ਅਸੀਂ ਆਪਣੀਆਂ ਅੱਖਾਂ ਬੰਦ ਕਰਦੇ ਹਾਂ ਅਤੇ ਧਿਆਨ ‘ਸ਼ਿਵਨੇਤਰ’ ਉੱਤੇ ਕੇਂਦਰਿਤ ਕਰਦੇ ਹਾਂ ਜਿਸ ਨੂੰ ਤੀਜੀ ਅੱਖ ਜਾਂ ਦਿੱਵਿਆ-ਚਕਸ਼ੂ ਵੀ ਕਿਹਾ ਜਾਂਦਾ ਹੈ। ਮਨ ਨੂੰ ਸਥਿਰ ਰੱਖਣ ਲਈ ਅਸੀਂ ਪ੍ਰਭੂ ਦੇ ਨਾਵਾਂ ਦਾ ਜਾਪ ਕਰਦੇ ਹਾਂ।

ਦੁਨੀਆ ਭਰ ਵਿਚ ਹਰ ਕੋਈ ਕਿਸੇ ਨਾ ਕਿਸੇ ਰੂਪ ਵਿਚ ਪਿਤਾ-ਪਰਮੇਸ਼ਵਰ ਦੀ ਪੂਜਾ ਕਰਦਾ ਹੈ। ਹਰ ਧਰਮ ਦੀ ਆਪਣੀ ਉਪਾਸਨਾ ਪੱਧਤੀ ਹੁੰਦੀ ਹੈ, ਹਾਲਾਂਕਿ ਸਾਰਿਆਂ ਦਾ ਮੁੱਖ ਟੀਚਾ ਸਿਰਫ਼ ਪ੍ਰਭੂ ਦਾ ਧਿਆਨ ਕਰਨਾ ਹੈ। ਬਹੁਤ ਸਾਰੇ ਲੋਕ ਇਹ ਦਿਖਾਉਂਦੇ ਹਨ ਕਿ ਉਹ ਪੂਜਾ ਦੇ ਅਸਥਾਨ ’ਤੇ ਸੇਵਾਵਾਂ ਵਿਚ ਹਿੱਸਾ ਲੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਨਾਲ ਪਿਆਰ ਕਰਦੇ ਹਨ। ਵੱਖ-ਵੱਖ ਧਰਮਾਂ ਅਤੇ ਸ਼ਾਸਤਰਾਂ ਦੇ ਅਧਿਐਨ ਤੋਂ ਇਹ ਪਤਾ ਲੱਗਦਾ ਹੈ ਕਿ ਪ੍ਰਭੂ ਨੂੰ ਪ੍ਰਾਪਤ ਕਰਨ ਦਾ ਮਾਰਗ ਸਿਰਫ਼ ਮਨੁੱਖ ਦੇ ਅੰਦਰ ਜਾ ਕੇ ਹੀ ਮਿਲਦਾ ਹੈ।
ਇਸ ਲਈ ਸਾਨੂੰ ਆਪਣੇ ਸਰੀਰ ਅਤੇ ਮਨ ਨੂੰ ਸ਼ਾਂਤ ਕਰਨਾ ਪੈਂਦਾ ਹੈ। ਪ੍ਰਭੂ ਦਾ ਅਹਿਸਾਸ ਅਸੀਂ ਧਿਆਨ-ਅਭਿਆਸ ਜ਼ਰੀਏ ਕਰ ਸਕਦੇ ਹਾਂ। ਧਿਆਨ-ਅਭਿਆਸ ਕਰਦੇ ਸਮੇਂ ਸਾਨੂੰ ਬਾਹਰਲੀਆਂ ਵਸਤਾਂ ਤੋਂ ਧਿਆਨ ਹਟਾਉਣ ਦੀ ਲੋੜ ਹੈ। ਰੱਬ ਆਨੰਦ, ਚੇਤਨਾ ਅਤੇ ਪਿਆਰ ਦਾ ਮਹਾਸਾਗਰ ਹੈ। ਪਿਆਰ, ਆਨੰਦ ਅਤੇ ਚੇਤਨਾ ਦੇ ਇਸ ਮਹਾਸਾਗਰ ਨਾਲ ਸਾਡਾ ਮਿਲਾਪ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਧਿਆਨ-ਅਭਿਆਸ ਵਿਚ ਬੈਠਦੇ ਹਾਂ ਅਤੇ ਆਪਣੇ ਅੰਦਰ ਪ੍ਰਭੂ ਨਾਲ ਗੱਲ ਕਰਦੇ ਹਾਂ। ਧਿਆਨ-ਅਭਿਆਸ ਕਰਨ ਲਈ ਇਕ ਸ਼ਾਂਤ ਜਗ੍ਹਾ ਲੱਭ ਕੇ ਅਸੀਂ ਆਰਾਮ ਨਾਲ ਬੈਠਦੇ ਹਾਂ।
