ਨਿਰਸਵਾਰਥ ਸੇਵਾ ਦੀ ਅਹਿਮੀਅਤ
ਇਸੇ ਬਿਰਤੀ ਵਿਚ ਉਪਚਾਰ ਦੀ ਸ਼ਕਤੀ ਮੌਜੂਦ ਹੈ। ਨਿਸ਼ਕਾਮ ਸੇਵਾ ਸਿਰਫ਼ ਕੰਮ ਨੂੰ ਪੂਰਾ ਕਰਨਾ ਨਹੀਂ ਹੈ। ਇਹ ਇਕ ਖੁੱਲ੍ਹੇ ਦਿਲੋਂ ਪ੍ਰੇਮ ਵੰਡਣ ਦੇ ਉਪਚਾਰ ਦਾ ਕਾਰਜ ਹੈ। ਇਹ ਬਹੁਤ ਵੱਡੀ ਸੌਗਾਤ ਹੈ ਜੋ ਪ੍ਰੇਮ ਅਤੇ ਉਪਚਾਰ ਨੂੰ ਦੂਜਿਆਂ ਵਿਚ ਫੈਲਾਉਂਦੀ ਹੈ। ਇਸ ਵਿਚ ਦੇਣ ਵਾਲੇ ਦਾ ਹਿਰਦਾ ਪ੍ਰਸੰਨ ਜਾਂ ਸਿਹਤਮੰਦ ਰਹਿੰਦਾ ਹੈ ਅਤੇ ਉਹ ਮਨੁੱਖ ਪ੍ਰੇਮ ਨਾਲ ਭਰ ਜਾਂਦਾ ਹੈ।
Publish Date: Sun, 15 Mar 2026 12:00 AM (IST)
Updated Date: Sun, 15 Mar 2026 06:45 AM (IST)
ਮਨੁੱਖ ਜੋ ਸਭ ਤੋਂ ਮਹਾਨ ਕਾਰਜ ਕਰ ਸਕਦਾ ਹੈ, ਉਨ੍ਹਾਂ ’ਚੋਂ ਇਕ ਹੈ ਦੂਜਿਆਂ ਦੀ ਸੇਵਾ ਕਰਨਾ। ਸੱਚੀ ਨਿਰਸਵਾਰਥ ਸੇਵਾ ਉਹੀ ਹੈ ਜਿਸ ਵਿਚ ਅਸੀਂ ਬਦਲੇ ਵਿਚ ਕੁਝ ਵੀ ਨਹੀਂ ਚਾਹੁੰਦੇ। ਇਸੇ ਭਾਵਨਾ ਦੇ ਨਾਲ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਨਾਂ, ਸ਼ੋਹਰਤ, ਸੱਤਾ ਅਤੇ ਕੀਰਤੀ ਦਾ ਦੂਜਿਆਂ ਵਿਚ ਪ੍ਰਚਾਰ-ਪ੍ਰਸਾਰ ਨਹੀਂ ਕਰਨਾ ਚਾਹੀਦਾ। ਅਸੀਂ ਦਿਲੋਂ, ਆਤਮਾ ਤੋਂ ਅਤੇ ਮਦਦ ਦੀ ਭਾਵਨਾ ਨਾਲ ਸੇਵਾ ਕਰਦੇ ਹਾਂ ਕਿਉਂਕਿ ਉਸ ਪਿਤਾ-ਪਰਮੇਸ਼ਵਰ ਦੀ ਸੰਤਾਨ ਹੋਣ ਦੇ ਨਾਤੇ ਸਾਡੇ ਲਈ ਇਹੀ ਕੰਮ ਕਰਨਾ ਉੱਚਿਤ ਹੈ।
ਇਸੇ ਬਿਰਤੀ ਵਿਚ ਉਪਚਾਰ ਦੀ ਸ਼ਕਤੀ ਮੌਜੂਦ ਹੈ। ਨਿਸ਼ਕਾਮ ਸੇਵਾ ਸਿਰਫ਼ ਕੰਮ ਨੂੰ ਪੂਰਾ ਕਰਨਾ ਨਹੀਂ ਹੈ। ਇਹ ਇਕ ਖੁੱਲ੍ਹੇ ਦਿਲੋਂ ਪ੍ਰੇਮ ਵੰਡਣ ਦੇ ਉਪਚਾਰ ਦਾ ਕਾਰਜ ਹੈ। ਇਹ ਬਹੁਤ ਵੱਡੀ ਸੌਗਾਤ ਹੈ ਜੋ ਪ੍ਰੇਮ ਅਤੇ ਉਪਚਾਰ ਨੂੰ ਦੂਜਿਆਂ ਵਿਚ ਫੈਲਾਉਂਦੀ ਹੈ। ਇਸ ਵਿਚ ਦੇਣ ਵਾਲੇ ਦਾ ਹਿਰਦਾ ਪ੍ਰਸੰਨ ਜਾਂ ਸਿਹਤਮੰਦ ਰਹਿੰਦਾ ਹੈ ਅਤੇ ਉਹ ਮਨੁੱਖ ਪ੍ਰੇਮ ਨਾਲ ਭਰ ਜਾਂਦਾ ਹੈ। ਜੀਵਨ ਵਿਚ ਕਈ ਵਾਰ ਅਸੀਂ ਅਨੁਭਵ ਕੀਤਾ ਹੋਵੇਗਾ ਕਿ ਕਿਸੇ ਲੋੜਵੰਦ ਨੂੰ ਕੁਝ ਦੇਣ ਜਾਂ ਕੋਈ ਤਿਆਗ ਕਰਨ ਤੋਂ ਬਾਅਦ ਅਕਸਰ ਉਹ ਚੀਜ਼ ਸਾਨੂੰ ਵਾਪਸ ਮਿਲ ਜਾਂਦੀ ਹੈ ਜਾਂ ਹਾਲਾਤ ਹੀ ਬਦਲ ਜਾਂਦੇ ਹਨ ਅਤੇ ਸਾਨੂੰ ਦੇਣ ਦੀ ਲੋੜ ਹੀ ਨਹੀਂ ਪੈਂਦੀ। ਜਦ ਅਸੀਂ ਦੂਜਿਆਂ ਲਈ ਤਿਆਗ ਕਰਦੇ ਹਾਂ ਤਾਂ ਸਾਨੂੰ ਸੰਤੁਸ਼ਟੀ ਮਿਲਦੀ ਹੈ।
ਅਸੀਂ ਪਰਮਾਤਮਾ ਦੇ ਅਸ਼ੀਰਵਾਦ ਦੀ ਬਾਰਿਸ਼ ਨੂੰ ਮਹਿਸੂਸ ਕਰਦੇ ਹੋਏ ਉਸ ਦਾ ਸ਼ੁਕਰਾਨਾ ਕਰਦੇ ਹਾਂ ਕਿ ਅਸੀਂ ਸਵਾਰਥੀ ਹੋਣ ਦੀ ਜਗ੍ਹਾ ਦੇਣਾ ਪਸੰਦ ਕੀਤਾ। ਜੇ ਅਸੀਂ ਸਵਾਰਥੀ ਹੁੰਦੇ ਹਾਂ ਤਾਂ ਅਸੀਂ ਪਛਤਾਵੇ ਅਤੇ ਦੁੱਖ ਨਾਲ ਭਰ ਜਾਂਦੇ ਹਾਂ। ਹਾਲਾਂਕਿ ਦੇਣ ਤੋਂ ਬਾਅਦ ਕਦੇ ਕੋਈ ਪਛਤਾਵਾ ਜਾਂ ਦੁੱਖ ਮਹਿਸੂਸ ਨਹੀਂ ਕਰਦਾ। ਦੇਣ ਦੀ ਖ਼ੁਸ਼ੀ ਤੋਂ ਵਧ ਕੇ ਹੋਰ ਕੋਈ ਖ਼ੁਸ਼ੀ ਨਹੀਂ ਹੁੰਦੀ। ਰੂਹਾਨੀ ਤੌਰ ’ਤੇ ਵਿਕਾਸ ਦਾ ਮਤਲਬ ਇਹ ਹੈ ਕਿ ਜੀਵਨ ਦੀਆਂ ਉਚੇਰੀਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿਚ ਢਾਲਣਾ। ਅਸੀਂ ਆਪਣੇ ਬੋਲਾਂ, ਕਰਮਾਂ ਅਤੇ ਵਿਚਾਰਾਂ ’ਤੇ ਧਿਆਨ ਦੇਈਏ ਤਾਂ ਕਿ ਸਾਡੇ ਵਿਚਾਰ, ਬੋਲ ਤੇ ਕੰਮ ਨੈਤਿਕ ਹੋਣ। ਇਕ ਰੂਹਾਨੀ ਜੀਵਨ ਬਤੀਤ ਕਰਨ ਵਿਚ ਧਿਆਨ-ਅਭਿਆਸ ਕਰਨਾ ਅਤੇ ਨੈਤਿਕ ਜੀਵਨ ਜੀਣਾ ਸ਼ਾਮਲ ਹੈ। ਕਿਹਾ ਜਾਂਦਾ ਹੈ ਕਿ ਨੈਤਿਕਤਾ ਹੀ ਰੂਹਾਨੀ ਜੀਵਨ ਦੀ ਪਹਿਲੀ ਪੌੜੀ ਹੈ।
-ਸੰਤ ਰਾਜਿੰਦਰ ਸਿੰਘ