ਦਿਲੋਂ ਪਿਆਰ ਦੀ ਮਹੱਤਤਾ
ਨੇੜਤਾ ਜਿੱਥੇ ਅਪਣੱਤ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ, ਓਥੇ ਹੀ ਦੂਰੀ ਸਬਰ, ਵਿਸ਼ਵਾਸ ਅਤੇ ਸਹਿਣਸ਼ੀਲਤਾ ਦਾ ਸੰਸਕਾਰ ਦਿੰਦੀ ਹੈ। ਇਹ ਪਰਸਪਰ ਵਿਰੋਧੀ ਸਥਿਤੀਆਂ ਪ੍ਰੇਮ ਨੂੰ ਕਮਜ਼ੋਰ ਨਹੀਂ ਕਰਦੀਆਂ ਬਲਕਿ ਉਸ ਨੂੰ ਜ਼ਿਆਦਾ ਪਰਪੱਕ ਅਤੇ ਸਥਾਈ ਬਣਾਉਂਦੀਆਂ ਹਨ।
Publish Date: Wed, 18 Feb 2026 11:03 PM (IST)
Updated Date: Thu, 19 Feb 2026 07:35 AM (IST)
ਪਿਆਰ ਕੋਈ ਸਾਧਾਰਨ ਭਾਵਨਾ ਨਹੀਂ ਹੈ ਸਗੋਂ ਇਹ ਸਵੈ-ਪੜਚੌਲ ਦੀ ਇਕ ਗੰਭੀਰ ਅਤੇ ਲੰਬੀ ਯਾਤਰਾ ਹੈ ਜਿਸ ਵਿਚ ਮਨੁੱਖ ਆਪਣੇ ਹੰਕਾਰ ਦੇ ਸੀਮਤ ਦਾਇਰੇ ਤੋਂ ਬਾਹਰ ਨਿਕਲ ਕੇ ਵਿਆਪਕ ਸਮਰਪਣ ਭਾਵ ਨੂੰ ਅਪਣਾਉਂਦਾ ਹੈ। ਇਹ ਸਮਰਪਣ ਦੁਰਬਲਤਾ ਦਾ ਸੂਚਕ ਨਹੀਂ ਹੁੰਦਾ ਸਗੋਂ ਮਨੁੱਖ ਨੂੰ ਅੰਦਰੂਨੀ ਸੱਚ ਦੇ ਜ਼ਿਆਦਾ ਨੇੜੇ ਲੈ ਕੇ ਜਾਂਦਾ ਹੈ ਜੋ ਭੈਅ, ਸੰਕੋਚ ਅਤੇ ਹੰਕਾਰ ਦੀਆਂ ਪਰਤਾਂ ਵਿਚ ਲੁਕਿਆ ਰਹਿੰਦਾ ਹੈ।
ਪ੍ਰੇਮ ਵਿਅਕਤੀ ਨੂੰ ਆਪਣਾ-ਆਪ ਲੋਪ ਕਰਨ ਲਈ ਨਹੀਂ ਸਗੋਂ ਅੰਦਰੂਨੀ ਰੂਪਾਂਤਰਨ ਅਤੇ ਚੇਤਨਾ ਦੇ ਵਿਸਥਾਰ ਲਈ ਪ੍ਰੇਰਿਤ ਕਰਦਾ ਹੈ ਜਿੱਥੇ ਉਸ ਦੀ ਮੌਜੂਦਗੀ ਕਿਸੇ ਹੋਰ ਦੇ ਨਾਲ ਜੁੜ ਕੇ ਜੀਵਨ ਦੇ ਵਿਆਪਕ ਅਰਥਾਂ ਨੂੰ ਸਮਝਣ ਲੱਗਦੀ ਹੈ। ਖਲੀਲ ਜਿਬਰਾਨ ਨੇ ਪ੍ਰੇਮ ਦੇ ਸਬੰਧ ਵਿਚ ਸੱਚ ਹੀ ਕਿਹਾ ਹੈ-ਪ੍ਰੇਮ ਮੌਤ ਤੋਂ ਵੱਧ ਸ਼ਕਤੀਸ਼ਾਲੀ ਹੈ, ਮੌਤ ਜੀਵਨ ਨਾਲੋਂ ਜ਼ਿਆਦਾ ਤਾਕਤਵਰ ਹੈ। ਇਹ ਜਾਣਦੇ ਹੋਏ ਵੀ ਮਨੁੱਖ-ਮਨੁੱਖ ਦੇ ਵਿਚਾਲੇ ਕਿੰਨੀ ਸੌੜੀ ਹੱਦਬੰਦੀ ਮੌਜੂਦ ਹੈ।’ ਪ੍ਰੇਮ ਆਪਣੇ ਅੰਦਰ ਆਪਾ-ਵਿਰੋਧਾਂ ਨੂੰ ਸਮੇਟੀ ਰੱਖਦਾ ਹੈ ਜੋ ਆਪਣੇ ਸਰੂਪ ਨੂੰ ਪ੍ਰਗਟ ਵੀ ਕਰਦੇ ਹਨ। ਪ੍ਰੇਮ ਅਪਾਰ ਅਨੰਦ ਦਾ ਸਰੋਤ ਹੋਣ ਦੇ ਨਾਲ ਹੀ ਬਿਰਹਾ ਅਤੇ ਪੀੜਾ ਦਾ ਅਨੁਭਵ ਵੀ ਕਰਵਾਉਂਦਾ ਹੈ।
ਨੇੜਤਾ ਜਿੱਥੇ ਅਪਣੱਤ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ, ਓਥੇ ਹੀ ਦੂਰੀ ਸਬਰ, ਵਿਸ਼ਵਾਸ ਅਤੇ ਸਹਿਣਸ਼ੀਲਤਾ ਦਾ ਸੰਸਕਾਰ ਦਿੰਦੀ ਹੈ। ਇਹ ਪਰਸਪਰ ਵਿਰੋਧੀ ਸਥਿਤੀਆਂ ਪ੍ਰੇਮ ਨੂੰ ਕਮਜ਼ੋਰ ਨਹੀਂ ਕਰਦੀਆਂ ਬਲਕਿ ਉਸ ਨੂੰ ਜ਼ਿਆਦਾ ਪਰਪੱਕ ਅਤੇ ਸਥਾਈ ਬਣਾਉਂਦੀਆਂ ਹਨ। ਪ੍ਰੇਮ ਸਾਨੂੰ ਇਹ ਸਿਖਾਉਂਦਾ ਹੈ ਕਿ ਸੁੱਖ ਅਤੇ ਦੁੱਖ, ਮਿਲਨ ਤੇ ਬਿਰਹਾ, ਇਹ ਸਾਰੇ ਜੀਵਨ ਦੇ ਲਾਜ਼ਮੀ ਦਿਸਹੱਦੇ ਹਨ ਜਿਨ੍ਹਾਂ ਨੂੰ ਸੰਤੁਲਿਤ ਰੂਪ ਵਿਚ ਸਵੀਕਾਰ ਕਰਨਾ ਹੀ ਜੀਵਨ ਦੀ ਸੰਪੂਰਨਤਾ ਦਾ ਬੋਧ ਕਰਵਾਉਂਦਾ ਹੈ।
ਸ਼ਰਤਚੰਦਰ ਚੈਟਰਜੀ ਨੇ ਤਾਂ ਇੱਥੋਂ ਤੱਕ ਕਿਹਾ ਹੈ, ‘ਪ੍ਰੇਮ ਦੀ ਪਵਿੱਤਰਤਾ ਦਾ ਇਤਿਹਾਸ ਹੀ ਮਨੁੱਖ ਦੀ ਸੱਭਿਅਤਾ ਦਾ ਇਤਿਹਾਸ ਹੈ, ਉਸ ਦਾ ਜੀਵਨ ਹੈ।’ ਆਖ਼ਰਕਾਰ ਪ੍ਰੇਮ ਅਗਿਆਤ ਵੱਲ ਵਧਣ ਦਾ ਸਾਹਸ ਦਿੰਦਾ ਹੈ, ਜਿੱਥੇ ਅਨਿਸ਼ਚਿਤਤਾ ਦੇ ਨਾਲ-ਨਾਲ ਅਨੰਤ ਸੰਭਾਵਨਾਵਾਂ ਵੀ ਮੌਜੂਦ ਹੁੰਦੀਆਂ ਹਨ ਅਤੇ ਇਹੀ ਪ੍ਰੇਮ ਮਨੁੱਖ ਦੀ ਆਤਮਾ ਨੂੰ ਉਸ ਦੇ ਸੰਪੂਰਨ ਪ੍ਰਕਾਸ਼ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ।
-ਕੁਮਾਰ ਨਰਪੇਂਦਰ।