ਉਸ ਲਈ ਅਸੀਂ ਆਪਣੇ ਦਿਲ ਵਿਚ ਡੂੰਘਾ ਲਗਾਅ ਰੱਖਦੇ ਹਾਂ ਅਤੇ ਸਾਨੂੰ ਇਹ ਡਰ ਲੱਗਦਾ ਹੈ ਕਿ ਕਿਤੇ ਉਹ ਵਸਤੂ ਸਾਡੇ ਤੋਂ ਖੁੱਸ ਨਾ ਜਾਵੇ। ਚਾਹੇ ਪਿਆਰ ਆਪਣੇ ਪਰਿਵਾਰ ਪ੍ਰਤੀ ਹੋਵੇ ਜਾਂ ਮਿੱਤਰਾਂ ਨਾਲ, ਚਾਹੇ ਪਿਆਰ ਪ੍ਰੇਮੀ ਨਾਲ ਹੋਵੇ ਜਾਂ ਆਪਣੇ ਸਾਮਾਨ ਅਤੇ ਆਪਣੇ ਦੇਸ਼ ਦੇ ਪ੍ਰਤੀ, ਉਸ ਵਿਚ ਪਿਆਰ ਦੇ ਇਹ ਗੁਣ ਹਮੇਸ਼ਾ ਮੌਜੂਦ ਰਹਿੰਦੇ ਹਨ।

ਪਿਆਰ ਕੀ ਹੈ? ਇਹ ਸਮਝਣਾ ਜ਼ਿਆਦਾਤਰ ਲੋਕਾਂ ਲਈ ਸਭ ਤੋਂ ਵੱਡੀ ਦੁਚਿੱਤੀ ਹੁੰਦੀ ਹੈ। ਇਹ ਇਕ ਅਜਿਹਾ ਸਵਾਲ ਹੈ ਜਿਸ ਦੇ ਜਵਾਬ ਦੀ ਭਾਲ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ। ਪ੍ਰੇਮ ਬਾਰੇ ਲੱਖਾਂ ਕਵਿਤਾਵਾਂ ਅਤੇ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਅਤੇ ਹਰ ਯੁੱਗ ਦੇ ਦਰਸ਼ਨ-ਸ਼ਾਸਤਰੀਆਂ ਨੇ ਵੀ ਪਿਆਰ ਦੇ ਸਰੂਪ ਦੀ ਵਿਆਖਿਆ ਕਰਨ ਦੇ ਬਹੁਤ ਸਾਰੇ ਯਤਨ ਕੀਤੇ ਹਨ। ‘ਪਿਆਰ’ ਸ਼ਬਦ ਦੀ ਵਰਤੋਂ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਵੱਖ-ਵੱਖ ਰਿਸ਼ਤਿਆਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕਰਦੇ ਹਾਂ। ਜਿਵੇਂ ਮਾਤਾ-ਪਿਤਾ ਤੇ ਬੱਚੇ ਵਿਚ ਪਿਆਰ ਹੁੰਦਾ ਹੈ, ਤਿਵੇਂ ਹੀ ਭੈਣਾਂ-ਭਰਾਵਾਂ ਅਤੇ ਰਿਸ਼ਤੇਦਾਰਾਂ ਵਿਚ ਵੀ ਆਪਸ ਵਿਚ ਪਿਆਰ ਹੁੰਦਾ ਹੈ। ਮਿੱਤਰਾਂ ਵਿਚ ਵੀ ਸਨੇਹ ਹੁੰਦਾ ਹੈ।
