾਂ ’ਤੇ ਨਜ਼ਰ ਟਿਕਾ ਕੇ ਰੱਖੋ ਅਤੇ ਜ਼ਰੂਰਤ ਅਨੁਸਾਰ ਹੀ ਬੋਲਿਆ ਜਾਵੇ। ਮੌਨ ਤੋਂ ਨਿਕਲ ਕੇ ਜੋ ਸ਼ਬਦ ਪ੍ਰਗਟ ਹੋਣਗੇ, ਉਹੀ ਪ੍ਰਭਾਵਸ਼ਾਲੀ ਤੇ ਬੋਧਪੂਰਨ ਹੋਣਗੇ।
-ਆਦਿੱਤਿਆ ਨਾਰਾਇਣ ਅਵਸਥੀ