ਪਰਮਾਤਮਾ ਦਾ ਕਰੋ ਗੁਣਗਾਨ
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਹੁਕਮ ਅਤੇ ਰਜ਼ਾ ਐਸੀਆਂ ਜੁਗਤਾਂ ਹਨ ਜੋ ਕੂੜ ਨਾਲ ਭਰਪੂਰ ਮਨ ਨੂੰ ਸਚਿਆਰ ਬਣਾ ਸਕਦੀਆਂ ਹਨ। ਇਸ ਦਾ ਅਰਥ ਹੈ ਕਿ ਸਾਡੇ ਨਾਲ ਜੋ ਵੀ ਹੋ ਰਿਹਾ ਹੈ, ਉਸ ਨੂੰ ਪਰਮ ਪਿਤਾ ਪਰਮਾਤਮਾ ਦਾ ਹੁਕਮ ਜਾਣੀਏ ਅਤੇ ਉਸ ਦੀ ਰਜ਼ਾ ਵਿਚ ਰਾਜ਼ੀ ਰਹੀਏ।
Publish Date: Tue, 10 Feb 2026 11:32 PM (IST)
Updated Date: Wed, 11 Feb 2026 07:46 AM (IST)
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ, ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।। ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਜਪੁਜੀ ਸਾਹਿਬ ਦੀ ਇਹ ਪਉੜੀ ਮਨੁੱਖ ਨੂੰ ਸੱਚਾ ਤੇ ਉੱਚਾ ਜੀਵਨ ਜਿਉਣ ਦੀ ਅਨੋਖੀ ਜੁਗਤ ਸਿਖਾਉਂਦੀ ਹੈ। ਮਨੁੱਖ ’ਚੋਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਜਿਹੇ ਵਿਕਾਰ ਖ਼ਤਮ ਹੋਣੇ ਬੇਹੱਦ ਜ਼ਰੂਰੀ ਹਨ ਕਿਉਂਕਿ ਇਹ ਉਸ ਨੂੰ ਮੁਸ਼ਕਲਾਂ ਵਿਚ ਫਸਾਈ ਰੱਖਦੇ ਹਨ।
ਵਿਡੰਬਣਾ ਇਹ ਹੈ ਕਿ ਜ਼ਿਆਦਾਤਰ ਮਨੁੱਖ ਬਹੁਤ ਯਤਨ ਕਰਨ ਦੇ ਬਾਵਜੂਦ ਇਨ੍ਹਾਂ ਵਿਕਾਰਾਂ ਤੋਂ ਮੁਕਤ ਨਹੀਂ ਹੋ ਪਾਉਂਦੇ। ਉਹ ਲੋਕ ਵਡਭਾਗੀ ਹੁੰਦੇ ਹਨ ਜੋ ਉਕਤ ਵਿਕਾਰਾਂ ’ਤੇ ਕਾਬੂ ਪਾਉਣ ਵਿਚ ਕਾਮਯਾਬ ਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਰੂਹਾਨੀ ਮਾਰਗ ’ਤੇ ਮਜ਼ਬੂਤੀ ਨਾਲ ਚੱਲਣ ਦਾ ਮੁੱਢ ਬੱਝਦਾ ਹੈ।ਉਹ ਆਮ ਮਨੁੱਖਾਂ ਨਾਲੋਂ ਅਲੱਗ ਬਣ ਜਾਂਦੇ ਹਨ ਤੇ ਉਨ੍ਹਾਂ ਦਾ ਜੀਵਨ ਸਾਰਥਕ ਬਣਨ ਲੱਗਦਾ ਹੈ। ਇੰਜ ਉਨ੍ਹਾਂ ਦਾ ਲੋਕ-ਪਰਲੋਕ ਸੁਧਰਨ ਲੱਗਦਾ ਹੈ।
ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਹੁਕਮ ਅਤੇ ਰਜ਼ਾ ਐਸੀਆਂ ਜੁਗਤਾਂ ਹਨ ਜੋ ਕੂੜ ਨਾਲ ਭਰਪੂਰ ਮਨ ਨੂੰ ਸਚਿਆਰ ਬਣਾ ਸਕਦੀਆਂ ਹਨ। ਇਸ ਦਾ ਅਰਥ ਹੈ ਕਿ ਸਾਡੇ ਨਾਲ ਜੋ ਵੀ ਹੋ ਰਿਹਾ ਹੈ, ਉਸ ਨੂੰ ਪਰਮ ਪਿਤਾ ਪਰਮਾਤਮਾ ਦਾ ਹੁਕਮ ਜਾਣੀਏ ਅਤੇ ਉਸ ਦੀ ਰਜ਼ਾ ਵਿਚ ਰਾਜ਼ੀ ਰਹੀਏ। ਰੱਬ ਨਾਲ ਸ਼ਿਕਵਿਆਂ ਦੀ ਥਾਂ ਸ਼ੁਕਰਾਨਾ ਕਰੀਏ। ਉਸ ਦੇ ਹੁਕਮ ਨਾਲ ਹੀ ਇਹ ਸ੍ਰਿਸ਼ਟੀ ਸਜੀ ਹੋਈ ਹੈ। ਉਸ ਦੇ ਹੁਕਮ ਨਾਲ ਹੀ ਇਹ ਤਬਾਹ ਹੋਵੇਗੀ। ਈਸ਼ਵਰ ਦੇ ਹੁਕਮ ਨਾਲ ਹੀ ਹਰ ਕਿਸੇ ਨੂੰ ਸਰੀਰਕ ਜਾਮਾ ਮਿਲਦਾ ਹੈ। ਉਸ ਦੇ ਹੁਕਮ ਨਾਲ ਹੀ ਮਨੁੱਖ ਨੂੰ ਸ਼ੋਭਾ ਅਤੇ ਵਡਿਆਈ ਮਿਲਦੀ ਹੈ। ਜੋ ਲੋਕ ਨੀਚ ਕਰਮ ਕਰਦੇ ਹਨ, ਉਨ੍ਹਾਂ ਦਾ ਪਤਨ ਹੋ ਜਾਂਦਾ ਹੈ। ਸਾਡੇ ਕੀਤੇ ਕਰਮਾਂ ਕਰਕੇ ਹੀ ਅਸੀਂ ਦੁੱਖ ਅਤੇ ਸੁੱਖ ਭੋਗਦੇ ਹਾਂ। ਪਰਮਾਤਮਾ ਦੀ ਰਜ਼ਾ ਵਿਚ ਚੱਲਣ ਵਾਲੇ ਜੀਵਾਂ ’ਤੇ ਹਮੇਸ਼ਾ ਉਸ ਦੀ ਬਖ਼ਸ਼ਿਸ਼ ਹੁੰਦੀ ਹੈ ਤੇ ਕਈ ਜੀਵ ਆਪਣੇ ਮਨ ਦੇ ਅਧੀਨ ਹੋ ਕੇ ਕੀਤੇ ਕੁਕਰਮਾਂ ਕਾਰਨ ਜਨਮ-ਮਰਨ ਦੇ ਗੇੜ ਵਿਚ ਫਸੇ ਰਹਿੰਦੇ ਹਨ। ਪਰਮਾਤਮਾ ਸ੍ਰਿਸ਼ਟੀ ਦੇ ਕਣ-ਕਣ ’ਚ ਮੌਜੂਦ ਹੈ। ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਜਿਹੜੀ ਜੀਵ-ਆਤਮਾ ਇਹ ਹਕੀਕਤ ਜਾਣ ਜਾਂਦੀ ਹੈ ਕਿ ਸਭ ਕੁਝ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ ਤਾਂ ਉਸ ਦੇ ਮਨ ਦੇ ਸਵਾਰਥ ਤੇਅ ਵਿਕਾਰ ਖ਼ਤਮ ਹੋ ਜਾਂਦੇ ਹਨ। ਸੋ, ਆਓ! ਪਰਮਾਤਮਾ ਦੇ ਭਾਣੇ ਵਿਚ ਰਹਿ ਕੇ ਹਰ ਪਲ ਉਸ ਦਾ ਸ਼ੁਕਰਾਨਾ ਕਰੀਏ।