- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਰਿਆਂ ਲਈ ਪ੍ਰੇਮ ਦੀ ਭਾਵਨਾ, ਸਭ ਨਾਲ ਪ੍ਰੇਮ ਅਤੇ ਸਭ ਦੀ ਸਹਾਇਤਾ ਕਰਨਾ ਸਦਾਚਾਰੀ ਜੀਵਨ ਦੇ ਗੁਣਾਂ ਵਿੱਚੋਂ ਇਕ ਹੈ। ਸੂਫ਼ੀ-ਸੰਤ ਕਹਿੰਦੇ ਹਨ ਕਿ ਪ੍ਰਭੂ ਨੇ ਮਨੁੱਖ ਨੂੰ ਦੂਜਿਆਂ ਨਾਲ ਪ੍ਰੇਮ ਅਤੇ ਮਦਦ ਕਰਨ ਲਈ ਬਣਾਇਆ ਹੈ। ਜੇ ਪ੍ਰਭੂ ਨੂੰ ਸਿਰਫ਼ ਭਗਤੀ ਹੀ ਚਾਹੀਦੀ ਹੁੰਦੀ ਤਾਂ ਉਸ ਦੇ ਕੋਲ ਦੇਵੀ-ਦੇਵਤੇ ਪਹਿਲਾਂ ਹੀ ਮੌਜੂਦ ਸਨ।

ਅਸੀਂ ਸਾਰਿਆਂ ਨੇ ਅਕਸਰ ਇਹ ਸੁਣਿਆ ਹੈ ਕਿ ਹਰ ਧਰਮ ਗ੍ਰੰਥ ਦੂਜਿਆਂ ਦੀ ਭਲਾਈ ਲਈ ਖ਼ੁਦ ਦੇ ਤਿਆਗ ਦੀ ਪ੍ਰੇਰਨਾ ਦਿੰਦਾ ਹੈ। ਵੱਖ-ਵੱਖ ਧਰਮਾਂ ਵਿਚ ਅਜਿਹੀਆਂ ਕਵਿਤਾਵਾਂ ਜਾਂ ਕਹਾਣੀਆਂ ਆਉਂਦੀਆਂ ਹਨ ਜੋ ਸਾਨੂੰ ਦੱਸਦੀਆਂ ਹਨ ਕਿ ਕਿਸ ਤਰ੍ਹਾਂ ਪ੍ਰਭੂ ਦੀ ਕਿਰਪਾ ਉਸ ਵਿਅਕਤੀ ’ਤੇ ਹੁੰਦੀ ਹੈ ਜਿਸ ਨੇ ਜ਼ਰੂਰਤ ਦੇ ਸਮੇਂ ਕਿਸੇ ਹੋਰ ਦੀ ਸਹਾਇਤਾ ਕੀਤੀ ਸੀ। ਸਹਾਇਤਾ ਕਰਨ ਵਾਲਾ ਜੇ ਕੋਈ ਸੰਤ ਜਾਂ ਮਹਾਤਮਾ ਨਾ ਵੀ ਹੋਵੇ, ਪਰ ਜੇ ਉਸ ਦੇ ਕਿਸੇ ਉੱਤਮ ਕੰਮ ਨਾਲ ਦੂਜਿਆਂ ਨੂੰ ਆਰਾਮ ਮਿਲਦਾ ਹੈ ਤਾਂ ਪ੍ਰਭੂ ਦੀ ਨਜ਼ਰ ਵਿਚ ਉਸ ਦੀ ਸ਼ੋਭਾ ਵਧ ਜਾਂਦੀ ਹੈ।
