ਸਵੈ-ਮੁਲਾਂਕਣ ਦੀ ਜ਼ਰੂਰਤ
ਤਨ ਦੇ ਰੋਗ ਮਨ ਨੂੰ ਪਰੇਸ਼ਾਨ ਕਰਦੇ ਹਨ, ਤਿਵੇਂ ਹੀ ਮਨ ਦੇ ਰੋਗ ਤਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਆਤਮ ਤੱਤ ਦੀ ਅਣਦੇਖੀ ਵੱਡੇ ਦੁੱਖਾਂ ਦਾ ਕਾਰਨ ਬਣਦੀ ਹੈ ਕਿਉਂਕਿ ਜੀਵਨ ਵਿਅਰਥ ਹੋ ਜਾਂਦਾ ਹੈ। ਤਨ ਦੇ ਨਾਲ-ਨਾਲ ਆਤਮ ਤੱਤ ਦੀ ਸਿਹਤਯਾਬੀ ਹੀ ਸਭ ਤੋਂ ਉੱਤਮ ਹੁੰਦੀ ਹੈ।
Publish Date: Mon, 05 Jan 2026 10:45 PM (IST)
Updated Date: Tue, 06 Jan 2026 06:45 AM (IST)
ਮਨੁੱਖ ਤਨ ਅਤੇ ਮਨ ਦੇ ਸੰਯੋਗ ਦਾ ਫਲ ਹੈ। ਤ੍ਰਾਸਦੀ ਇਹ ਹੈ ਕਿ ਉਸ ਨੇ ਸਦਾ ਤਨ ਨੂੰ ਹੀ ਸਵੈ ਮੰਨਿਆ ਹੈ। ਉਸ ਦਾ ਪੂਰਾ ਧਿਆਨ ਤਨ ’ਤੇ ਹੀ ਕੇਂਦਰਿਤ ਰਹਿੰਦਾ ਹੈ ਤੇ ਮਨ ਵੱਲ ਧਿਆਨ ਹੀ ਨਹੀਂ ਦਿੰਦਾ। ਤਨ ਨੂੰ ਸਜਾਉਣਾ, ਸੰਵਾਰਨਾ ਇਕ ਮੋਹ ਜਿਹਾ ਬਣ ਗਿਆ ਹੈ। ਤਨ ਦੀ ਸਿਹਤ ਉਸ ਨੂੰ ਫ਼ਿਕਰਮੰਦ ਰੱਖਦੀ ਹੈ। ਇਸ ਵਾਸਤੇ ਉਹ ਉਪਰਾਲੇ ਵੀ ਕਰਦਾ ਹੈ। ਇਹ ਹੋਣਾ ਵੀ ਚਾਹੀਦਾ ਹੈ ਪਰ ਮਨੁੱਖ ਆਪਣੇ ਤਨ ਦੀ ਚਿੰਤਾ ਇਸ ਉਦੇਸ਼ ਲਈ ਨਹੀਂ ਕਰਦਾ। ਜੀਵਨ ਦਾ ਮੋਹ ਉਸ ਨੂੰ ਅਜਿਹਾ ਕਰਨ ਵਾਸਤੇ ਪ੍ਰੇਰਿਤ ਕਰਦਾ ਹੈ।
ਇਸ ਲਈ ਉਹ ਮੂਲ ਰੂਪ ਵਿਚ ਪਰਮਾਤਮਾ ਦੇ ਰਾਹ ਤੋਂ ਦੂਰ ਹੋ ਜਾਂਦਾ ਹੈ। ਫਿਰ ਤਨ ਨੂੰ ਸਵੈ ਮੰਨ ਲੈਣਾ ਉਸ ਨੂੰ ਭਰਮ-ਜਾਲ ਵਿਚ ਫਸਾ ਦਿੰਦਾ ਹੈ। ਆਪਣੇ ਆਤਮ ਤੱਤ ਨੂੰ ਉਹ ਪੂਰੀ ਤਰ੍ਹਾਂ ਅਣਡਿੱਠ ਕਰ ਦਿੰਦਾ ਹੈ। ਆਤਮਿਕ ਸਿਹਤ ਨੂੰ ਲੈ ਕੇ ਚਿੰਤਤ ਹੋਣ ਵਾਲੇ ਲੱਭਿਆਂ ਵੀ ਨਹੀਂ ਲੱਭਦੇ ਜਦਕਿ ਤਨ ਨਾਸ਼ਵਾਨ ਹੈ ਅਤੇ ਆਤਮ ਤੱਤ ਅਮਰ ਹੈ। ਪਰਮਾਤਮਾ ਨੇ ਤਨ ਅਤੇ ਮਨ, ਦੋਵੇਂ ਇਕੱਠੇ ਦਿੱਤੇ ਹਨ ਤਾਂ ਉਨ੍ਹਾਂ ਦਾ ਸੰਤੁਲਿਤ ਇਸਤੇਮਾਲ ਵੀ ਨਿਰਧਾਰਤ ਕੀਤਾ ਹੈ।
