ਮਨੁੱਖ ਨੂੰ ਹੋਣਾ ਚਾਹੀਦਾ ਹੈ ਆਤਮ-ਗਿਆਨ
ਸਮੇਂ ਦੇ ਆਧੁਨਿਕਤਾ ਵੱਲ ਵਧਦੇ ਹੋਣ ਦੇ ਨਾਲ ਗਿਆਨ ਦੀ ਪਰਿਭਾਸ਼ਾ ਸੌੜੀ ਹੁੰਦੀ ਜਾ ਰਹੀ ਹੈ। ਅੱਜ-ਕੱਲ੍ਹ ਵੱਖ-ਵੱਖ ਵਿਧਾਵਾਂ ਅਤੇ ਸ਼ਾਸਤਰਾਂ ਦੀ ਲਫ਼ਜ਼ੀ ਵਿਆਖਿਆ ਜਾਂ ਜਾਣਕਾਰੀ ਨੂੰ ਹੀ ਗਿਆਨ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾ ਰਿਹਾ ਹੈ ਜਦਕਿ ਆਤਮ-ਗਿਆਨ ਹੀ ਸਭ ਤਰ੍ਹਾਂ ਦੇ ਗਿਆਨ ਦਾ ਮੂਲ ਹੈ। ਆਤਮ-ਬੋਧ ਦਾ ਅਰਥ ਹੈ ਆਪਣੀਆਂ ਅਨੰਤ ਸਮਰੱਥਾਵਾਂ, ਦੋਸ਼ਾਂ ਅਤੇ ਮੂਲ ਸੁਭਾਅ ਨੂੰ ਜਾਣਨਾ।
Publish Date: Fri, 03 Apr 2026 10:46 PM (IST)
Updated Date: Sat, 04 Apr 2026 07:00 AM (IST)

ਸਮੇਂ ਦੇ ਆਧੁਨਿਕਤਾ ਵੱਲ ਵਧਦੇ ਹੋਣ ਦੇ ਨਾਲ ਗਿਆਨ ਦੀ ਪਰਿਭਾਸ਼ਾ ਸੌੜੀ ਹੁੰਦੀ ਜਾ ਰਹੀ ਹੈ। ਅੱਜ-ਕੱਲ੍ਹ ਵੱਖ-ਵੱਖ ਵਿਧਾਵਾਂ ਅਤੇ ਸ਼ਾਸਤਰਾਂ ਦੀ ਲਫ਼ਜ਼ੀ ਵਿਆਖਿਆ ਜਾਂ ਜਾਣਕਾਰੀ ਨੂੰ ਹੀ ਗਿਆਨ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾ ਰਿਹਾ ਹੈ ਜਦਕਿ ਆਤਮ-ਗਿਆਨ ਹੀ ਸਭ ਤਰ੍ਹਾਂ ਦੇ ਗਿਆਨ ਦਾ ਮੂਲ ਹੈ। ਆਤਮ-ਬੋਧ ਦਾ ਅਰਥ ਹੈ ਆਪਣੀਆਂ ਅਨੰਤ ਸਮਰੱਥਾਵਾਂ, ਦੋਸ਼ਾਂ ਅਤੇ ਮੂਲ ਸੁਭਾਅ ਨੂੰ ਜਾਣਨਾ। ਜਦ ਤੱਕ ਅਸੀਂ ਆਪਣੇ-ਆਪ ਨੂੰ ਨਹੀਂ ਜਾਣਦੇ, ਤਦ ਤੱਕ ਸਾਰਾ ਗਿਆਨ ਅਧੂਰਾ ਹੈ। ਅਗਿਆਨਤਾ ਕਾਰਨ ਮਨੁੱਖ ਆਪਣੇ-ਆਪ ਨੂੰ ਸਿਰਫ਼ ਹੱਡ-ਮਾਸ ਦਾ ਸਰੀਰ ਜਾਂ ਸਮਾਜ ਦੁਆਰਾ ਦਿੱਤੇ ਗਏ ਅਹੁਦੇ-ਵੱਕਾਰ ਨੂੰ ਹੀ ਸੱਚ ਮੰਨ ਬੈਠਦਾ ਹੈ। ਇਹੀ ਤੰਗਦਿਲੀ ਵਾਲਾ ਨਜ਼ਰੀਆ ਹੰਕਾਰ ਅਤੇ ਦੁੱਖਾਂ ਦਾ ਮੂਲ ਕਾਰਨ ਬਣਦਾ ਹੈ। ਤਜਰਬੇ ਦੇ ਆਧਾਰ ’ਤੇ ਕਿਹਾ ਗਿਆ ਹੈ ਕਿ ਆਤਮ-ਗਿਆਨ ਤੋਂ ਬਿਨਾਂ ਸ਼ਾਂਤੀ ਸੰਭਵ ਨਹੀਂ ਹੈ। ਜਿਸ ਤਰ੍ਹਾਂ ਕਸਤੂਰੀ ਮ੍ਰਿਗ ਆਪਣੀ ਹੀ ਨਾਭੀ ਤੋਂ ਆਉਂਦੀ ਸੁਗੰਧ ਨੂੰ ਬਾਹਰ ਜੰਗਲਾਂ ਵਿਚ ਖੋਜਦਾ ਹੈ, ਉਸੇ ਤਰ੍ਹਾਂ ਆਨੰਦ ਦਾ ਸਰੋਤ ਸਾਡੇ ਅੰਦਰ ਹੈ ਜਿਸ ਨੂੰ ਅਸੀਂ ਭੌਤਿਕ ਵਸਤਾਂ ਵਿਚ ਲੱਭ ਰਹੇ ਹਾਂ। ਸੰਤ ਕਬੀਰਦਾਸ ਜੀ ਦਾ ਦਰਸ਼ਨ ‘ਬੁਰਾ ਜੋ ਦੇਖਨ ਮੈਂ ਚਲਾ, ਬੁਰਾ ਨ ਮਿਲਿਆ ਕੋਇ। ਜੋ ਦਿਲ ਖੋਜਾ ਆਪਨਾ, ਮੁਝਸੇ ਬੁਰਾ ਨ ਕੋਇ।’ ਆਤਮ-ਗਿਆਨ ਦੀ ਪਹਿਲੀ ਪੌੜੀ ਹੈ। ਜਦੋਂ ਅਸੀਂ ਆਪਣੀਆਂ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਸਵੀਕਾਰ ਕਰਦੇ ਹਾਂ, ਤਦ ਹੀ ਆਤਮਿਕ ਰੂਪਾਂਤਰਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਖ਼ੁਦ ਦਾ ਬੋਧ ਹੁੰਦੇ ਹੀ ਪਰਾਇਆਪਣ ਖ਼ਤਮ ਹੋ ਜਾਂਦਾ ਹੈ ਅਤੇ ਵਿਅਕਤੀ ਸਮੂਹ ਸ੍ਰਿਸ਼ਟੀ ਨਾਲ ਇਕਮਿਕ ਹੋਣ ਦਾ ਅਨੁਭਵ ਕਰਨ ਲੱਗਦਾ ਹੈ। ਆਤਮ-ਗਿਆਨ ਕੋਈ ਚਮਤਕਾਰ ਨਹੀਂ ਹੈ, ਬਲਕਿ ਨਿਰੰਤਰ ਆਤਮ-ਨਿਰੀਖਣ ਦਾ ਨਤੀਜਾ ਹੈ। ਰੋਜ਼ਮੱਰਾ ਦੇ ਜੀਵਨ ਦੀ ਭੱਜ-ਦੌੜ ਵਿਚ ਮੌਨ ਦੇ ਕੁਝ ਪਲ ਕੱਢ ਕੇ ਜਦੋਂ ਅਸੀਂ ਅੰਤਰਮੁਖੀ ਹੁੰਦੇ ਹਾਂ, ਤਦ ਬੁੱਧੀ ਸਥਿਰ ਹੁੰਦੀ ਹੈ ਅਤੇ ਵਿਵੇਕ ਜਾਗਰੂਕ ਹੁੰਦਾ ਹੈ। ਇਹੀ ਵਿਵੇਕ ਸਾਨੂੰ ਜੀਵਨ ਦੇ ਆਪਾ-ਵਿਰੋਧਾਂ ਤੋਂ ਉੱਪਰ ਉਠਾ ਕੇ ਪਰਮ ਆਨੰਦ ਵੱਲ ਲੈ ਕੇ ਜਾਂਦਾ ਹੈ। ਜਿਸ ਨੂੰ ਆਪਣੇ-ਆਪ ਦਾ ਬੋਧ ਹੋ ਜਾਂਦਾ ਹੈ, ਉਸ ਲਈ ਪੂਰਾ ਸੰਸਾਰ ਹੀ ਪ੍ਰਭੂ ਦਾ ਰੂਪ ਬਣ ਜਾਂਦਾ ਹੈ ਅਤੇ ਉਸ ਦਾ ਜੀਵਨ ਇਕ ਦਿੱਵਿਆ ਪ੍ਰਕਾਸ਼ ਵਾਂਗ ਦੂਜਿਆਂ ਦਾ ਰਾਹ ਮਜ਼ਬੂਤ ਕਰਨ ਲੱਗਦਾ ਹੈ। -ਲਵਲੀ ਆਨੰਦ।