ਧਰਮ ਦੀ ਧਾਰਾ ਨੂੰ ਸਮਝਣ ਦੀ ਜ਼ਰੂਰਤ
ਨਿੰਮ ਦਾ ਕੌੜਾ ਹੋਣਾ ਹੀ ਉਸ ਦੀ ਪ੍ਰਕਿਰਤੀ ਹੈ, ਉਸ ਦਾ ਧਰਮ ਹੈ। ਜੋ ਭਗਤ ਹੈ, ਉਹ ਕਰਮ-ਮਾਰਗੀ ਨੂੰ ਕਰਮ ਕਰਦੇ ਵੇਖ ਕੇ ਇਹ ਸੋਚੇ ਕਿ ਜਿਸ ਕੋਲ ਪ੍ਰਭੂ ਦਾ ਭਜਨ ਕਰਨ ਦੀ ਥੋੜ੍ਹੀ ਵੀ ਵਿਹਲ ਨਹੀਂ ਹੈ, ਉਹ ਰੱਬ ਨੂੰ ਕਿਵੇਂ ਪ੍ਰਾਪਤ ਕਰੇਗਾ, ਤਾਂ ਉਹ ਕਰਮ-ਮਾਰਗੀ ਵਿਅਕਤੀ ਨੂੰ ਸਹੀ ਤਰੀਕੇ ਨਾਲ ਨਹੀਂ ਸਮਝ ਸਕਿਆ।
Publish Date: Tue, 24 Feb 2026 11:29 PM (IST)
Updated Date: Wed, 25 Feb 2026 07:40 AM (IST)
ਧਰਮ ਆਪਣੇ ਪਾਤਰ ਦੀ ਚੋਣ ਖ਼ੁਦ ਕਰਦਾ ਹੈ। ਉਹ ਕਿਸ ਰੂਪ ਵਿਚ ਆਪਣੇ-ਆਪ ਨੂੰ ਪ੍ਰਗਟ ਕਰੇਗਾ, ਇਹ ਪਾਤਰ ਦੀ ਪ੍ਰਕਿਰਤੀ ’ਤੇ ਨਿਰਭਰ ਕਰਦਾ ਹੈ। ਕਿਸੇ ਮਨੁੱਖ ਵਿਚ ਧਰਮ ਉੱਚ ਪੱਧਰ ਦੀ ਭਗਤੀ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ ਤੇ ਕਿਸੇ ਹੋਰ ਮਨੁੱਖ ਵਿਚ ਕਰਮਸ਼ੀਲਤਾ ਦੇ ਰੂਪ ਵਿਚ। ਕਿਸੇ ਨੂੰ ਪ੍ਰਭੂ ਨਾਲ ਰੂਬਰੂ ਹੋਣ ਲਈ ਯੋਗ ਦਾ ਮਾਰਗ ਆਸਾਨ ਲੱਗਦਾ ਹੈ ਤੇ ਕਿਸੇ ਹੋਰ ਨੂੰ ਤੱਤ ਰੂਪ ਵਿਚ ਸਭ ਕੁਝ ਜਾਣ ਲੈਣ ਦੀ ਉਤਸੁਕਤਾ ਹੈ।
ਜੇ ਕੋਈ ਤੱਤ ਗਿਆਨੀ ਇਹ ਸਮਝੇ ਕਿ ਉਹੀ ਸਭ ਤੋਂ ਵੱਡਾ ਗਿਆਨੀ ਹੈ ਅਤੇ ਹੋਰ ਸਾਰੇ ਅਗਿਆਨੀ ਹਨ, ਤਾਂ ਇਹ ਉਸ ਦੀ ਵੱਡੀ ਭੁੱਲ ਹੋਵੇਗੀ। ਧਰਮ ਦਾ ਅਨੁਸਰਣ ਕਰਨ ਵਾਲਾ ਕਦੇ ਵੀ ਇਹ ਨਹੀਂ ਕਹਿੰਦਾ ਕਿ ਤੁਹਾਡਾ ਮਾਰਗ ਠੀਕ ਨਹੀਂ ਹੈ। ਸੱਚੇ ਧਾਰਮਿਕ ਵਿਅਕਤੀ ਦਾ ਕੰਮ ਹੈ ਆਪਣੇ ਧਰਮ ਦਾ ਸਹੀ ਢੰਗ ਨਾਲ ਪਾਲਣ ਕਰਨਾ। ਨਿੰਮ ਦਾ ਰੁੱਖ ਕਦੇ ਵੀ ਇਹ ਇੱਛਾ ਨਹੀਂ ਕਰਦਾ ਕਿ ਉਹ ਅੰਬ ਦੇ ਰੁੱਖ ਵਾਂਗ ਫਲ ਦੇਵੇ।