ਇਸ ਤੋਂ ਇਲਾਵਾ ਸਾਨੂੰ ਆਪਣੇ ਦੇਸ਼ ਪ੍ਰਤੀ ਵੀ ਪਿਆਰ ਹੁੰਦਾ ਹੈ ਅਤੇ ਬਹੁਤ ਵਾਰ ਸਾਨੂੰ ਆਪਣੀ ਜਾਇਦਾਦ ਨਾਲ ਵੀ ਲਗਾਅ ਹੁੰਦਾ ਹੈ। ਕੁਝ ਦੇਸ਼ਾਂ ਵਿਚ ਲੋਕ ਆਪਣੇ ਪਾਲਤੂ ਜਾਨਵਰਾਂ ਨਾਲ ਵੀ ਪਿਆਰ ਕਰਦੇ ਹਨ। ਆਮ ਤੌਰ ’ਤੇ ਜਦੋਂ ਪਿਆਰ ਬਾਰੇ ਸੋਚਿਆ ਜਾਂਦਾ ਹੈ ਤਾਂ ਅਸੀਂ ਪੁਰਸ਼-ਔਰਤ ਦੇ ਆਪਸੀ ਪਿਆਰ ਬਾਰੇ ਸੋਚਦੇ ਹਾਂ। ਇਸ ਤੋਂ ਇਲਾਵਾ, ਅਸੀਂ ਕਈ ਵਾਰ ਸਾਰੀ ਮਨੁੱਖਤਾ ਅਤੇ ਸਮੁੱਚੀ ਸ੍ਰਿਸ਼ਟੀ ਦੇ ਪਿਆਰ ਬਾਰੇ ਵੀ ਗੱਲ ਕਰਦੇ ਹਾਂ।
ਹਰ ਮਨੁੱਖੀ ਰਿਸ਼ਤੇ ਜਾਂ ਨਿਰਜੀਵ ਵਸਤਾਂ ਜਿਵੇਂ ਕਿ ਆਪਣੇ ਘਰ ਜਾਂ ਆਪਣੀਆਂ ਨਿੱਜੀ ਵਸਤਾਂ ਪ੍ਰਤੀ ਪਿਆਰ ਦਾ ਅਨੁਭਵ ਵੱਖ-ਵੱਖ ਹੁੰਦਾ ਹੈ, ਪਰ ਪਿਆਰ ਦੇ ਹਰ ਰੂਪ ਵਿਚ ਕੁਝ ਨਾ ਕੁਝ ਗੁਣ ਇੱਕੋ ਜਿਹੇ ਹੁੰਦੇ ਹਨ। ਜਿਵੇਂ ਕਿ ਇਸ ਸੰਸਾਰ ਦੀ ਕਿਸੇ ਵਸਤੂ ਪ੍ਰਤੀ ਪਿਆਰ ਦੇ ਮਾਮਲੇ ਵਿਚ ਉਸ ਵਸਤੂ ਨਾਲ ਮੋਹ ਹੁੰਦਾ ਹੈ। ਜਿਸ ਨੂੰ ਅਸੀਂ ਪਿਆਰ ਕਰਦੇ ਹਾਂ, ਉਸ ਦੀ ਸਾਨੂੰ ਬਹੁਤ ਜ਼ਰੂਰਤ ਹੁੰਦੀ ਹੈ।
ਉਸ ਲਈ ਅਸੀਂ ਆਪਣੇ ਦਿਲ ਵਿਚ ਡੂੰਘਾ ਲਗਾਅ ਰੱਖਦੇ ਹਾਂ ਅਤੇ ਸਾਨੂੰ ਇਹ ਡਰ ਲੱਗਦਾ ਹੈ ਕਿ ਕਿਤੇ ਉਹ ਵਸਤੂ ਸਾਡੇ ਤੋਂ ਖੁੱਸ ਨਾ ਜਾਵੇ। ਚਾਹੇ ਪਿਆਰ ਆਪਣੇ ਪਰਿਵਾਰ ਪ੍ਰਤੀ ਹੋਵੇ ਜਾਂ ਮਿੱਤਰਾਂ ਨਾਲ, ਚਾਹੇ ਪਿਆਰ ਪ੍ਰੇਮੀ ਨਾਲ ਹੋਵੇ ਜਾਂ ਆਪਣੇ ਸਾਮਾਨ ਅਤੇ ਆਪਣੇ ਦੇਸ਼ ਦੇ ਪ੍ਰਤੀ, ਉਸ ਵਿਚ ਪਿਆਰ ਦੇ ਇਹ ਗੁਣ ਹਮੇਸ਼ਾ ਮੌਜੂਦ ਰਹਿੰਦੇ ਹਨ। ਪ੍ਰੇਮ ਦੇ ਹਰ ਅਨੁਭਵ ਵਿਚ ਉਸ ਦਾ ਅਹਿਸਾਸ ਹਮੇਸ਼ਾ ਸ਼ਾਮਲ ਹੁੰਦਾ ਹੈ।
