ਧਰਮ ਦੀ ਅਹਿਮੀਅਤ ਸਮਝਣ ਦੀ ਜ਼ਰੂਰਤ
ਜਦੋਂ ਆਨੰਦ ਨੇ ਪੁੱਛਿਆ ਕਿ ਧਰਤੀ ’ਤੇ ਤੁਹਾਡੇ ਵਰਗਾ ਮਾਰਗ ਦਿਖਾਉਣ ਵਾਲਾ ਕੋਈ ਨਹੀਂ ਹੋਵੇਗਾ ਤਾਂ ਅਸੀਂ ਜੀਵਨ ਦੀ ਰਾਹ ’ਤੇ ਕਿਵੇਂ ਚੱਲਾਂਗੇ? ਤਦ ਗੌਤਮ ਬੁੱਧ ਨੇ ਕਿਹਾ ਸੀ ਕਿ ਆਪਣਾ ਪ੍ਰਕਾਸ਼ ਖ਼ੁਦ ਬਣੋ। ਸਵੈ-ਜਾਗਰਿਤੀ ਦੇ ਇਸ ਪ੍ਰਕਾਸ਼ ਦੇ ਸਹਾਰੇ ਹੀ ਸੱਚ ਦੇ ਮਾਰਗ ’ਤੇ ਅੱਗੇ ਵਧਿਆ ਜਾ ਸਕਦਾ ਹੈ।
Publish Date: Wed, 15 Apr 2026 11:24 PM (IST)
Updated Date: Thu, 16 Apr 2026 06:45 AM (IST)
ਲੋਕ ਆਮ ਤੌਰ ’ਤੇ ਧਰਮ ਨੂੰ ਬਾਹਰਲੇ ਕਰਮਕਾਂਡਾਂ ਅਤੇ ਤੀਰਥਾਂ ਤੇ ਧਾਰਮਿਕ ਅਸਥਾਨਾਂ ਵਿਚ ਖੋਜਦੇ ਹਨ ਪਰ ਸਾਡੇ ਸੰਤਾਂ ਅਤੇ ਮਹਾਨ ਵਿਅਕਤੀਆਂ ਨੇ ਇਹ ਕਿਹਾ ਹੈ ਕਿ ਅਸਲ ਵਿਚ ਧਰਮ ਦਾ ਸਬੰਧ ਸਾਡੇ ਅੰਤਰ-ਮਨ ਨਾਲ ਹੈ। ਮਹਾਰਿਸ਼ੀ ਪਤੰਜਲੀ ਨੇ ਆਪਣੇ ਇਕ ਯੋਗ ਸੂਤਰ ਵਿਚ ਸਾਫ਼ ਕਿਹਾ ਹੈ ਕਿ ਜੀਵਨ ਦੀ ਮੁਕਤ ਅਵਸਥਾ ਕਿਤੇ ਬਾਹਰੋਂ ਪ੍ਰਾਪਤ ਨਹੀਂ ਹੁੰਦੀ ਹੈ। ਧਰਮ ਦਾ ਯਥਾਰਥ ਮਾਰਗ ਬਾਹਰਲੀ ਭਟਕਣ ਵਿਚ ਨਹੀਂ, ਸਗੋਂ ਆਪਣੇ ਮਨ ਵਿਚ ਝਾਕਣ ਅਤੇ ਅਗਿਆਨ ਦੇ ਪਰਦੇ ਨੂੰ ਹਟਾਉਣ ਵਿਚ ਹੈ। ਇਸ ਆਤਮਿਕ ਯਾਤਰਾ ਅਤੇ ਧਰਮ ਦੇ ਮੂਲ ਸਰੂਪ ਨੂੰ ਸਪਸ਼ਟ ਕਰਦੇ ਹੋਏ ਗੌਤਮ ਬੁੱਧ ਨੇ ਆਪਣੇ ਪਿਆਰੇ ਸ਼ਿਸ਼ ਆਨੰਦ ਨੂੰ ਇਕ ਬਹੁਤ ਹੀ ਪ੍ਰਸੰਗਿਕ ਗੱਲ ਕਹੀ ਸੀ।