ਤਨ ਦੇ ਰੋਗ ਮਨ ਨੂੰ ਪਰੇਸ਼ਾਨ ਕਰਦੇ ਹਨ, ਤਿਵੇਂ ਹੀ ਮਨ ਦੇ ਰੋਗ ਤਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਆਤਮ ਤੱਤ ਦੀ ਅਣਦੇਖੀ ਵੱਡੇ ਦੁੱਖਾਂ ਦਾ ਕਾਰਨ ਬਣਦੀ ਹੈ ਕਿਉਂਕਿ ਜੀਵਨ ਵਿਅਰਥ ਹੋ ਜਾਂਦਾ ਹੈ। ਤਨ ਦੇ ਨਾਲ-ਨਾਲ ਆਤਮ ਤੱਤ ਦੀ ਸਿਹਤਯਾਬੀ ਹੀ ਸਭ ਤੋਂ ਉੱਤਮ ਹੁੰਦੀ ਹੈ।
ਆਤਮ ਤੱਤ ਦਾ ਡਾਕਟਰ ਮਨੁੱਖ ਖ਼ੁਦ ਹੈ। ਵਿਕਾਰਾਂ, ਔਗੁਣਾਂ ਦੇ ਲੱਗੇ ਹੋਏ ਆਪਣੇ ਰੋਗ ਉਹੀ ਜਾਣ ਸਕਦਾ ਹੈ। ਇਨ੍ਹਾਂ ਤੋਂ ਛੁਟਕਾਰਾ ਵੀ ਉਸ ਦੇ ਹੱਥ ਵਿਚ ਹੈ। ਪਹਿਲਾਂ ਉਹ ਸਮਝੇ ਕਿ ਵਿਕਾਰ, ਔਗੁਣ ਉਸ ਦੇ ਗੰਭੀਰ ਰੋਗ ਹਨ। ਇਹ ਸੱਚ ਇਮਾਨਦਾਰੀ ਨਾਲ ਸਵੀਕਾਰ ਕਰਨ ਤੋਂ ਬਾਅਦ ਉਹ ਇਨ੍ਹਾਂ ਤੋਂ ਮੁਕਤ ਹੋਣ ਦਾ ਦ੍ਰਿੜ੍ਹ ਸੰਕਲਪ ਧਾਰਨ ਕਰੇ। ਵਿਕਾਰਾਂ ਨਾਲ ਭਰਿਆ ਜੀਵਨ ਪਰਮਾਤਮਾ ਤੋਂ ਦੂਰ ਕਰਦਾ ਹੈ ਅਤੇ ਪਰਮਾਤਮਾ ਤੋਂ ਦੂਰ ਹੋਣਾ ਆਤਮਿਕ ਮੌਤ ਹੈ।
ਆਤਮਿਕ ਸਿਹਤਯਾਬੀ ਨੂੰ ਆਪਣੀ ਤਰਜੀਹ ਬਣਾਉਣ ਨਾਲ ਤਨ ਨੂੰ ਵੀ ਸੇਧਿਆ ਜਾ ਸਕਦਾ ਹੈ। ਤਨ ਅਤੇ ਮਨ ਦਾ ਸੰਤੁਲਿਤ ਸੰਯੋਗ ਇਕ ਸ਼ਕਤੀਸ਼ਾਲੀ ਊਰਜਾ ਦੀ ਸਿਰਜਣਾ ਕਰਦਾ ਹੈ ਜਿਸ ਨਾਲ ਆਨੰਦ ਦੀ ਅਵਸਥਾ ਬਣਦੀ ਹੈ ਜਦਕਿ ਨੁਕਸਦਾਰ ਮਨ ਮਨੁੱਖ ਵਾਸਤੇ ਕਦਮ-ਕਦਮ ’ਤੇ ਮੁਸੀਬਤਾਂ ਹੀ ਖੜ੍ਹੀਆਂ ਕਰਦਾ ਰਹਿੰਦਾ ਹੈ।
-ਡਾ. ਸਤਿੰਦਰਪਾਲ ਸਿੰਘ