ਸਾਧਨਾ ਦਾ ਮਹਾਤਮ
ਇਸੇ ਤਰ੍ਹਾਂ ਇਹ ਸੰਪੂਰਨ ਸ੍ਰਿਸ਼ਟੀ ਵੀ ਇਕ ਅਨੰਤ ਚੇਤਨਾ ਤੋਂ ਉਤਪੰਨ ਹੋ ਕੇ ਉਸੇ ਵਿਚ ਲੀਨ ਹੋਣ ਦੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਹਰੇਕ ਜੀਵ, ਮਨ ਅਤੇ ਚੇਤਨਾ ਉਸੇ ਮੂਲ ਸਰੋਤ ਵੱਲ ਪਰਤਣ ਦੀ ਯਾਤਰਾ ਵਿਚ ਹੈ।
Publish Date: Tue, 14 Apr 2026 11:26 PM (IST)
Updated Date: Wed, 15 Apr 2026 06:45 AM (IST)
ਕੀ ਸਾਧਨਾ ਸਿਰਫ਼ ਕੁਝ ਰੂਹਾਨੀ ਤਜਰਬਿਆਂ ਤੱਕ ਸੀਮਤ ਹੈ ਜਾਂ ਇਹ ਜੀਵਨ ਨੂੰ ਕਿਸੇ ਡੂੰਘੇ ਪੱਧਰ ’ਤੇ ਰੂਪਾਂਤ੍ਰਿਤ ਕਰ ਦਿੰਦੀ ਹੈ? ਭਾਰਤੀ ਸੰਤ ਪਰੰਪਰਾ ਇਸ ਪ੍ਰਸ਼ਾਨ ਦਾ ਉੱਤਰ ਪ੍ਰੇਮ ਅਤੇ ਅਨੁਭਵ ਦੇ ਮਾਧਿਅਮ ਨਾਲ ਦਿੰਦੀ ਹੈ। ਅਨੇਕ ਸੰਤਾਂ ਨੇ ਕਿਹਾ ਹੈ ਕਿ ਸਾਧਨਾ ਦਾ ਸਭ ਤੋਂ ਵੱਡਾ ਫਲ ਹੈ-ਪਰਮ ਸੱਤਾ ਪ੍ਰਤੀ ਡੂੰਘਾ ਤੇ ਸੁਭਾਵਕ ਪ੍ਰੇਮ।
ਜਦ ਸਾਧਕ ਦੇ ਅੰਦਰ ਈਸ਼ਵਰ ਪ੍ਰਤੀ ਅਜਿਹਾ ਆਕਰਸ਼ਣ ਉਤਪੰਨ ਹੋ ਜਾਂਦਾ ਹੈ ਜੋ ਕਿਸੇ ਨਿਯਮ, ਭੈਅ ਜਾਂ ਸਮਾਜਿਕ ਦਬਾਅ ਨਾਲ ਨਹੀਂ ਬਲਕਿ ਹਿਰਦੇ ਦੀ ਸਹਿਜ ਭਾਵਨਾ ਤੋਂ ਜਨਮ ਲੈਂਦਾ ਹੈ, ਤਦ ਉਹ ਭਗਤੀ ਦੀ ਉੱਚ ਅਵਸਥਾ ਵਿਚ ਪ੍ਰਵੇਸ਼ ਕਰਦਾ ਹੈ। ਇਸ ਨੂੰ ਹੀ ਡੂੰਘੀ ਜਾਂ ਸੁਭਾਵਕ ਭਗਤੀ ਕਿਹਾ ਗਿਆ ਹੈ। ਇਸ ਅਵਸਥਾ ਵਿਚ ਸਾਧਕ ਲਈ ਈਸ਼ਵਰ ਨੂੰ ਯਾਦ ਕਰਨਾ ਕੋਈ ਕਰਤੱਵ ਨਹੀਂ ਰਹਿ ਜਾਂਦਾ ਸਗੋਂ ਉਸ ਦੇ ਜੀਵਨ ਦੀ ਸਹਿਜ ਧੜਕਣ ਬਣ ਜਾਂਦਾ ਹੈ।
