ਪਾਤਰਤਾ ਦੀ ਅਹਿਮੀਅਤ
ਮਿੱਟੀ ਤੋਂ ਭਾਂਡੇ ਬਣਾਉਣ ਲਈ ਮਿੱਟੀ ਨੂੰ ਸਿਰਫ਼ ਪਾਣੀ ਨਾਲ ਗਿੱਲੀ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਉਸ ਨੂੰ ਤਦ ਤੱਕ ਗਾਰਾ ਬਣਾਉਂਣਾ ਪੈਂਦਾ ਹੈ ਜਦ ਤੱਕ ਉਸ ਵਿਚ ਉਹ ਲਚਕ ਨਹੀਂ ਆ ਜਾਂਦੀ ਜੋ ਚਾਕ ’ਤੇ ਰੱਖ ਕੇ ਭਾਂਡੇ ਬਣਾਉਣ ਲਈ ਜ਼ਰੂਰੀ ਹੁੰਦੀ ਹੈ। ਪਾਤਰਤਾ ਜਾਂ ਅਨੁਕੂਲਤਾ ਦੀ ਇਹ ਸਥਿਤੀ ਬੇਹੱਦ ਜ਼ਰੂਰੀ ਹੈ।
Publish Date: Wed, 01 Apr 2026 10:50 PM (IST)
Updated Date: Thu, 02 Apr 2026 07:41 AM (IST)
ਹਰ ਵਿਅਕਤੀ ਆਪਣੇ ਜੀਵਨ ਵਿਚ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ। ਹਾਲਾਂਕਿ, ਸਿਰਫ਼ ਉਸ ਦੇ ਚਾਹੁਣ ਨਾਲ ਹੀ ਉਸ ਨੂੰ ਆਪਣੀ ਇੱਛਾ ਮੁਤਾਬਕ ਚੀਜ਼ ਪ੍ਰਾਪਤ ਨਹੀਂ ਹੋ ਸਕਦੀ। ਉਹ ਸਿਰਫ਼ ਉਨ੍ਹਾਂ ਚੀਜ਼ਾਂ ਨੂੰ ਪ੍ਰਾਪਤ ਕਰ ਸਕਦਾ ਹੈ ਜਿਨ੍ਹਾਂ ਲਈ ਉਸ ਨੇ ਪਾਤਰਤਾ ਹਾਸਲ ਕੀਤੀ ਹੈ। ਕਿਸੇ ਵੀ ਵਸਤੂ, ਸਥਿਤੀ, ਯੋਗਤਾ ਜਾਂ ਵਿਚਾਰ ਨੂੰ ਪ੍ਰਾਪਤ ਕਰਨ ਲਈ ਪਹਿਲਾਂ ਵਿਅਕਤੀ ਨੂੰ ਉਸ ਖੇਤਰ ਵਿਚ ਪਾਤਰਤਾ ਹਾਸਲ ਕਰਨੀ ਪੈਂਦੀ ਹੈ।
ਇਸ ਦਾ ਮਤਲਬ ਹੈ ਕਿ ਵਸਤੂ ਜਾਂ ਵਿਅਕਤੀ ਨੂੰ ਉਹ ਗੁਣ ਜਾਂ ਵਿਸ਼ੇਸ਼ਤਾਵਾਂ ਪ੍ਰਾਪਤ ਕਰਨੀਆਂ ਹੁੰਦੀਆਂ ਹਨ, ਜੋ ਉਮੀਦ ਕੀਤੀ ਵਸਤੂ ਜਾਂ ਵਿਅਕਤੀ ਵਿਚ ਉਸ ਸਥਿਤੀ ਜਾਂ ਸਰੂਪ ਲਈ ਲੋੜੀਂਦੀਆਂ ਹੁੰਦੀਆਂ ਹਨ। ਇਹ ਗੱਲ ਸਿਰਫ਼ ਮਨੁੱਖਾਂ ਲਈ ਹੀ ਨਹੀਂ, ਸਗੋਂ ਸੰਸਾਰ ਦੀ ਹਰ ਨਿਰਜੀਵ ਅਤੇ ਚੇਤਨ ਵਸਤੂ ਲਈ ਲਾਗੂ ਹੁੰਦੀ ਹੈ। ਪੱਥਰ ਨੂੰ ਪੱਥਰ ਕਹਾਉਣ ਲਈ ਉਸ ਨੂੰ ਉਹ ਗੁਣ ਪ੍ਰਾਪਤ ਕਰਨੇ ਪੈਂਦੇ ਹਨ ਜੋ ਪੱਥਰ ਹੋਣ ਲਈ ਲੋੜੀਂਦੇ ਹਨ। ਇਸ ਦੇ ਉਲਟ, ਮੋਮ ਕੁਝ ਵੱਖਰੇ ਗੁਣਾਂ ਕਾਰਨ ਮੋਮ ਕਹਾਉਂਦਾ ਹੈ। ਪਾਤਰਤਾ ਦੀ ਇਹ ਅਵਸਥਾ ਬਹੁਤ ਮਹੱਤਵਪੂਰਨ ਹੁੰਦੀ ਹੈ।
