ਉੱਨਤ ਜੀਵਨ ਦੀ ਕੂੰਜੀ
ਹਨੂੰਮਾਨ ਜੀ ਦੇ ਜੀਵਨ-ਚਰਿੱਤਰ ’ਤੇ ਗ਼ੌਰ ਕਰਨ ਨਾਲ ਸਾਫ਼-ਸਪਸ਼ਟ ਹੁੰਦਾ ਹੈ ਕਿ ਉਹ ਹਰ ਕੰਮ ਤੋਂ ਪਹਿਲਾਂ ਸੂਝ-ਬੂਝ ਅਤੇ ਵਿਵੇਕ ਦਾ ਇਸਤੇਮਾਲ ਕਰਦੇ ਹਨ। ਹਨੂੰਮਾਨ ਚਾਲੀਸਾ ਦੀ ਹਰ ਚੌਪਾਈ ਵਿਚ ਉਨ੍ਹਾਂ ਦੀ ਚੁਸਤ ਪ੍ਰਬੰਧਨ ਸ਼ੈਲੀ ਦੀ ਝਲਕ ਮਿਲਦੀ ਹੈ।
Publish Date: Thu, 09 Apr 2026 11:25 PM (IST)
Updated Date: Fri, 10 Apr 2026 07:41 AM (IST)
ਹਰ ਮਨੁੱਖ ਚਾਹੁੰਦਾ ਹੈ ਕਿ ਉਸ ਦਾ ਜੀਵਨ ਆਨੰਦਮਈ ਅਤੇ ਉੱਨਤ ਹੋਵੇ। ਇਸ ਦੇ ਲਈ ਬੇਹੱਦ ਸੁਚੱਜੀ ਯੋਜਨਾ ਅਤੇ ਉੱਤਮ ਜੀਵਨ ਪ੍ਰਬੰਧਨ ਦੇ ਤੌਰ-ਤਰੀਕਿਆਂ ਨੂੰ ਵੀ ਅਪਣਾਉਣਾ ਚਾਹੀਦਾ ਹੈ। ਉੱਨਤ ਪ੍ਰਾਪਤੀ ਲਈ ਉੱਤਮ ਨੀਤੀ ਦੀ ਲੋੜ ਹੁੰਦੀ ਹੈ। ਇਸ ਲਈ ਸਾਨੂੰ ਖ਼ਾਸ ਲੋਕਾਂ ਦੀ ਜੀਵਨਸ਼ੈਲੀ ਦਾ ਮੁਲਾਂਕਣ ਕਰਦੇ ਰਹਿਣਾ ਚਾਹੀਦਾ ਹੈ।
ਮਰਿਆਦਾ ਪੁਰਸ਼ੋਤਮ ਸ੍ਰੀਰਾਮ ਨੂੰ ਆਦਰਸ਼ ਮੰਨ ਕੇ ਪੂਜਿਆ ਜਾਂਦਾ ਹੈ। ਜਦੋਂ ਸ੍ਰੀਰਾਮ ਦੀ ਵਨਵਾਸ ਦੌਰਾਨ ਹਨੂੰਮਾਨ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਦੀ ਨਿਮਰਤਾ ਅਤੇ ਸ਼ਬਦਾਂ ਨੂੰ ਸੁਣ ਕੇ ਸ੍ਰੀਰਾਮ ਇੰਨੇ ਪ੍ਰਭਾਵਿਤ ਹੋਏ ਕਿ ਆਪਣੇ ਭਰਾ ਲਛਮਣ ਨੂੰ ਕਿਹਾ, “ਲਛਮਣ, ਹਨੂੰਮਾਨ ਦੀ ਭਾਸ਼ਾ ਸੁਣ ਕੇ ਲੱਗਦਾ ਹੈ ਕਿ ਉਸ ਨੂੰ ਵੇਦਾਂ ਦੀ ਸਮੁੱਚੀ ਜਾਣਕਾਰੀ ਹੈ, ਉਸ ਨੂੰ ਪ੍ਰਣਾਮ ਕਰੋ।” ਹਨੂੰਮਾਨ ਜੀ ਦੀ ਵਿਸ਼ੇਸ਼ ਜੀਵਨਸ਼ੈਲੀ ਦੇਖ ਕੇ ਸ੍ਰੀਰਾਮ ਨੇ ਉਨ੍ਹਾਂ ਨੂੰ ਆਪਣਾ ਵਿਸ਼ੇਸ਼ ਦੂਤ ਬਣਾ ਲਿਆ। ਹਨੂੰਮਾਨ ਜੀ ਲੋਕਾਂ ਲਈ ਪੂਜਨੀਕ ਹੋ ਗਏ।