ਜਦੋਂ ਅਸੀਂ ਉਨ੍ਹਾਂ ਨਾਲ ਹੁੰਦੇ ਹਾਂ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਤਾਂ ਅਸੀਂ ਖ਼ੁਸ਼ੀ ਦਾ ਅਨੁਭਵ ਕਰਦੇ ਹਾਂ। ਅਸੀਂ ਉਨ੍ਹਾਂ ਨਾਲ ਸ਼ਾਂਤੀ, ਇਕਾਗਰਤਾ, ਸੰਤੋਸ਼ ਅਤੇ ਪੂਰਨਤਾ ਦੀ ਭਾਵਨਾ ਮਹਿਸੂਸ ਕਰਦੇ ਹਾਂ। ਸੰਤ-ਮਹਾਪੁਰਸ਼ ਸਾਨੂੰ ਸਮਝਾਉਂਦੇ ਹਨ ਕਿ ਇਸ ਦੁਨੀਆ ਦਾ ਬਾਹਰਲਾ ਪਿਆਰ ਸਿਰਫ਼ ਕੁਝ ਸਮੇਂ ਲਈ ਹੀ ਰਹਿੰਦਾ ਹੈ। ਇਸ ਦੇ ਉਲਟ ਜੇ ਅਸੀਂ ਸਦੀਵੀ ਪਿਆਰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਉਹ ਸਾਨੂੰ ਸਿਰਫ਼ ਪ੍ਰਭੂ ਦੁਆਰਾ ਹੀ ਮਿਲ ਸਕਦਾ ਹੈ।
ਪ੍ਰਭੂ ਪ੍ਰਤੀ ਪਿਆਰ ਨੂੰ ਅਨੁਭਵ ਕਰਨ ਲਈ ਸਾਨੂੰ ਸਮੂਹ ਸ੍ਰਿਸ਼ਟੀ ਨਾਲ ਪਿਆਰ ਨੂੰ ਆਪਣੇ ਅੰਦਰ ਜਾਗਰੂਕ ਕਰਨਾ ਹੋਵੇਗਾ। ਸਾਡੇ ਵਿੱਚੋਂ ਬਹੁਤੇ ਲੋਕ ਆਪਣੇ ਪਰਿਵਾਰ ਅਤੇ ਮਿੱਤਰਾਂ ਦੇ ਛੋਟੇ ਦਾਇਰੇ ਪ੍ਰਤੀ ਹੀ ਪਿਆਰ ਰੱਖਦੇ ਹਨ ਪਰ ਜਿਵੇਂ-ਜਿਵੇਂ ਅਸੀਂ ਰੂਹਾਨੀ ਤੌਰ ’ਤੇ ਪ੍ਰਗਤੀ ਕਰਦੇ ਹਾਂ ਤਾਂ ਸਾਡਾ ਹਿਰਦਾ ਵਿਸ਼ਾਲ ਹੋਣ ਲੱਗਦਾ ਹੈ ਅਤੇ ਅਸੀਂ ਆਪਣੇ ਸਮੂਹ, ਸਮਾਜ, ਦੇਸ਼ ਅਤੇ ਸਮੁੱਚੇ ਭੂ-ਮੰਡਲ ਪ੍ਰਤੀ ਪਿਆਰ ਦਾ ਵਿਕਾਸ ਕਰਨ ਲੱਗਦੇ ਹਾਂ। ਪਿਆਰ ਦੀ ਆਖ਼ਰੀ ਅਵਸਥਾ ਸਮੁੱਚੀ ਸ੍ਰਿਸ਼ਟੀ ਲਈ ਪਿਆਰ ਹੋਣਾ ਹੈ।
-ਸੰਤ ਰਾਜਿੰਦਰ ਸਿੰਘ।