ਗੁਰੂ ਭਗਤੀ ਦੀ ਮਹੱਤਤਾ
ਗੁਰੂ ਅਤੇ ਸਾਡੇ ਵਿਚਾਲੇ ਪ੍ਰੇਮ ਦਾ ਰਿਸ਼ਤਾ ਇੰਨਾ ਡੂੰਘਾ ਹੋਣਾ ਚਾਹੀਦਾ ਹੈ ਜਿਸ ਨਾਲ ਕਿ ਇਸ ਮਾਇਆਵੀ ਦੁਨੀਆ ਦੇ ਜਿੰਨੇ ਵੀ ਆਕਰਸ਼ਣ ਹਨ, ਉਹ ਸਾਨੂੰ ਆਪਣੇ ਵੱਲ ਨਾ ਖਿੱਚ ਸਕਣ। ਇਕ ਸੱਚੇ ਸ਼ਿਸ਼ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣਾ ਜੀਵਨ ਆਪਣੇ ਗੁਰੂ ਦੇ ਹੁਕਮ ਮੁਤਾਬਕ ਗੁਜ਼ਾਰੇ, ਇਸ ਨੂੰ ਹੀ ਗੁਰੂ ਭਗਤੀ ਕਿਹਾ ਗਿਆ ਹੈ।
Publish Date: Sat, 03 Jan 2026 11:43 PM (IST)
Updated Date: Sun, 04 Jan 2026 06:45 AM (IST)
ਜਦ ਅਸੀਂ ਗੁਰੂ ਭਗਤੀ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਗੁਰੂ ਦੁਆਰਾ ਦਿੱਤੀ ਗਈ ਸਿੱਖਿਆ ਨੂੰ ਆਪਣੇ ਜੀਵਨ ਵਿਚ ਢਾਲੀਏ। ਗੁਰੂ ਤੋਂ ਸਾਡਾ ਭਾਵ ਇਸ ਦੁਨੀਆ ਦੇ ਉਨ੍ਹਾਂ ਗੁਰੂਆਂ ਤੋਂ ਨਹੀਂ ਹੈ ਜੋ ਸਾਨੂੰ ਇਸ ਬਾਹਰਲੀ ਦੁਨੀਆ ਦੀ ਸਿੱਖਿਆ ਦਿੰਦੇ ਹਨ ਜਿਵੇਂ ਅਧਿਆਪਕ, ਪ੍ਰੋਫੈਸਰ ਆਦਿ।
ਬਲਕਿ ਗੁਰੂ ਤੋਂ ਸਾਡਾ ਮਤਲਬ ਇਕ ਰੂਹਾਨੀ ਗੁਰੂ ਤੋਂ ਹੈ ਜੋ ਸਾਨੂੰ ਯਾਨੀ ਸਾਡੀ ਆਤਮਾ ਨੂੰ ਇਸ ਮਾਇਆਵੀ ਦੁਨੀਆ ਤੋਂ ਕੱਢ ਕੇ ਪਿਤਾ-ਪਰਮੇਸ਼ਵਰ ਵਿਚ ਲੀਨ ਕਰਵਾ ਦੇਵੇ। ਜਦ ਅਸੀਂ ਵਕਤ ਦੇ ਕਿਸੇ ਪੂਰਨ ਗੁਰੂ ਦੇ ਚਰਨ-ਕਮਲਾਂ ਵਿਚ ਪੁੱਜ ਕੇ ਉਨ੍ਹਾਂ ਤੋਂ ਦੀਕਸ਼ਾ ਗ੍ਰਹਿਣ ਕਰਦੇ ਹਾਂ ਤਾਂ ਸਾਡੇ ਅਤੇ ਗੁਰੂ ਵਿਚਾਲੇ ਇਕ ਪ੍ਰੇਮ ਦਾ ਰਿਸ਼ਤਾ ਕਾਇਮ ਹੋ ਜਾਂਦਾ ਹੈ। ਇਹ ਪ੍ਰੇਮ ਕੋਈ ਸਰੀਰਕ ਨਹੀਂ ਸਗੋਂ ਰੂਹਾਨੀ ਹੁੰਦਾ ਹੈ।
