ਆਤਮ-ਵਿਸ਼ਵਾਸ ਦੀ ਵੱਡੀ ਤਾਕਤ
ਜਦੋਂ ਅਸੀਂ ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਨਹੀਂ ਕਰਦੇ ਤਾਂ ਸਫਲਤਾ ਦੀ ਯਾਤਰਾ ਵਿਚ ਸਾਡੇ ਕਦਮ ਅਚਾਨਕ ਰੁਕ ਜਾਂਦੇ ਹਨ ਅਤੇ ਅਸੀਂ ਆਪਣੇ ਸੁਪਨਿਆਂ ਦਾ ਗਲਾ ਘੁੱਟ ਦਿੰਦੇ ਹਾਂ। ਦੁਚਿੱਤੀ ਜਾਂ ਸ਼ੰਕਾ ਆਤਮ-ਵਿਸ਼ਵਾਸ ਦੀ ਕਮੀ ਸਦਕਾ ਹੀ ਪੈਦਾ ਹੁੰਦੇ ਹਨ।
Publish Date: Sun, 08 Mar 2026 10:42 PM (IST)
Updated Date: Mon, 09 Mar 2026 07:41 AM (IST)
ਮਨੁੱਖ ਜਦੋਂ ਵੀ ਕੋਈ ਕੰਮ ਕਰਦਾ ਹੈ ਤਾਂ ਉਸ ਨੂੰ ਸਫਲਤਾ ਅਤੇ ਅਸਫਲਤਾ, ਦੋਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਸਫਲਤਾ ਪ੍ਰਾਪਤ ਕਰ ਕੇ ਮਨੁੱਖ ਖ਼ੁਸ਼ ਹੁੰਦਾ ਹੈ, ਓਥੇ ਹੀ ਅਸਫਲਤਾ ਉਸ ਨੂੰ ਦੁਖੀ, ਨਿਰਾਸ਼ ਅਤੇ ਹਤਾਸ਼ ਕਰ ਦਿੰਦੀ ਹੈ। ਅਨੇਕ ਨਾਕਾਮੀਆਂ ਦੇ ਬਾਵਜੂਦ, ਜੇਕਰ ਵਿਅਕਤੀ ਆਪਣਾ ਆਤਮ-ਵਿਸ਼ਵਾਸ ਬਣਾਈ ਰੱਖਦਾ ਹੈ ਤਾਂ ਇਕ ਨਾ ਇਕ ਦਿਨ ਉਸ ਨੂੰ ਮਨਚਾਹੀ ਸਫਲਤਾ ਜ਼ਰੂਰ ਮਿਲਦੀ ਹੈ।
ਵਿਡੰਬਣਾ ਇਹ ਹੈ ਕਿ ਆਮ ਜੀਵਨ ਜਿਉਂਦੇ ਹੋਏ ਵਿਅਕਤੀ ਆਤਮ-ਚਿੰਤਨ ਨਹੀਂ ਕਰਦਾ। ਉਸ ਦਾ ਵਿਚਾਰਕ ਮੰਥਨ ਸਿਰਫ਼ ਨਿੱਤ ਦੀਆਂ ਜ਼ਰੂਰਤਾਂ ਅਤੇ ਉਪਭੋਗ ਦੀਆਂ ਵਸਤਾਂ ਤੱਕ ਹੀ ਸੀਮਤ ਰਹਿੰਦਾ ਹੈ। ਜਦੋਂ ਜੀਵਨ ਵਿਚ ਮੁਸ਼ਕਲਾਂ ਆਉਂਦੀਆਂ ਹਨ, ਤਾਂ ਭਵਿੱਖ ਦੀ ਚਿੰਤਾ ਮਨੁੱਖ ਨੂੰ ਤਨ ਅਤੇ ਮਨ ਤੋਂ ਕਮਜ਼ੋਰ ਕਰਨ ਲੱਗਦੀ ਹੈ। ਹਾਲਾਂਕਿ ਸੰਕਟ ਦੇ ਸਮੇਂ ਹੀ ਵਿਅਕਤੀ ਜੀਵਨ ਦੀ ਸ੍ਰੇਸ਼ਠਤਾ ’ਤੇ ਵਿਚਾਰ ਕਰਨਾ ਸ਼ੁਰੂ ਕਰਦਾ ਹੈ ਅਤੇ ਉਸ ਵਿਚ ਹਰ ਸਥਿਤੀ ਦਾ ਬਹੁ-ਕੋਣੀ ਵਿਸ਼ਲੇਸ਼ਣ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ। ਖ਼ੁਦ ਉੱਤੇ ਅਟਲ ਵਿਸ਼ਵਾਸ ਹੀ ਸਫਲਤਾ ਦਾ ਸਭ ਤੋਂ ਵੱਡਾ ਰਾਜ਼ ਹੈ।