ਅਸੀਂ ਆਪਣੀਆਂ ਅੱਖਾਂ ਬੰਦ ਕਰਦੇ ਹਾਂ ਅਤੇ ਧਿਆਨ ‘ਸ਼ਿਵਨੇਤਰ’ ਉੱਤੇ ਕੇਂਦਰਿਤ ਕਰਦੇ ਹਾਂ ਜਿਸ ਨੂੰ ਤੀਜੀ ਅੱਖ ਜਾਂ ਦਿੱਵਿਆ-ਚਕਸ਼ੂ ਵੀ ਕਿਹਾ ਜਾਂਦਾ ਹੈ। ਮਨ ਨੂੰ ਸਥਿਰ ਰੱਖਣ ਲਈ ਅਸੀਂ ਪ੍ਰਭੂ ਦੇ ਨਾਵਾਂ ਦਾ ਜਾਪ ਕਰਦੇ ਹਾਂ। ਧਿਆਨ-ਅਭਿਆਸ ਦੀ ਇਸ ਕਲਾ ਨੂੰ ਅਸੀਂ ਸਮੇਂ ਦੇ ਕਿਸੇ ਪੂਰਨ ਗੁਰੂ ਤੋਂ ਸਿੱਖ ਸਕਦੇ ਹਾਂ ਜੋ ਸਾਨੂੰ ਸਾਡੇ ਅੰਦਰ ਪ੍ਰਭੂ ਦੀ ਜੋਤ ਦਾ ਅਹਿਸਾਸ ਕਰਵਾਉਂਦੇ ਹਨ। ਤਦ ਹੀ ਅਸੀਂ ਆਪਣੇ ਅੰਦਰ ਰੂਹਾਨੀ ਯਾਤਰਾ ਕਰ ਕੇ ਪ੍ਰਭੂ ਦੇ ਅੰਤਰ ਮੰਡਲਾਂ ਦਾ ਪਤਾ ਲਗਾ ਸਕਦੇ ਹਾਂ। ਜਦੋਂ ਵੀ ਅਸੀਂ ਕੁਝ ਨਵਾਂ ਸਿੱਖਣਾ ਚਾਹੁੰਦੇ ਹਾਂ ਤਾਂ ਅਧਿਆਪਕ ਕੋਲ ਜਾਂਦੇ ਹਾਂ।
ਬਿਲਕੁਲ ਇਸੇ ਤਰ੍ਹਾਂ ਜੇ ਅਸੀਂ ਰੂਹਾਨੀ ਵਿੱਦਿਆ ਵਿਚ ਨਿਪੁੰਨ ਹੋਣਾ ਹੈ ਤਾਂ ਸਾਨੂੰ ਕਿਸੇ ਪੂਰਨ ਗੁਰੂ ਦੇ ਚਰਨਾਂ ਵਿਚ ਜਾਣਾ ਪਵੇਗਾ ਕਿਉਂਕਿ ਜੋ ਪ੍ਰਭੂ ਦੇ ਦਿੱਵਿਆ ਪ੍ਰਕਾਸ਼ ਦਾ ਅਨੁਭਵ ਉਹ ਸਾਨੂੰ ਦਿੰਦੇ ਹਨ, ਉਹ ਕਿਤਾਬਾਂ ਨਹੀਂ ਦੇ ਸਕਦੀਆਂ। ਪ੍ਰਭੂ ਪ੍ਰਤੀ ਸੱਚਾ ਪਿਆਰ ਤੇ ਚਿੰਤਨ ਧਿਆਨ-ਅਭਿਆਸ ਜ਼ਰੀਏ ਪ੍ਰਭੂ ਨੂੰ ਪਾਉਣਾ ਹੈ। ਨਿੱਤ ਦਿਨ ਧਿਆਨ-ਅਭਿਆਸ ਵਿਚ ਸਮਾਂ ਦੇਣ ਨਾਲ ਸਾਨੂੰ ਆਪਣੇ ਸੱਚੇ ਸਰੂਪ, ਅਰਥਾਤ ਆਤਮਾ ਬਾਰੇ ਜਾਣਨ ਵਿਚ ਮਦਦ ਮਿਲਦੀ ਹੈ।
ਜਦੋਂ ਅਸੀਂ ਆਪਣੇ ਅੰਦਰ ਪ੍ਰਵੇਸ਼ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਅੰਦਰ ਪ੍ਰਭੂ ਦਾ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉਸ ਤੋਂ ਬਾਅਦ ਹੀ ਸਾਨੂੰ ਇਹ ਅਨੁਭਵ ਹੁੰਦਾ ਹੈ ਕਿ ਪ੍ਰਭੂ ਦਾ ਜੋ ਪ੍ਰਕਾਸ਼ ਸਾਡੇ ਅੰਦਰ ਹੈ, ਉਹੀ ਦੂਜਿਆਂ ਵਿਚ ਵੀ ਹੈ, ਤਾਂ ਸਾਨੂੰ ਦੂਜੇ ਕੋਈ ਹੋਰ ਨਹੀਂ ਲੱਗਦੇ। ਇਸ ਦੁਨੀਆ ਦੇ ਬਾਹਰਲੇ ਮਤਭੇਦ ਜੋ ਮਨੁੱਖ ਨੂੰ ਮਨੁੱਖ ਤੋਂ ਅਲੱਗ ਕਰਦੇ ਹਨ, ਹੌਲੀ-ਹੌਲੀ ਸਾਡੇ ਅੰਦਰੋਂ ਮਿਟਣ ਲੱਗਦੇ ਹਨ।
-ਸੰਤ ਰਾਜਿੰਦਰ ਸਿੰਘ।