ਨੀਂਦ ਦਾ ਮਹੱਤਵ
ਦਿਨ ਭਰ ਦੀ ਥਕਾਵਟ ਤੋਂ ਬਾਅਦ ਇਕ ਚੰਗੀ ਨੀਂਦ ਲੈਣ ਨਾਲ ਸਾਡੇ ਅੰਦਰ ਊਰਜਾ ਦਾ ਦੁਬਾਰਾ ਸੰਚਾਰ ਹੋ ਜਾਂਦਾ ਹੈ। ਕੰਮ ਦੌਰਾਨ ਸਾਡੀਆਂ ਮਾਸਪੇਸ਼ੀਆਂ ਤੇ ਕੋਸ਼ਿਕਾਵਾਂ ’ਚ ਜੋ ਥਕਾਵਟ ਤੇ ਜੜਤਾ ਆਉਣ ਲੱਗਦੀ ਹੈ, ਨੀਂਦ ਉਨ੍ਹਾਂ ਦੀ ਮੁਰੰਮਤ ਕਰ ਕੇ ਵਿਕਾਰਾਂ ਨੂੰ ਦੂਰ ਕਰਦੀ ਹੈ।
Publish Date: Sun, 22 Mar 2026 11:10 PM (IST)
Updated Date: Mon, 23 Mar 2026 07:39 AM (IST)
ਨੀਂਦ ਹਰ ਜੀਵ ਦੀ ਕੁਦਰਤੀ ਜ਼ਰੂਰਤ ਹੈ। ਕੁਦਰਤ ਨੇ ਸਾਡੇ ਜੀਵਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਦੋ ਮਹੱਤਵਪੂਰਨ ਵਿਵਸਥਾਵਾਂ ਕੀਤੀਆਂ ਹਨ। ਪਹਿਲੀ ਹੈ-ਅੰਦਰੂਨੀ ਊਰਜਾ ਨੂੰ ਇਕੱਠਾ ਕਰਨਾ। ਇਹ ਇਕੱਠੀ ਕੀਤੀ ਊਰਜਾ ਸਾਨੂੰ ਰੋਜ਼ਾਨਾ ਕੰਮਾਂ ਨੂੰ ਕਰਨ ਦੀ ਤਾਕਤ ਪ੍ਰਦਾਨ ਕਰਦੀ ਹੈ। ਲਗਾਤਾਰ ਕੰਮ ਕਰਦੇ ਰਹਿਣ ਕਾਰਨ ਇਕ ਸਮਾਂ ਅਜਿਹਾ ਹੁੰਦਾ ਹੈ, ਜਦ ਸਾਡੀ ਊਰਜਾ ਖ਼ਤਮ ਹੋਣ ਲੱਗਦੀ ਹੈ ਤੇ ਅਸੀਂ ਥਕਾਵਟ ਦਾ ਤਜਰਬਾ ਕਰਦੇ ਹੋਏ ਅੱਗੇ ਕੰਮ ਕਰਨ ’ਚ ਅਸਮਰੱਥ ਹੋ ਜਾਂਦੇ ਹਾਂ। ਅਜਿਹੀ ਸਥਿਤੀ ਲਈ ਕੁਦਰਤ ਨੇ ਦੂਜੀ ਵਿਵਸਥਾ ਨੀਂਦ ਦੀ ਕੀਤੀ ਹੈ।
ਦਿਨ ਭਰ ਦੀ ਥਕਾਵਟ ਤੋਂ ਬਾਅਦ ਇਕ ਚੰਗੀ ਨੀਂਦ ਲੈਣ ਨਾਲ ਸਾਡੇ ਅੰਦਰ ਊਰਜਾ ਦਾ ਦੁਬਾਰਾ ਸੰਚਾਰ ਹੋ ਜਾਂਦਾ ਹੈ। ਕੰਮ ਦੌਰਾਨ ਸਾਡੀਆਂ ਮਾਸਪੇਸ਼ੀਆਂ ਤੇ ਕੋਸ਼ਿਕਾਵਾਂ ’ਚ ਜੋ ਥਕਾਵਟ ਤੇ ਜੜਤਾ ਆਉਣ ਲੱਗਦੀ ਹੈ, ਨੀਂਦ ਉਨ੍ਹਾਂ ਦੀ ਮੁਰੰਮਤ ਕਰ ਕੇ ਵਿਕਾਰਾਂ ਨੂੰ ਦੂਰ ਕਰਦੀ ਹੈ। ਠੀਕ ਨੀਂਦ ਨਾਲ ਸਰੀਰ ’ਚ ਹਾਰਮੋਨ ਸੰਤੁਲਿਤ ਰਹਿੰਦੇ ਹਨ ਤੇ ਰੋਗ ਵਿਰੋਧੀ ਸਮਰੱਥਾ ਵਧਦੀ ਹੈ। ਇਹ ਤਣਾਅ ਨੂੰ ਘੱਟ ਕਰਨ, ਮੂਡ ਨੂੰ ਸਥਿਰ ਕਰਨ ਤੇ ਇਕਾਗਰਤਾ ਅਤੇ ਯਾਦ ਸ਼ਕਤੀ ਵਧਾਉਣ ’ਚ ਸਹਾਈ ਹੁੰਦੀ ਹੈ। ਨੀਂਦ ਦਿਮਾਗ਼ ’ਚ ਦਿਨ ਭਰ ਆਏ ਜ਼ਹਿਰੀਲੇ ਪਦਾਰਥਾਂ ਨੂੰ ਸਾਫ਼ ਕਰਦੀ ਹੈ।
ਇਹ ਸਾਡੀ ਭਾਵਨਾਤਮਕ ਸਿਹਤ ਲਈ ਇਕ ਰੀਸੈੱਟ ਬਟਨ ਦੀ ਤਰ੍ਹਾਂ ਕੰਮ ਕਰਦੀ ਹੈ, ਜਿਸ ਨਾਲ ਰਚਨਾਤਮਕਤਾ ਤੇ ਫ਼ੈਸਲੇ ਲੈਣ ਦੀ ਸਮਰੱਥਾ ’ਚ ਸੁਧਾਰ ਹੁੰਦਾ ਹੈ। ਨੀਂਦ ਦੇ ਇਹ ਲਾਭ ਵਿਅਕਤੀ ਨੂੰ ਤਦ ਪ੍ਰਾਪਤ ਹੋ ਸਕਦੇ ਹਨ, ਜਦ ਉਸ ਦੀ ਨੀਂਦ ਡੂੰਘੀ ਤੇ ਗੁਣਵੱਤਾਪੂਰਨ ਹੋਵੇ।
ਅਜਿਹੀ ਨੀਂਦ ਸਰੀਰਕ ਅਤੇ ਮਾਨਸਿਕ ਮਿਹਨਤ ਨਾਲ ਪੈਦਾ ਥਕਾਵਟ ਤੋਂ ਬਾਅਦ ਹੀ ਆਉਂਦੀ ਹੈ। ਜੇ ਕੋਈ ਵਿਅਕਤੀ ਬਿਨਾਂ ਕਿਸੇ ਮਿਹਨਤ ਦੇ ਸਿਰਫ਼ ਆਲਸ ਕਾਰਨ ਬਿਸਤਰੇ ’ਤੇ ਪਿਆ-ਪਿਆ ਸੌਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਨੀਂਦ ਦੇ ਅਸਲ ਲਾਭ ਸ਼ਾਇਦ ਹੀ ਮਿਲਣ। ਇਸ ਲਈ ਇਕ ਸਰਗਰਮ ਤੇ ਊਰਜਾਵਾਨ ਜੀਵਨ ਲਈ ਮਨੁੱਖ ਨੂੰ ਆਲਸ ਦਾ ਤਿਆਗ ਕਰ ਕੇ ਆਪਣੇ ਰੋਜ਼ਾਨਾ ਦੇ ਕੰਮਾਂ ’ਚ ਕੋਸ਼ਿਸ਼ ਤੇ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਨਾਲ ਨਾ ਸਿਰਫ਼ ਭੌਤਿਕ ਲਾਭ ਹਾਸਲ ਹੋਣਗੇ, ਬਲਕਿ ਇਸ ਨਾਲ ਆਉਣ ਵਾਲੀ ਚੰਗੀ ਨੀਂਦ ਵਿਅਕਤੀ ਨੂੰ ਸਦਾ ਚੁਸਤ ਬਣਾਈ ਰੱਖੇਗੀ।
-ਡਾ. ਅਰੁਣ ਕੁਮਾਰ ਤਿਵਾੜੀ