ਅਧਿਆਤਮਕ ਪ੍ਰੇਮ ਦੇ ਸਹੀ ਅਰਥ, ਮਕਸਦ ਤੇ ਉਦੇਸ਼ ਨੂੰ ਸਮਝਣਾ ਕੋਈ ਆਸਾਨ ਕੰਮ ਨਹੀਂ ਹੈ। ਅਸਲ ’ਚ ਇਹ ਅਧਿਆਤਮਕ ਪ੍ਰੇਮ ਪਰਮਾਤਮਾ ਦੀ ਤਰ੍ਹਾਂ ਹੀ ਅਸੀਮ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਸਮਝਣਾ ਸਾਡੀ ਸੀਮਤ ਬੁੱਧੀ ਤੋਂ ਪਰੇ ਹੈ। ਸਾਡੀ ਆਤਮਾ ’ਚ ਪ੍ਰੇਮ ਸ਼ੁਰੂ ਤੋਂ ਹੀ ਹੈ ਕਿਉਂਕਿ ਕੁਦਰਤ ਦੀ ਸ਼ੁਰੂਆਤ ’ਚ ਆਤਮਾ ਪ੍ਰੇਮ ਦੇ ਮਹਾਸਾਗਰ ਤੋਂ ਇਕ ਬੂੰਦ ਦੇ ਰੂਪ ’ਚ ਵੱਖ ਹੋਈ ਸੀ।

ਸਾਰੇ ਮਹਾਨ ਸੰਤਾਂ ਤੇ ਮਹਾਪੁਰਖਾਂ ਨੇ ਹਮੇਸ਼ਾ ਕਿਹਾ ਹੈ ਕਿ ਅਧਿਆਤਮਕ ਮਾਰਗ ’ਤੇ ਤੇਜ਼ੀ ਨਾਲ ਅੱਗੇ ਵਧਣ ਲਈ ਸਾਨੂੰ ਆਪਣੇ ਗੁਰੂ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਵੇਂ ਕਿ ਇਕ ਨੈਤਿਕ ਜੀਵਨ ਜਿਊਣਾ ਚਾਹੀਦਾ ਹੈ, ਤੈਅ ਸਮੇਂ ਤੱਕ ਧਿਆਨ-ਅਭਿਆਸ ’ਚ ਬੈਠਣਾ ਚਾਹੀਦਾ ਹੈ, ਅਧਿਆਤਮਕ ਡਾਇਰੀ ਭਰਨੀ ਚਾਹੀਦੀ ਹੈ, ਅਨੁਸ਼ਾਸਨ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਅਧਿਆਤਮਕ ਸਤਿਸੰਗ ਸੁਨਣੇ ਚਾਹੀਦੇ ਹਨ। ਪਰ ਜੇ ਅਸੀਂ ਅਧਿਆਤਮਕਤਾ ਨੂੰ ਆਪਣੇ ਜੀਵਨ ’ਚ ਬਿਨਾਂ ਪ੍ਰੇਮ ਤੇ ਸਮਰਪਣ ਦੀ ਭਾਵਨਾ ਨਾਲ ਅਪਣਾਵਾਂਗੇ ਤਾਂ ਅਸੀਂ ਰੂਹਾਨੀ ਮਾਰਗ ਦੀ ਅਸਲੀਅਤ ਤੋਂ ਅਣਜਾਣ ਰਹਾਂਗੇ। ਅਧਿਆਤਮਕ ਮਾਰਗ ਪ੍ਰੇਮ ਦਾ ਮਾਰਗ ਹੈ।
ਪਰਮਾਤਮਾ ਪ੍ਰੇਮ ਹੈ, ਸਾਡੀ ਆਤਮਾ ਪਰਮਾਤਮਾ ਦਾ ਅੰਸ਼ ਹੋਣ ਵਜੋਂ ਪ੍ਰੇਮ ਹੈ ਤੇ ਪਰਮਾਤਮਾ ਦੇ ਕੋਲ ਵਾਪਸ ਜਾਣ ਦਾ ਰਾਹ ਹੀ ਪ੍ਰੇਮ ਹੈ। ਇਸ ਮਾਰਗ ’ਤੇ ਚੱਲ ਕੇ ਪਰਮਾਤਮਾ ਦੇ ਸਾਮਰਾਜ ’ਚ ਦਾਖ਼ਲ ਹੋਣ ਲਈ ਸਾਨੂੰ ਜੋ ਪਾਸਪੋਰਟ ਚਾਹੀਦਾ ਹੈ ਉਹ ਹੈ ‘ਅਧਿਆਤਮਕ ਪ੍ਰੇਮ’। ਅਧਿਆਤਮਕ ਪ੍ਰੇਮ ਹੀ ਪਰਮਾਤਮਾ ਦੇ ਸਾਮਰਾਜ ਦੇ ਦਰਵਾਜ਼ੇ ਦੀ ਸੁਨਹਿਰੀ ਚਾਬੀ ਹੈ। ਇਸ ਤੋਂ ਬਿਨਾਂ ਅਧਿਆਤਮਕ ਮਾਰਗ ਤੱਕ ਪਹੁੰਚਿਆ ਨਹੀਂ ਜਾ ਸਕਦਾ ਤੇ ਨਾ ਹੀ ਕੋਈ ਅੱਜ ਤੱਕ ਪੁੱਜ ਸਕਿਆ ਹੈ।
ਅਧਿਆਤਮਕ ਪ੍ਰੇਮ ਦੇ ਸਹੀ ਅਰਥ, ਮਕਸਦ ਤੇ ਉਦੇਸ਼ ਨੂੰ ਸਮਝਣਾ ਕੋਈ ਆਸਾਨ ਕੰਮ ਨਹੀਂ ਹੈ। ਅਸਲ ’ਚ ਇਹ ਅਧਿਆਤਮਕ ਪ੍ਰੇਮ ਪਰਮਾਤਮਾ ਦੀ ਤਰ੍ਹਾਂ ਹੀ ਅਸੀਮ ਹੈ ਤੇ ਇਸ ਨੂੰ ਪੂਰੀ ਤਰ੍ਹਾਂ ਸਮਝਣਾ ਸਾਡੀ ਸੀਮਤ ਬੁੱਧੀ ਤੋਂ ਪਰੇ ਹੈ। ਸਾਡੀ ਆਤਮਾ ’ਚ ਪ੍ਰੇਮ ਸ਼ੁਰੂ ਤੋਂ ਹੀ ਹੈ ਕਿਉਂਕਿ ਕੁਦਰਤ ਦੀ ਸ਼ੁਰੂਆਤ ’ਚ ਆਤਮਾ ਪ੍ਰੇਮ ਦੇ ਮਹਾਸਾਗਰ ਤੋਂ ਇਕ ਬੂੰਦ ਦੇ ਰੂਪ ’ਚ ਵੱਖ ਹੋਈ ਸੀ।
ਪਰਮਾਤਮਾ ਦੇ ਅਨੰਤ ਸਾਮਰਾਜ ਤੋਂ ਆਉਣ ਤੋਂ ਬਾਅਦ ਅਸੀਂ ਸਥਾਈ ਸ਼ਾਂਤੀ ਤੇ ਖ਼ੁਸ਼ੀ ਤਦ ਤੱਕ ਨਹੀਂ ਹਾਸਲ ਕਰ ਸਕਦੇ, ਜਦ ਤੱਕ ਅਸੀਂ ਵਾਪਸ ਉਸੇ ਸ੍ਰੋਤ ਨਾਲ ਜੁੜ ਨਹੀਂ ਜਾਂਦੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਇਸ ਅਧਿਆਤਮਕ ਪ੍ਰੇਮ ਨੂੰ ਕਿਵੇਂ ਪ੍ਰਾਪਤ ਕਰ ਸਕਦੇ ਹਾਂ? ਅਧਿਆਤਮਕ ਪ੍ਰੇਮ ਸਾਡੀ ਆਤਮਾ ਦਾ ਨਿੱਜੀ ਸੁਭਾਅ ਹੈ ਪਰ ਅਸੀਂ ਇਸ ਨੂੰ ਸਹੀ ਦਿਸ਼ਾ ਨਹੀਂ ਦਿੱਤੀ ਹੈ। ਅਸੀਂ ਇਸ ਦਾ ਰੁਖ਼ ਦੁਨੀਆ ਵੱਲ ਕਰ ਦਿੱਤਾ ਹੈ।
ਅਸੀਂ ਇਸ ਦੁਨੀਆ ਦੇ ਰਸਾਂ ’ਚ ਇੰਨੇ ਫਸ ਗਏ ਹਾਂ ਕਿ ਅਸੀਂ ਆਪਣੇ ਮਨ ਦੀਆਂ ਇੱਛਾਵਾਂ ਨਾਲ ਖਿੱਚੇ ਚਲੇ ਜਾਂਦੇ ਹਾਂ। ਇਸ ਮੋਹ ਮਾਇਆ ਦੀ ਨੀਂਦ ਤੋਂ ਸਾਨੂੰ ਸਿਰਫ਼ ਅਧਿਆਤਮਕ ਪ੍ਰੇਮ ਹੀ ਜਗਾ ਸਕਦਾ ਹੈ।
-ਸੰਤ ਰਾਜਿੰਦਰ ਸਿੰਘ