ਜਦੋਂ ਆਨੰਦ ਨੇ ਪੁੱਛਿਆ ਕਿ ਧਰਤੀ ’ਤੇ ਤੁਹਾਡੇ ਵਰਗਾ ਮਾਰਗ ਦਿਖਾਉਣ ਵਾਲਾ ਕੋਈ ਨਹੀਂ ਹੋਵੇਗਾ ਤਾਂ ਅਸੀਂ ਜੀਵਨ ਦੀ ਰਾਹ ’ਤੇ ਕਿਵੇਂ ਚੱਲਾਂਗੇ? ਤਦ ਗੌਤਮ ਬੁੱਧ ਨੇ ਕਿਹਾ ਸੀ ਕਿ ਆਪਣਾ ਪ੍ਰਕਾਸ਼ ਖ਼ੁਦ ਬਣੋ। ਸਵੈ-ਜਾਗਰਿਤੀ ਦੇ ਇਸ ਪ੍ਰਕਾਸ਼ ਦੇ ਸਹਾਰੇ ਹੀ ਸੱਚ ਦੇ ਮਾਰਗ ’ਤੇ ਅੱਗੇ ਵਧਿਆ ਜਾ ਸਕਦਾ ਹੈ। ਜਦੋਂ ਅਸੀਂ ਸਵੈ-ਜਗਰਿਤੀ ਦੇ ਇਸ ਪ੍ਰਕਾਸ਼ ਨਾਲ ਜੁੜਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਰੇ ਜੀਵਾਂ ਵਿਚ ਪਰਮਾਤਮਾ ਦਾ ਵਾਸ ਹੈ।
ਉਨ੍ਹਾਂ ਨੂੰ ਦੁੱਖ ਦੇਣਾ, ਪਰਮਾਤਮਾ ਨੂੰ ਦੁੱਖ ਦੇਣਾ ਹੈ। ਧਰਮ ਦਾ ਮੁੱਖ ਉਦੇਸ਼ ਹੈ ਸਾਡੇ ਅੰਦਰ ਦੇ ਪਸ਼ੂਪੁਣੇ ਦਾ ਨਾਸ਼ ਕਰਨਾ ਅਤੇ ਮਾਨਵਤਾ ਦਾ ਵਿਕਾਸ ਕਰਨਾ। ਭਾਰਤੀ ਦਰਸ਼ਨ ਵਿਧਾਨ ਦੇ ਵੱਡੇ ਚਿੰਤਕ ਜੇ. ਕ੍ਰਿਸ਼ਨਮੂਰਤੀ ਨੇ ਵੀ ਇਸੇ ਚੇਤਨਾ ਨੂੰ ਸੁਰ ਦਿੰਦੇ ਹੋਏ ਕਿਹਾ ਸੀ ਕਿ ਜਦ ਤੱਕ ਤੁਸੀਂ ਪਰੰਪਰਾ, ਦੇਸ਼ ਅਤੇ ਕਾਲ ਦੀ ਸੌੜੀਆਂ ਸੋਚਾਂ ਤੋਂ ਮੁਕਤ ਨਹੀਂ ਹੋਵੋਗੇ, ਤਦ ਤੱਕ ਸੱਚੇ ਅਰਥਾਂ ਵਿਚ ਮਨੁੱਖ ਨਹੀਂ ਬਣ ਸਕੋਗੇ।
ਇਸ ਤਰ੍ਹਾਂ, ਧਰਮ ਦਾ ਅਰਥ ਸਿਰਫ਼ ਕਰਮਕਾਂਡ ਜਾਂ ਪੂਜਾ-ਪਾਠ ਤੱਕ ਸੀਮਤ ਨਹੀਂ ਹੈ ਸਗੋਂ ਸਮਾਜਿਕ ਭਾਈਚਾਰੇ ਵਿਚ ਕਰੁਣਾ, ਸਹਿਣਸ਼ੀਲਤਾ ਅਤੇ ਪ੍ਰੇਮ ਜਿਹੇ ਗੁਣਾਂ ਦਾ ਵਿਕਾਸ ਕਰਨ ਤੱਕ ਵਿਸਥਾਰਤ ਹੈ। ਸਵਾਰਥ ਅਤੇ ਲੋਭ ਦੇ ਤਿਆਗ ਨਾਲ ਹੀ ਦਵੰਦ ਦੀ ਸਮਾਪਤੀ ਹੁੰਦੀ ਹੈ ਅਤੇ ਪ੍ਰੇਮ ਦਾ ਵਿਸਥਾਰ ਹੁੰਦਾ ਹੈ। ਇਸੇ ਵਿਚ ਧਰਮ ਦੀ ਹਕੀਕੀ ਊਰਜਾ ਅਤੇ ਜੀਵਨ ਦੀ ਸਾਰਥਕਤਾ ਸ਼ੁਮਾਰ ਹੈ। ਧਰਮ ਦੀ ਖ਼ਾਸੀਅਤ ਹੀ ਇਹ ਹੈ ਕਿ ਉਹ ਸਦਾ ਸਹੀ ਰਾਹ ਦਿਖਾਉਂਦਾ ਹੈ ਅਤੇ ਇਹ ਰਾਹ ਅੰਤਰ-ਆਤਮਾ ਦੀ ਆਵਾਜ਼ ਸੁਣ ਕੇ ਹੀ ਸਾਹਮਣੇ ਦਿਸਦਾ ਹੈ।
-ਆਸ਼ੂਤੋਸ਼ ਕਾਂਤ ਗਰਗ