ਮਨੁੱਖ ਦਾ ਦਿਮਾਗ ਅਨੰਤ ਸ਼ਕਤੀਆਂ ਨਾਲ ਭਰਪੂਰ ਹੈ। ਕਲਪਨਾ ਵੀ ਇਕ ਅਜਿਹੀ ਹੀ ਸ਼ਕਤੀ ਹੈ। ਕਲਪਨਾ ਦੀ ਸ਼ਕਤੀ ਨਾਲ ਵਿਅਕਤੀ ਆਪਣੇ ਜੀਵਨ ਵਿਚ ਮਨਪਸੰਦ ਰੰਗ ਭਰ ਸਕਦਾ ਹੈ। ਕਿਸੇ ਵੀ ਵਿਚਾਰ ਦਾ ਆਧਾਰ ਕਲਪਨਾ ਹੀ ਹੁੰਦੀ ਹੈ ਅਤੇ ਵਿਚਾਰ ਹੀ ਸ਼ਖ਼ਸੀਅਤ ਨੂੰ ਆਕਾਰ ਦਿੰਦੇ ਹਨ। ਇਸ ਲਈ, ਕਲਪਨਾਵਾਂ ਦੀ ਪ੍ਰਕਿਰਤੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਜਿਵੇਂ ਕਿ ਸਕਾਰਾਤਮਕ ਕਲਪਨਾ ਦੀ ਘਾਟ ਕਾਰਨ ਅਕਸਰ ਮਨੁੱਖ ਮਾੜੀਆਂ ਕਲਪਨਾਵਾਂ ਦੇ ਜੰਜਾਲ ਵਿਚ ਫਸ ਕੇ ਵੱਡੀਆਂ ਤ੍ਰਾਸਦੀਆਂ ਸਹਾਰਨ ਲਈ ਮਜਬੂਰ ਹੁੰਦਾ ਹੈ।

ਮਨੁੱਖ ਦਾ ਦਿਮਾਗ ਅਨੰਤ ਸ਼ਕਤੀਆਂ ਨਾਲ ਭਰਪੂਰ ਹੈ। ਕਲਪਨਾ ਵੀ ਇਕ ਅਜਿਹੀ ਹੀ ਸ਼ਕਤੀ ਹੈ। ਕਲਪਨਾ ਦੀ ਸ਼ਕਤੀ ਨਾਲ ਵਿਅਕਤੀ ਆਪਣੇ ਜੀਵਨ ਵਿਚ ਮਨਪਸੰਦ ਰੰਗ ਭਰ ਸਕਦਾ ਹੈ। ਕਿਸੇ ਵੀ ਵਿਚਾਰ ਦਾ ਆਧਾਰ ਕਲਪਨਾ ਹੀ ਹੁੰਦੀ ਹੈ ਅਤੇ ਵਿਚਾਰ ਹੀ ਸ਼ਖ਼ਸੀਅਤ ਨੂੰ ਆਕਾਰ ਦਿੰਦੇ ਹਨ। ਇਸ ਲਈ, ਕਲਪਨਾਵਾਂ ਦੀ ਪ੍ਰਕਿਰਤੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਜਿਵੇਂ ਕਿ ਸਕਾਰਾਤਮਕ ਕਲਪਨਾ ਦੀ ਘਾਟ ਕਾਰਨ ਅਕਸਰ ਮਨੁੱਖ ਮਾੜੀਆਂ ਕਲਪਨਾਵਾਂ ਦੇ ਜੰਜਾਲ ਵਿਚ ਫਸ ਕੇ ਵੱਡੀਆਂ ਤ੍ਰਾਸਦੀਆਂ ਸਹਾਰਨ ਲਈ ਮਜਬੂਰ ਹੁੰਦਾ ਹੈ। ਡਰ ਦਾ ਭੂਤ ਸਿਰਫ਼ ਕਲਪਨਾ ਦੇ ਆਧਾਰ ’ਤੇ ਜਿਉਂਦਾ ਹੋ ਜਾਂਦਾ ਹੈ। ਕਲਪਨਾ ਦੀ ਨਕਾਰਾਤਮਕ ਸ਼ਕਤੀ ਸਾਡੀ ਸੋਚ ਨੂੰ ਡਰ, ਉਦਾਸੀ ਅਤੇ ਮ੍ਰਿਗ-ਤ੍ਰਿਸ਼ਨਾਵਾਂ ਦੇ ਭਾਵਾਂ ਨਾਲ ਭਰ ਦਿੰਦੀ ਹੈ ਅਤੇ ਜੀਵਨ ਨੂੰ ਕਸ਼ਟਦਾਇਕ ਬਣਾ ਦਿੰਦੀ ਹੈ।