ਨਿੰਮ ਦਾ ਕੌੜਾ ਹੋਣਾ ਹੀ ਉਸ ਦੀ ਪ੍ਰਕਿਰਤੀ ਹੈ, ਉਸ ਦਾ ਧਰਮ ਹੈ। ਜੋ ਭਗਤ ਹੈ, ਉਹ ਕਰਮ-ਮਾਰਗੀ ਨੂੰ ਕਰਮ ਕਰਦੇ ਵੇਖ ਕੇ ਇਹ ਸੋਚੇ ਕਿ ਜਿਸ ਕੋਲ ਪ੍ਰਭੂ ਦਾ ਭਜਨ ਕਰਨ ਦੀ ਥੋੜ੍ਹੀ ਵੀ ਵਿਹਲ ਨਹੀਂ ਹੈ, ਉਹ ਰੱਬ ਨੂੰ ਕਿਵੇਂ ਪ੍ਰਾਪਤ ਕਰੇਗਾ, ਤਾਂ ਉਹ ਕਰਮ-ਮਾਰਗੀ ਵਿਅਕਤੀ ਨੂੰ ਸਹੀ ਤਰੀਕੇ ਨਾਲ ਨਹੀਂ ਸਮਝ ਸਕਿਆ। ਧਰਮ ਨੇ ਕਰਮ ਦੀ ਤੀਬਰਤਾ ਦੇ ਰੂਪ ਵਿਚ ਕਰਮ-ਯੋਗੀ ਦੇ ਹਿਰਦੇ ਵਿਚ ਆਧਾਰ ਲਿਆ ਹੈ।
ਧਰਮ ਦਾ ਆਖ਼ਰੀ ਨਤੀਜਾ ਹੈ ਹਿਰਦੇ ਦੀ ਨਿਰਮਲਤਾ। ਆਤਮਾ ਦਾ ਭਲਾ ਕਰਮ ਗਤੀ ਨਾਲ ਹੋ ਰਿਹਾ ਹੈ, ਫਿਰ ਭਾਵੇਂ ਉਸ ਦੇ ਕੋਲ ਪ੍ਰਭੂ ਦਾ ਨਾਮ ਜਪਣ ਲਈ ਇਕ ਵੀ ਪਲ ਦਾ ਸਮਾਂ ਨਾ ਹੋਵੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਪੂਰੀਆਂ ਕਰਨ ਨਾਲ ਹੀ ਅਸੀਂ ਸਾਰੇ ਆਪਣੀ ਆਖ਼ਰੀ ਅਤੇ ਲਾਜ਼ਮੀ ਸੇਵਾ-ਮੁਕਤੀ ਵੱਲ ਅੱਗੇ ਵਧਦੇ ਹਾਂ।
ਮੇਰਾ ਕਰਮ ਤੁਹਾਡੇ ਕਰਮ ਤੋਂ ਵੱਖਰਾ ਪ੍ਰਤੀਤ ਹੋ ਸਕਦਾ ਹੈ ਪਰ ਮੇਰਾ ਧਰਮ, ਤੁਹਾਡਾ ਧਰਮ ਵੱਖਰਾ ਨਹੀਂ ਹੋ ਸਕਦਾ। ਅਸਲ ਵਿਚ ਸੱਚ ਸਿਰਫ਼ ਇੰਨਾ ਹੀ ਹੈ ਕਿ ਧਰਮ ਪਾਤਰ ਮੁਤਾਬਕ ਵੱਖ-ਵੱਖ ਭਾਵ ਧਾਰਨ ਕਰਦਾ ਹੈ। ਧਾਰਾ ਦੀ ਉਤਪਤੀ ਇਕ ਹੀ ਹੁੰਦੀ ਹੈ। ਅੱਗੇ ਚੱਲ ਕੇ ਉਹ ਕਿੰਨੀਆਂ ਹੀ ਧਾਰਾਵਾਂ ਵਿਚ ਵੰਡ ਹੋ ਜਾਵੇ, ਉਸ ਨਾਲ ਪਾਣੀ ਦੀ ਪ੍ਰਕਿਰਤੀ ’ਤੇ ਕੋਈ ਪ੍ਰਭਾਵ ਨਹੀਂ ਪੈਂਦਾ।
ਟਵਿੰਕਲ ਤੋਮਰ ਸਿੰਘ।