ਸਕਾਰਾਤਮਕ ਰਵੱਈਆ
ਗੁੱਸੇ ਤੇ ਪਿਆਰ ਦੀਆਂ ਭਾਵਨਾਵਾਂ ਤੋਂ ਬਾਅਦ ਮਨੁੱਖ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਹੋਰ ਵੱਧ ਕੋਸ਼ਿਸ਼ ਕਰਨ ਲੱਗਦਾ ਹੈ। ਇਸ ਪ੍ਰਕਿਰਿਆ ’ਚ ਉਸ ਦਾ ਵਿਵੇਕ ਡਗਮਗਾਉਣ ਲੱਗਦਾ ਹੈ। ਨਤੀਜੇ ਵਜੋਂ ਬੁੱਧੀ ਦਾ ਨਾਸ਼ ਹੋਣ ਲੱਗਦਾ ਹੈ ਤੇ ਬੁੱਧੀ ਨਸ਼ਟ ਹੋਣ ’ਤੇ ਮਨੁੱਖ ਵਿਨਾਸ਼ ਵੱਲ ਵਧਣ ਲੱਗਦਾ ਹੈ।
Publish Date: Mon, 01 Jun 2026 11:15 PM (IST)
Updated Date: Tue, 02 Jun 2026 06:45 AM (IST)
ਹਰ ਵਿਅਕਤੀ ਦੀ ਸ਼ਖ਼ਸੀਅਤ ਦਾ ਨਿਰਮਾਣ ਉਸ ਦੇ ਰਵੱਈਏ ਨਾਲ ਹੀ ਹੁੰਦਾ ਹੈ। ਰਵੱਈਏ ਦਾ ਭਾਵ ਹੈ ਮਨੁੱਖ ਦੀ ਸੋਚ ਤੇ ਉਸ ਦੇ ਮੁਤਾਬਕ ਉਸ ਦੀ ਮਨੋਦਸ਼ਾ। ਮਨੋਦਸ਼ਾ ਦੇ ਨਿਰਮਾਣ ’ਚ ਮਨੁੱਖ ਦੀਆਂ ਇੰਦਰੀਆਂ ਦਾ ਯੋਗਦਾਨ ਮੁੱਖ ਹੁੰਦਾ ਹੈ, ਕਿਉਂਕਿ ਇੰਦਰੀਆਂ ਰਾਹੀਂ ਉਹ ਸੰਸਾਰ ਦਾ ਤਜਰਬਾ ਕਰਦਾ ਹੈ ਤੇ ਤਜਰਬਿਆਂ ਦੇ ਆਧਾਰ ’ਤੇ ਉਸ ਦੀ ਸੋਚ ਤੇ ਮਨੋਦਸ਼ਾ ਦਾ ਨਿਰਮਾਣ ਹੁੰਦਾ ਹੈ।
ਇੰਦਰੀਆਂ ਇੰਨੀਆਂ ਮਜ਼ਬੂਤ ਹੁੰਦੀਆਂ ਹਨ ਕਿ ਉਹ ਵਿਵੇਕਸ਼ੀਲ ਵਿਅਕਤੀ ਦੇ ਮਨ ਨੂੰ ਵੀ ਚੰਚਲ ਬਣਾ ਸਕਦੀਆਂ ਹਨ, ਜਦਕਿ ਉਹ ਉਨ੍ਹਾਂ ਨੂੰ ਕਾਬੂ ਕਰ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੇ ਕੋਈ ਵਿਅਕਤੀ ਇੰਦਰੀਆਂ ਨੂੰ ਆਪਣੇ ਵੱਸ ’ਚ ਰੱਖਦੇ ਹੋਏ ਆਪਣੀ ਚੇਤਨਾ ਨੂੰ ਸਥਿਰ ਕਰ ਲੈਂਦਾ ਹੈ ਤਾਂ ਉਹ ਸਥਿਰ ਬੁੱਧੀ ਤੇ ਮਨੋਦਸ਼ਾ ਵਾਲਾ ਕਹਾਉਂਦਾ ਹੈ। ਆਮ ਤੌਰ ’ਤੇ ਇੰਦਰੀਆਂ ਸਬੰਧੀ ਵਿਸ਼ਿਆਂ ਦਾ ਚਿੰਤਨ ਕਰਦੇ-ਕਰਦੇ ਮਨੁੱਖ ਉਸ ’ਚ ਲੀਨ ਹੋ ਜਾਂਦਾ ਹੈ। ਲਗਾਵ ਨਾਲ ਇੱਛਾ ਪੈਦਾ ਹੁੰਦੀ ਹੈ ਤੇ ਇੱਛਾ ਦੀ ਪੂਰਤੀ ਨਾ ਹੋਣ ’ਤੇ ਗੁੱਸਾ ਜਨਮ ਲੈਂਦਾ ਹੈ।