ਮਿੱਟੀ ਤੋਂ ਭਾਂਡੇ ਬਣਾਉਣ ਲਈ ਮਿੱਟੀ ਨੂੰ ਸਿਰਫ਼ ਪਾਣੀ ਨਾਲ ਗਿੱਲੀ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਉਸ ਨੂੰ ਤਦ ਤੱਕ ਗਾਰਾ ਬਣਾਉਂਣਾ ਪੈਂਦਾ ਹੈ ਜਦ ਤੱਕ ਉਸ ਵਿਚ ਉਹ ਲਚਕ ਨਹੀਂ ਆ ਜਾਂਦੀ ਜੋ ਚਾਕ ’ਤੇ ਰੱਖ ਕੇ ਭਾਂਡੇ ਬਣਾਉਣ ਲਈ ਜ਼ਰੂਰੀ ਹੁੰਦੀ ਹੈ। ਪਾਤਰਤਾ ਜਾਂ ਅਨੁਕੂਲਤਾ ਦੀ ਇਹ ਸਥਿਤੀ ਬੇਹੱਦ ਜ਼ਰੂਰੀ ਹੈ। ਦਰਅਸਲ, ਪਾਤਰਤਾ ਇੱਛਿਤ ਵਸਤੂ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਦੀ ਇਕ ਸਥਿਤੀ ਹੈ।
ਪਾਤਰਤਾ ਹਾਸਲ ਕਰਨ ਤੋਂ ਬਾਅਦ ਹੀ ਕੋਈ ਵਿਅਕਤੀ ਕਿਸੇ ਕੰਮ ਨੂੰ ਕਰਨ ਦੇ ਯੋਗ ਬਣਦਾ ਹੈ। ਸੰਭਵ ਹੈ ਕਿ ਵਿਅਕਤੀ ਕਿਸੇ ਅਹੁਦੇ ਜਾਂ ਸਥਿਤੀ ਨੂੰ ਕਿਸਮਤ ਜਾਂ ਵਿਵਸਥਾ ਕਾਰਨ ਪ੍ਰਾਪਤ ਕਰ ਲਵੇ ਪਰ ਜੇ ਉਸ ਵਿਚ ਉਸ ਅਹੁਦੇ ਜਾਂ ਸਥਿਤੀ ਦੇ ਅਨੁਰੂਪ ਪਾਤਰਤਾ ਨਹੀਂ ਹੈ ਤਾਂ ਉਹ ਉਸ ਅਹੁਦੇ ਜਾਂ ਸਥਿਤੀ ਨਾਲ ਨਿਆਂ ਨਹੀਂ ਕਰ ਸਕੇਗਾ। ਤਦ ਉਸ ਨੂੰ ਸਨਮਾਨ ਵੀ ਪ੍ਰਾਪਤ ਨਹੀਂ ਹੋ ਸਕੇਗਾ। ਸਪਸ਼ਟ ਹੈ ਕਿ ਜਿਸ ਦੀ ਜਿੰਨੀ ਪਾਤਰਤਾ ਹੁੰਦੀ ਹੈ, ਉਹ ਓਨਾ ਹੀ ਪ੍ਰਾਪਤ ਕਰ ਸਕਦਾ ਹੈ। ਘੜਾ ਸਮੁੰਦਰ ਅਤੇ ਖੂਹ ਵਿੱਚੋਂ ਸਮਾਨ ਹੀ ਪਾਣੀ ਲੈਂਦਾ ਹੈ। ਇਸੇ ਤਰ੍ਹਾਂ ਸਮੁੰਦਰੀ ਲਹਿਰਾਂ ਉਸ ਮਲਾਹ ਦਾ ਸਾਥ ਦਿੰਦੀਆਂ ਹਨ ਜੋ ਕਿਸ਼ਤੀ ਚਲਾਉਣ ਦੀ ਕੁਸ਼ਲਤਾ ਜਾਂ ਪਾਤਰਤਾ ਹਾਸਲ ਕਰ ਲੈਂਦਾ ਹੈ।
-ਡਾ. ਪ੍ਰਸ਼ਾਂਤ ਅਗਨੀਹੋਤਰੀ