ਇਸ ਭਾਵ ਨੂੰ ਸਮਝਣ ਵਾਸਤੇ ਕੁਦਰਤ ਵੱਲ ਦੇਖਣਾ ਢੁੱਕਵਾਂ ਹੁੰਦਾ ਹੈ। ਵਿਸ਼ਾਲ ਸਮੁੰਦਰ ਵਿਚ ਅਣਗਿਣਤ ਲਹਿਰਾਂ ਉੱਠਦੀਆਂ ਹਨ। ਉਹ ਕੁਝ ਸਮੇਂ ਲਈ ਅਲੱਗ ਦਿਖਾਈ ਦਿੰਦੀਆਂ ਹਨ ਪਰ ਅਸਲ ਵਿਚ ਸਮੁੰਦਰ ਤੋਂ ਵੱਖ ਨਹੀਂ ਹੁੰਦੀਆਂ। ਅਖ਼ੀਰ ਉਹ ਉਸੇ ਸਮੁੰਦਰ ਵਿਚ ਲੀਨ ਹੋ ਜਾਂਦੀਆਂ ਹਨ, ਜਿੱਥੋਂ ਉਨ੍ਹਾਂ ਦਾ ਉਦੈ ਹੋਇਆ ਸੀ।
ਇਸੇ ਤਰ੍ਹਾਂ ਇਹ ਸੰਪੂਰਨ ਸ੍ਰਿਸ਼ਟੀ ਵੀ ਇਕ ਅਨੰਤ ਚੇਤਨਾ ਤੋਂ ਉਤਪੰਨ ਹੋ ਕੇ ਉਸੇ ਵਿਚ ਲੀਨ ਹੋਣ ਦੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਹਰੇਕ ਜੀਵ, ਮਨ ਅਤੇ ਚੇਤਨਾ ਉਸੇ ਮੂਲ ਸਰੋਤ ਵੱਲ ਪਰਤਣ ਦੀ ਯਾਤਰਾ ਵਿਚ ਹੈ। ਸੰਤਾਂ ਨੇ ਸ੍ਰਿਸ਼ਟੀ ਨੂੰ ਆਨੰਦ ਦੀਆਂ ਤਰੰਗਾਂ ਦਾ ਮਹਾਸਾਗਰ ਦੱਸਿਆ ਹੈ। ਉਨ੍ਹਾਂ ਮੁਤਾਬਕ ਪਰਮ ਸੱਤਾ ਕੋਈ ਦੂਰ ਸਥਿਤ ਤਾਕਤ ਨਹੀਂ ਬਲਕਿ ਆਨੰਦ ਅਤੇ ਪ੍ਰੇਮ ਦਾ ਅਨੰਤ ਸਰੋਤ ਹੈ।
ਇਸੇ ਕਾਰਨ ਇਸ ਜਗਤ ਦੀ ਹਰੇਕ ਗਤੀ ਵਿਚ ਇਕ ਲੈਅ ਅਤੇ ਸੰਗੀਤ ਸ਼ਾਮਲ ਹੈ। ਜਦ ਹਵਾ ਚੱਲਦੀ ਹੈ, ਜਦ ਨਦੀ ਵਗਦੀ ਹੈ, ਜਦ ਗ੍ਰਹਿ ਤੇ ਤਾਰੇ ਆਪਣੇ ਮਾਰਗ ’ਤੇ ਗਤੀਮਾਨ ਹੁੰਦੇ ਹਨ-ਇਨ੍ਹਾਂ ਸਾਰਿਆਂ ਵਿਚ ਇਕ ਸੂਖਮ ਤਾਲ ਅਤੇ ਲੈਅ ਮੌਜੂਦ ਰਹਿੰਦੀ ਹੈ। ਇਸੇ ਤਰ੍ਹਾਂ ਜਦ ਸਾਧਕ ਨਿਰੰਤਰ ਸਾਧਨਾ ਦੇ ਮਾਧਿਅਮ ਨਾਲ ਆਪਣੇ ਮਨ ਨੂੰ ਸ਼ਾਂਤ ਅਤੇ ਸੂਖਮ ਬਣਾਉਂਦਾ ਹੈ, ਤਦ ਉਸ ਨੂੰ ਅੰਦਰ ਇਕ ਅਨੋਖੀ ਧੁਨ ਦਾ ਅਹਿਸਾਸ ਹੋਣ ਲੱਗਦਾ ਹੈ।
-ਸ੍ਰੀਸ੍ਰੀ ਆਨੰਦਮੂਰਤੀ