ਗੁੱਸੇ ਤੇ ਪਿਆਰ ਦੀਆਂ ਭਾਵਨਾਵਾਂ ਤੋਂ ਬਾਅਦ ਮਨੁੱਖ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਹੋਰ ਵੱਧ ਕੋਸ਼ਿਸ਼ ਕਰਨ ਲੱਗਦਾ ਹੈ। ਇਸ ਪ੍ਰਕਿਰਿਆ ’ਚ ਉਸ ਦਾ ਵਿਵੇਕ ਡਗਮਗਾਉਣ ਲੱਗਦਾ ਹੈ। ਨਤੀਜੇ ਵਜੋਂ ਬੁੱਧੀ ਦਾ ਨਾਸ਼ ਹੋਣ ਲੱਗਦਾ ਹੈ ਤੇ ਬੁੱਧੀ ਨਸ਼ਟ ਹੋਣ ’ਤੇ ਮਨੁੱਖ ਵਿਨਾਸ਼ ਵੱਲ ਵਧਣ ਲੱਗਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਮਨੁੱਖ ਦੀ ਸੋਚ ਤੇ ਵਿਵੇਕ ਨੂੰ ਤੈਅ ਕਰਨ ਵਾਲੇ ਕਾਰਕ ਉਸ ਦੀਆਂ ਇੰਦਰੀਆਂ ਤੇ ਮਨ ਹਨ। ਜੇ ਇੰਦਰੀਆਂ ਕਾਬੂ ’ਚ ਹਨ ਤਾਂ ਮਨ ਸਥਿਰ ਤੇ ਸ਼ਾਂਤ ਰਹੇਗਾ, ਨਹੀਂ ਤਾਂ ਮਨ ਅਸਥਿਰ ਹੋ ਕੇ ਵਿਅਕਤੀ ਦੀ ਤਰੱਕੀ ਨੂੰ ਪ੍ਰਭਾਵਿਤ ਕਰੇਗਾ। ਇਸ ਲਈ ਮਨ ’ਤੇ ਕਾਬੂ ਬਹੁਤ ਜ਼ਰੂਰੀ ਹੈ।
ਮਨ ’ਤੇ ਕਾਬੂ ਕਰਨ ਲਈ ਮਹਾਰਿਸ਼ੀ ਪਤੰਜਲੀ ਨੇ ਯਮ ਤੇ ਨਿਯਮ ਨਾਮੀ ਯੋਗ ਪ੍ਰਣਾਲੀ ਸਥਾਪਿਤ ਕੀਤੀ ਹੈ। ਇਸ ਰਾਹੀਂ ਇੰਦਰੀਆਂ ਨੂੰ ਕਾਬੂ ਕਰ ਕੇ ਮਨੁੱਖ ਆਪਣੀ ਸੋਚ ਨੂੰ ਪਵਿੱਤਰ ਬਣਾ ਸਕਦਾ ਹੈ। ਇਸ ਨਾਲ ਮਨ ਸਥਿਰ ਹੁੰਦਾ ਹੈ ਤੇ ਉਸ ਦਾ ਰਵੱਈਆ ਸਕਾਰਾਤਮਕ ਦਿਸ਼ਾ ’ਚ ਵਿਕਸਤ ਹੁੰਦਾ ਹੈ। ਇਸ ਤਰ੍ਹਾਂ ਮਨੁੱਖ ਆਪਣੀ ਸੋਚ ਨੂੰ ਵਿਕਸਤ ਕਰ ਕੇ ਆਪਣੇ ਰਵੱਈਏ ਨੂੰ ਹੋਰ ਉੱਤਮ ਬਣਾ ਸਕਦਾ ਹੈ।
-ਕਰਨਲ ਸ਼ਿਵਦਾਨ ਸਿੰਘ