ਆਪਣੇ ਉੱਤੇ ਵਿਸ਼ਵਾਸ ਨਾ ਕਰਨਾ ਹੀ ਅਸਫਲਤਾ ਦਾ ਸਭ ਤੋਂ ਵੱਡਾ ਕਾਰਨ ਹੈ। ਜੋ ਲੋਕ ਖ਼ੁਦ ’ਤੇ ਪੂਰਾ ਭਰੋਸਾ ਰੱਖਦੇ ਹਨ, ਕਾਮਯਾਬੀ ਉਨ੍ਹਾਂ ਦੇ ਕਦਮ ਚੁੰਮਦੀ ਹੈ। ਆਪਣੀ ਕਾਬਲੀਅਤ ’ਤੇ ਸ਼ੱਕ ਕਰਨਾ ਮਨੁੱਖੀ ਕਮਜ਼ੋਰੀਆਂ ਵਿਚ ਸ਼ਾਮਲ ਹੈ। ਆਤਮ-ਵਿਸ਼ਵਾਸ ਦੀ ਕਮੀ ਤਰੱਕੀ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਬਣਦੀ ਹੈ।
ਜਦੋਂ ਅਸੀਂ ਆਪਣੀਆਂ ਸਮਰੱਥਾਵਾਂ ’ਤੇ ਭਰੋਸਾ ਨਹੀਂ ਕਰਦੇ ਤਾਂ ਸਫਲਤਾ ਦੀ ਯਾਤਰਾ ਵਿਚ ਸਾਡੇ ਕਦਮ ਅਚਾਨਕ ਰੁਕ ਜਾਂਦੇ ਹਨ ਅਤੇ ਅਸੀਂ ਆਪਣੇ ਸੁਪਨਿਆਂ ਦਾ ਗਲਾ ਘੁੱਟ ਦਿੰਦੇ ਹਾਂ। ਦੁਚਿੱਤੀ ਜਾਂ ਸ਼ੰਕਾ ਆਤਮ-ਵਿਸ਼ਵਾਸ ਦੀ ਕਮੀ ਸਦਕਾ ਹੀ ਪੈਦਾ ਹੁੰਦੇ ਹਨ।
ਜਦੋਂ ਸਾਨੂੰ ਲੱਗਦਾ ਹੈ ਕਿ ਟੀਚਾ ਹਾਸਲ ਕਰਨ ਲਈ ਜ਼ਰੂਰੀ ਯੋਗਤਾ ਸਾਡੇ ਵਿਚ ਨਹੀਂ ਹੈ ਤਾਂ ਸਾਡੇ ਪੈਰ ਡਗਮਗਾਉਣ ਲੱਗਦੇ ਹਨ। ਅਜਿਹੀ ਸਥਿਤੀ ਵਿਚ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਪਰ ਪੂਰੀ ਤਰ੍ਹਾਂ ਸਮਰਪਿਤ ਨਹੀਂ ਹੋ ਪਾਉਂਦੇ। ਇਸ ਲਈ, ਸਾਨੂੰ ਆਪਣੇ ਟੀਚਿਆਂ ਅਤੇ ਸੁਪਨਿਆਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਅਤੇ ਨਿਸ਼ਠਾਵਾਨ ਰਹਿਣਾ ਚਾਹੀਦਾ ਹੈ। ਮਨ ਵਿਚ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਾਡੀਆਂ ਅੰਦਰੂਨੀ ਸਮਰੱਥਾਵਾਂ ਦੇ ਫਲਸਰੂਪ ਅਸੀਂ ਆਪਣੇ ਯਤਨਾਂ ਵਿਚ ਜ਼ਰੂਰ ਸਫਲ ਹੋਵਾਂਗੇ।
-ਮੁਕੇਸ਼ ਰਿਸ਼ੀ