ਹਨੂੰਮਾਨ ਜੀ ਦੇ ਜੀਵਨ-ਚਰਿੱਤਰ ’ਤੇ ਗ਼ੌਰ ਕਰਨ ਨਾਲ ਸਾਫ਼-ਸਪਸ਼ਟ ਹੁੰਦਾ ਹੈ ਕਿ ਉਹ ਹਰ ਕੰਮ ਤੋਂ ਪਹਿਲਾਂ ਸੂਝ-ਬੂਝ ਅਤੇ ਵਿਵੇਕ ਦਾ ਇਸਤੇਮਾਲ ਕਰਦੇ ਹਨ। ਹਨੂੰਮਾਨ ਚਾਲੀਸਾ ਦੀ ਹਰ ਚੌਪਾਈ ਵਿਚ ਉਨ੍ਹਾਂ ਦੀ ਚੁਸਤ ਪ੍ਰਬੰਧਨ ਸ਼ੈਲੀ ਦੀ ਝਲਕ ਮਿਲਦੀ ਹੈ। ਹਨੂੰਮਾਨ ਚਾਲੀਸਾ ਵਿਚ “ਹਾਥ ਬਜ੍ਰ ਔਰ ਧਵਜਾ ਵਿਰਾਜੇ...” ਪੰਕਤੀ ’ਤੇ ਧਿਆਨ ਦਿਉ ਤਾਂ ਹਨੂੰਮਾਨ ਜੀ ਕਿਸੇ ਟੀਚੇ ਦੀ ਪ੍ਰਾਪਤੀ ਲਈ “ਹਾਥ ਬਜ੍ਰ” ਦਾ ਮਤਲਬ ਸਖ਼ਤ ਮਿਹਨਤ ਨਾਲ “ਧਵਜਾ ਵਿਰਾਜੇ” ਦਾ ਮਤਲਬ ਆਪਣੀ ਯੋਜਨਾ ਨਾਲ ਰੱਖਦੇ ਹਨ। ਮਿਹਨਤ ਤੇ ਟੀਚੇ ਦਾ ਤਾਲਮੇਲ ਹੀ ਉੱਨਤ ਜੀਵਨ ਦਾ ਪ੍ਰਬੰਧਨ ਹੁੰਦਾ ਹੈ।
ਜਿੱਥੇ ਲੋੜ ਹੁੰਦੀ ਹੈ, ਉੱਥੇ ਉਹ ਸੂਖਮ ਰੂਪ ਧਾਰਨ ਕਰਦੇ ਹਨ ਅਤੇ ਜੇ ਜ਼ਰੂਰਤ ਪੈ ਜਾਂਦੀ ਹੈ, ਤਾਂ ਵਿਸ਼ਾਲ ਰੂਪ ਧਾਰਨ ਕਰ ਲੈਂਦੇ ਹਨ। “ਸੂਖਮ ਰੂਪ ਧਰਿ ਸਿਯਹਿੰ ਦਿਖਾਵਾ, ਵਿਕਟ ਰੂਪ ਧਰਿ ਲੰਕ ਜਰਾਵਾ।” ਚੌਪਾਈ ਵਿਚ ਦਿਸ ਰਿਹਾ ਹੈ ਕਿ ਉਹ ਸੀਤਾ ਜੀ ਦੇ ਸਾਹਮਣੇ ਅਤਿਅੰਤ ਸੂਖਮ ਰੂਪ ਇਸ ਲਈ ਧਾਰਨ ਕਰਦੇ ਹਨ ਤਾਂ ਜੋ ਰਾਵਣ ਦੇ ਨਾਸ਼ ਦੀ ਸ੍ਰੀਰਾਮ ਦੀ ਯੋਜਨਾ ਸਿਰਫ਼ ਸੀਤਾ ਜੀ ਹੀ ਜਾਣ ਸਕਣ, ਹੋਰ ਕੋਈ ਨਹੀਂ ਪਰ ਲੰਕਾ ਦੀ ਨਕਾਰਾਤਮਕਤਾ ਨੂੰ ਸਾੜਨ ਲਈ ਪੂਰੀ ਤਾਕਤ ਪ੍ਰਗਟ ਕਰਦੇ ਹਨ ਤਾਂ ਜੋ ਦੁਸ਼ਮਣ ਧਿਰ ਜਾਣ ਸਕੇ ਕਿ ਸ੍ਰੀਰਾਮ ਕਿੰਨੇ ਮਜ਼ਬੂਤ ਹਨ।
-ਸਲਿਲ ਪਾਂਡੇ।