ਗੁਰੂ ਅਤੇ ਸਾਡੇ ਵਿਚਾਲੇ ਪ੍ਰੇਮ ਦਾ ਰਿਸ਼ਤਾ ਇੰਨਾ ਡੂੰਘਾ ਹੋਣਾ ਚਾਹੀਦਾ ਹੈ ਜਿਸ ਨਾਲ ਕਿ ਇਸ ਮਾਇਆਵੀ ਦੁਨੀਆ ਦੇ ਜਿੰਨੇ ਵੀ ਆਕਰਸ਼ਣ ਹਨ, ਉਹ ਸਾਨੂੰ ਆਪਣੇ ਵੱਲ ਨਾ ਖਿੱਚ ਸਕਣ। ਇਕ ਸੱਚੇ ਸ਼ਿਸ਼ ਦੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣਾ ਜੀਵਨ ਆਪਣੇ ਗੁਰੂ ਦੇ ਹੁਕਮ ਮੁਤਾਬਕ ਗੁਜ਼ਾਰੇ, ਇਸ ਨੂੰ ਹੀ ਗੁਰੂ ਭਗਤੀ ਕਿਹਾ ਗਿਆ ਹੈ। ਇਕ ਸੱਚਾ ਸ਼ਿਸ਼ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਗੁਰੂ ਦੁਆਰਾ ਹੀ ਉਸ ਦੀ ਆਤਮਾ ਦਾ ਮਿਲਾਪ ਪਰਮਾਤਮਾ ਨਾਲ ਹੋ ਸਕਦਾ ਹੈ।
ਜੇ ਅਸੀਂ ਇਕ ਸੱਚੇ ਸ਼ਿਸ਼ ਦੀ ਤਰ੍ਹਾਂ ਆਪਣੀ ਆਤਮਾ ਨੂੰ ਪਰਮਾਤਮਾ ਵਿਚ ਲੀਨ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਪੂਰਾ ਧਿਆਨ ਰੂਹਾਨੀ ਮਾਰਗ ’ਤੇ ਲਗਾਉਣ ਦੀ ਜ਼ਰੂਰਤ ਹੈ। ਰੂਹਾਨੀ ਮਾਰਗ ’ਤੇ ਚੱਲਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਗੁਰੂ ਲਈ ਪ੍ਰੇਮ ਉਤਪੰਨ ਕਰਨਾ ਹੋਵੇਗਾ।
ਇਸ ਹਲਚਲ ਭਰੀ ਦੁਨੀਆ ਵਿਚ ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਕਿਉਂਕਿ ਇਸ ਮਾਇਆਵੀ ਦੁਨੀਆ ਦੇ ਆਕਰਸ਼ਣ ਸਾਨੂੰ ਆਪਣੇ ਵੱਲ ਖਿੱਚਦੇ ਰਹਿੰਦੇ ਹਨ। ਉਹ ਮਾਇਆਵੀ ਤਾਕਤ ਨਹੀਂ ਚਾਹੁੰਦੀ ਕਿ ਅਸੀਂ ਰੂਹਾਂ ਵਾਪਸ ਪਰਮਾਤਮਾ ਕੋਲ ਜਾ ਸਕੀਏ। ਇਸੇ ਲਈ ਉਹ ਸਾਨੂੰ ਇਸ ਦੁਨੀਆ ਵਿਚ ਫਸਾਈ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਪ੍ਰਲੋਭਨ ਦਿੰਦੀ ਹੈ।
ਇਸ ਮਾਇਆ ਦੇ ਚੁੰਗਲ ਤੋਂ ਬਚਣ ਵਿਚ ਸਿਰਫ਼ ਰੂਹਾਨੀ ਗੁਰੂ ਹੀ ਸਾਡੀ ਮਦਦ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਦਿੱਵਿਆ ਸ਼ਕਤੀ ਹੈ ਅਤੇ ਉਹ ਹੈ ਉਨ੍ਹਾਂ ਦਾ ਦਿੱਵਿਆ ਪ੍ਰੇਮ। ਉਨ੍ਹਾਂ ਦਾ ਇਹ ਪ੍ਰੇਮ ਉਨ੍ਹਾਂ ਦੀਆਂ ਅੱਖਾਂ ਜ਼ਰੀਏ ਸਾਡੇ ਤੱਕ ਆਉਂਦਾ ਹੈ।
-ਸੰਤ ਰਾਜਿੰਦਰ ਸਿੰਘ