ਓਥੇ ਹੀ, ਸਕਾਰਾਤਮਕ ਕਲਪਨਾ ਸ਼ਕਤੀ ਨਾਲ ਅਸੀਂ ਹਰੇਕ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ। ਸਿਹਤ ਤੋਂ ਲੈ ਕੇ ਧਨ-ਦੌਲਤ, ਇੱਜ਼ਤ-ਮਾਣ ਨੂੰ ਆਕਰਸ਼ਿਤ ਕਰ ਸਕਦੇ ਹਾਂ। ਆਪਣੀਆਂ ਆਦਤਾਂ ਨੂੰ ਸੁਧਾਰ ਕੇ ਸ਼ਖ਼ਸੀਅਤ ਨੂੰ ਮਨਚਾਹਿਆ ਰੂਪ ਦੇ ਸਕਦੇ ਹਾਂ ਅਤੇ ਜੀਵਨ ਵਿਚ ਖ਼ੁਸ਼ਕਿਸਮਤੀ ਦਾ ਸੂਰਜ ਚੜ੍ਹਾ ਸਕਦੇ ਹਾਂ। ਕਲਪਨਾ ਦੇ ਸਹਾਰੇ ਹੀ ਕਵੀ, ਲੇਖਕ, ਵਿਗਿਆਨੀ ਅਤੇ ਵਿਚਾਰਕ ਆਪਣੀ ਸ੍ਰਿਜਣਾ-ਸਾਧਨਾ ਵਿਚ ਨਵੇਂ ਰੰਗ ਭਰਦੇ ਹਨ ਅਤੇ ਸੰਸਾਰ ਨੂੰ ਕੁਝ ਨਵਾਂ ਦੇ ਕੇ ਜਾਂਦੇ ਹਨ। ਕਲਪਨਾ ਸ਼ਕਤੀ ਲਈ ਇਹ ਕਹਾਵਤ ਪ੍ਰਸਿੱਧ ਹੈ ਕਿ ‘ਜਿੱਥੇ ਨਾ ਪਹੁੰਚੇ ਰਵੀ, ਉੱਥੇ ਪਹੁੰਚੇ ਕਵੀ।’
ਕਲਪਨਾ ਦੀ ਇਸ ਬੇਮਿਸਾਲ ਸ਼ਕਤੀ ਨੂੰ ਸਮਝਦੇ ਹੋਏ ਅਸੀਂ ਜੀਵਨ ਨੂੰ ਨਵੀਂ ਦਿਸ਼ਾ ਦੇ ਸਕਦੇ ਹਾਂ। ਆਪਣੇ ਕਲਪਿਤ ਮਕਸਦ ਨੂੰ ਕਾਰਜ ਯੋਜਨਾ ਮੁਤਾਬਕ ਪੂਰੀ ਨਿਸ਼ਠਾ ਨਾਲ ਲਾਗੂ ਕਰੋ। ਤੁਹਾਡੇ ਯਤਨ, ਕੋਸ਼ਿਸ਼ਾਂ, ਸੰਕਲਪ ਅਤੇ ਵਿਚਾਰ ਸਕਾਰਾਤਮਕ ਦਿਸ਼ਾ ਵਿਚ ਪ੍ਰਵਾਹਿਤ ਹੋਣ ਲੱਗਣਗੇ। ਵੱਡੇ ਟੀਚੇ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡੋ ਅਤੇ ਦ੍ਰਿੜਤਾ ਨਾਲ ਸਮੇਂ ਦੀ ਪਾਲਣਾ ਕਰੋ। ਛੋਟੀਆਂ-ਛੋਟੀਆਂ ਸਫਲਤਾਵਾਂ ਨਾਲ ਆਤਮ-ਵਿਸ਼ਵਾਸ ਵਧੇਗਾ ਅਤੇ ਵੱਡੇ ਕਦਮ ਸੰਭਵ ਹੋਣਗੇ। ਨਾਲ ਹੀ ਗਿਆਨ ਦਾ ਦਾਇਰਾ ਵਧਾਉਂਦੇ ਰਹੋ। ਹਰ ਰੋਜ਼ ਕੁਝ ਨਵਾਂ ਅਤੇ ਪ੍ਰੇਰਕ ਪੜ੍ਹੋ ਜਾਂ ਸਿੱਖੋ। ਇਸ ਨਾਲ ਤੁਹਾਡੀ ਕਲਪਨਾ ਸ਼ਕਤੀ ਨਵੀਆਂ ਉੱਚਾਈਆਂ ਨੂੰ ਛੂਹੇਗੀ। ਇਸ ਨੂੰ ਹੋਰ ਵਿਆਪਕ ਬਣਾਉਣ ਲਈ ਮਹਾਪੁਰਸ਼ਾਂ ਦੇ ਪ੍ਰੇਰਕ ਜੀਵਨ-ਚਰਿੱਤਰ ’ਤੇ ਝਾਤ ਮਾਰਨਾ ਵੀ ਸਾਰਥਕ ਹੁੰਦਾ ਹੈ।-ਗੌਰੀ ਸ਼ੰਕਰ ਵੈਸ਼ਯ।