ਲੰਬੀ ਉਮਰ ਦਾ ਮੰਤਰ
ਭਾਰਤੀ ਸੰਸਕ੍ਰਿਤੀ ਸੌ ਸਾਲ ਦੀ ਉਮਰ ਦੀ ਧਾਰਨਾ ਨੂੰ ਪੋਸ਼ਿਤ ਕਰਦੀ ਹੈ। ਇਸ ਦਾ ਅਰਥ ਹੈ ਕਿ ਸਮਰੱਥ ਅਤੇ ਸਰਗਰਮ ਇੰਦਰੀਆਂ ਨਾਲ ਅਸੀਂ ਸੌ ਸਾਲਾਂ ਤੱਕ ਜਿਉਂਦੇ ਰਹੀਏ। ਲੰਬੀ ਉਮਰ ਹੋਣ ਦਾ ਕੋਈ ਇਕ ਜਾਦੂਈ ਉਪਾਅ ਨਹੀਂ ਹੈ। ਇਹ ਸੰਤੁਲਿਤ ਆਹਾਰ, ਨਿਯਮਤ ਸਰੀਰਕ ਗਤੀਵਿਧੀ, ਤਣਾਅ-ਮੁਕਤ ਜੀਵਨ, ਢੁੱਕਵੀਂ ਨੀਂਦ ਅਤੇ ਨਸ਼ਿਆਂ ਤੋਂ ਦੂਰੀ ’ਤੇ ਨਿਰਭਰ ਹੈ। ਕੁਦਰਤ ਵਿਚ ਜਦੋਂ ਵੀ ਕੋਈ ਚੀਜ਼ ਰੁਕ ਜਾਂਦੀ ਹੈ ਤਾਂ ਉਹ ਸੜਨ ਲੱਗਦੀ ਹੈ।
Publish Date: Fri, 27 Feb 2026 11:45 PM (IST)
Updated Date: Sat, 28 Feb 2026 07:40 AM (IST)

ਭਾਰਤੀ ਸੰਸਕ੍ਰਿਤੀ ਸੌ ਸਾਲ ਦੀ ਉਮਰ ਦੀ ਧਾਰਨਾ ਨੂੰ ਪੋਸ਼ਿਤ ਕਰਦੀ ਹੈ। ਇਸ ਦਾ ਅਰਥ ਹੈ ਕਿ ਸਮਰੱਥ ਅਤੇ ਸਰਗਰਮ ਇੰਦਰੀਆਂ ਨਾਲ ਅਸੀਂ ਸੌ ਸਾਲਾਂ ਤੱਕ ਜਿਉਂਦੇ ਰਹੀਏ। ਲੰਬੀ ਉਮਰ ਹੋਣ ਦਾ ਕੋਈ ਇਕ ਜਾਦੂਈ ਉਪਾਅ ਨਹੀਂ ਹੈ। ਇਹ ਸੰਤੁਲਿਤ ਆਹਾਰ, ਨਿਯਮਤ ਸਰੀਰਕ ਗਤੀਵਿਧੀ, ਤਣਾਅ-ਮੁਕਤ ਜੀਵਨ, ਢੁੱਕਵੀਂ ਨੀਂਦ ਅਤੇ ਨਸ਼ਿਆਂ ਤੋਂ ਦੂਰੀ ’ਤੇ ਨਿਰਭਰ ਹੈ। ਕੁਦਰਤ ਵਿਚ ਜਦੋਂ ਵੀ ਕੋਈ ਚੀਜ਼ ਰੁਕ ਜਾਂਦੀ ਹੈ ਤਾਂ ਉਹ ਸੜਨ ਲੱਗਦੀ ਹੈ। ਜੀਵਨ ਵਿਚ ਵੀ, ਜਿਸ ਨੂੰ ਅਸੀਂ ਅਕਸਰ ਆਰਾਮ, ਵਿਰਾਮ ਜਾਂ ਵਿਸ਼ਰਾਮ ਆਦਿ ਕਹਿੰਦੇ ਹਾਂ, ਉਹ ਅਸਲ ਵਿਚ ਠਹਿਰਾਅ ਹੈ। ਅਸੀਂ ਜਿੰਨਾ ਜ਼ਿਆਦਾ ਸਥਿਰ ਰਹਾਂਗੇ, ਜਿਉਣ ਦੀ ਇੱਛਾ ਓਨੀ ਹੀ ਘੱਟ ਹੋਵੇਗੀ। ਜਿੰਨਾ ਜ਼ਿਆਦਾ ਅਸੀਂ ਬੈਠੇ ਰਹਾਂਗੇ, ਓਨੀ ਹੀ ਜਲਦੀ ਬੁੱਢੇ ਹੋਵਾਂਗੇ। ਸਾਨੂੰ ਲੱਗਦਾ ਹੈ ਕਿ ਅਸੀਂ ਆਰਾਮ ਕਰ ਰਹੇ ਹਾਂ ਪਰ ਅਸਲ ਵਿਚ ਅਸੀਂ ਆਪਣੇ ਸਰੀਰ ਨੂੰ ਜ਼ਹਿਰ ਦੇ ਰਹੇ ਹਾਂ। ਸਾਡੇ ਖ਼ੂਨ ਦੀ ਗਤੀ ਧੀਮੀ ਹੋ ਜਾਂਦੀ ਹੈ, ਦਿਲ ਪੰਪ ਕਰਨਾ ਭੁੱਲ ਜਾਂਦਾ ਹੈ। ਵਜ਼ਨ ਵਧਣ ਲੱਗਦਾ ਹੈ, ਸਿਰਫ਼ ਸਰੀਰ ’ਤੇ ਹੀ ਨਹੀਂ, ਸਗੋਂ ਆਤਮਾ ’ਤੇ ਵੀ। ਜਦੋਂ ਅਸੀਂ ਖ਼ੁਦ ਨੂੰ ਇਕ ਚਾਰਦੀਵਾਰੀ ਵਿਚ ਬੰਦ ਰੱਖਦੇ ਹਾਂ ਤਾਂ ਸਾਡਾ ਸਰੀਰ ਖ਼ੁਦ ਨੂੰ ਹੀ ਖਾਣ ਲੱਗਦਾ ਹੈ। ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਦਿਮਾਗ ਸੁਸਤ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਨਿਰਾਸ਼ਾ ਅਤੇ ਤਣਾਅ ਨੂੰ ਸੱਦਾ ਦੇ ਬੈਠਦੇ ਹਾਂ। ਮਨੋਵਿਗਿਆਨ ਇਸ ਨੂੰ ‘ਮਾਨਸਿਕ ਜੁਗਾਲੀ’ ਜਾਂ ‘ਛਾਂ ਵਿਚ ਸੜਨਾ’ ਕਹਿੰਦਾ ਹੈ। ਤਦ ਇਕ ਛੋਟੀ ਜਿਹੀ ਸੈਰ ਵੀ ਸਾਨੂੰ ਪਹਾੜ ਵਰਗੀ ਲੱਗਦੀ ਹੈ। ਇਸ ਲਈ ਨਹੀਂ ਕਿ ਅਸੀਂ ਆਲਸੀ ਹਾਂ, ਸਗੋਂ ਇਸ ਲਈ ਕਿਉਂਕਿ ਸਾਨੂੰ ‘ਜੰਗ’ ਲੱਗ ਚੁੱਕਾ ਹੁੰਦਾ ਹੈ। ਦਰਅਸਲ, ਊਰਜਾ ਅਹਿਸਾਸ ਦਾ ਵੀ ਵਿਸ਼ਾ ਹੈ ਅਤੇ ਅਕਸਰ ਇਸ ਅਹਿਸਾਸ ਲਈ ਆਪਣੇ ਦਾਇਰੇ ਤੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਵਿਗਿਆਨਕ ਤੌਰ ’ਤੇ ਵੀ ਸਿੱਧ ਹੋ ਚੁੱਕਾ ਹੈ ਕਿ ਤਾਜ਼ੀ ਹਵਾ ਫੇਫੜਿਆਂ ਨੂੰ ਸਾਫ਼ ਕਰਦੀ ਹੈ। ਧੁੱਪ ਨੀਂਦ ਨੂੰ ਠੀਕ ਕਰਦੀ ਹੈ। ਚੱਲਣਾ ਦਿਲ ਨੂੰ ਦਰੁਸਤ ਕਰਦਾ ਹੈ। ਸਾਨੂੰ ਇਹ ਮੰਤਰ ਯਾਦ ਰੱਖਣਾ ਚਾਹੀਦਾ ਹੈ ਕਿ ਗਤੀ ਹੀ ਜੀਵਨ ਹੈ, ਇਸ ਲਈ ਸਿਹਤਮੰਦ ਸਰੀਰ ਲਈ ਪੈਰਾਂ ਨੂੰ ਅਤੇ ਮਨ ਲਈ ਵਿਚਾਰਾਂ ਨੂੰ ਚਲਾਈਮਾਨ ਰੱਖੋ। ਇਹੀ ਲੰਬੀ ਉਮਰ ਹੋਣ ਦਾ ਮੰਤਰ ਹੈ। -ਡਾ. ਨਿਰਮਲ ਜੈਨ।