ਅਸੀਂ ਜ਼ਿਆਦਾਤਰ ਉਨ੍ਹਾਂ ਲੋਕਾਂ ਦੀਆਂ ਉਦਾਹਰਨਾਂ ਤੋਂ ਪ੍ਰੇਰਿਤ ਹੁੰਦੇ ਹਾਂ ਜਿਨ੍ਹਾਂ ਨੇ ਦੂਜਿਆਂ ਨੂੰ ਬਚਾਉਣ ਲਈ ਆਪਣਾ ਜੀਵਨ ਖ਼ਤਰੇ ਵਿਚ ਪਾ ਦਿੱਤਾ। ਅਸੀਂ ਉਨ੍ਹਾਂ ਸੂਰਮਿਆਂ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਦੇਸ਼ ਲਈ ਪ੍ਰਾਣ ਤਿਆਗ ਦਿੱਤੇ। ਅਸੀਂ ਉਨ੍ਹਾਂ ਨੂੰ ਸ਼ਹੀਦ ਦੀ ਉਪਾਧੀ ਦਿੰਦੇ ਹਾਂ ਜਿਨ੍ਹਾਂ ਨੇ ਮਨੁੱਖਤਾ ਦੀ ਸਹਾਇਤਾ ਕਰਦਿਆਂ ਆਪਣੀ ਜਾਨ ਗੁਆ ਦਿੱਤੀ। ਸੰਤਾਂ ਤੇ ਮਹਾਪੁਰਸ਼ਾਂ ਮੁਤਾਬਕ ਸੇਵਾ ਸਾਡੇ ਜੀਵਨ ਦੇ ਸਭ ਤੋਂ ਮਹਾਨ ਕੰਮਾਂ ਵਿੱਚੋਂ ਇਕ ਹੈ ਪਰ ਇਹ ਬਹੁਤ ਹੀ ਘੱਟ ਹੁੰਦਾ ਹੈ ਕਿ ਇਕ ਆਮ ਵਿਅਕਤੀ ਨੂੰ ਕਿਸੇ ਹੋਰ ਨੂੰ ਬਚਾਉਣ ਲਈ ਆਪਣੇ ਜੀਵਨ ਦਾ ਤਿਆਗ ਕਰਨ ਦਾ ਫ਼ੈਸਲਾ ਕਰਨਾ ਪਵੇ।
ਸਾਡੇ ਰੁਝੇਵਿਆਂ ਵਿਚ ਅਜਿਹੇ ਬਹੁਤ ਸਾਰੇ ਮੌਕੇ ਆਉਂਦੇ ਹਨ ਜਦੋਂ ਅਸੀਂ ਕਿਸੇ ਹੋਰ ਦੀ ਸਹਾਇਤਾ ਆਪਣੇ ਸਮੇਂ, ਧਨ, ਸਾਧਨਾਂ ਜਾਂ ਆਪਣੀ ਪ੍ਰਤਿਭਾ ਦੁਆਰਾ ਕਰ ਸਕਦੇ ਹਾਂ। ਸੱਚੀ ਨਿਸ਼ਕਾਮ ਸੇਵਾ ਦੇ ਦਾਇਰੇ ਵਿਚ ਪਰਿਵਾਰ ਦੇ ਨਾਲ-ਨਾਲ ਸਾਰੀ ਮਨੁੱਖਤਾ ਦੀ ਸੇਵਾ ਕਰਨਾ ਵੀ ਸ਼ਾਮਲ ਹੈ।
ਸਾਰਿਆਂ ਲਈ ਪ੍ਰੇਮ ਦੀ ਭਾਵਨਾ, ਸਭ ਨਾਲ ਪ੍ਰੇਮ ਅਤੇ ਸਭ ਦੀ ਸਹਾਇਤਾ ਕਰਨਾ ਸਦਾਚਾਰੀ ਜੀਵਨ ਦੇ ਗੁਣਾਂ ਵਿੱਚੋਂ ਇਕ ਹੈ। ਸੂਫ਼ੀ-ਸੰਤ ਕਹਿੰਦੇ ਹਨ ਕਿ ਪ੍ਰਭੂ ਨੇ ਮਨੁੱਖ ਨੂੰ ਦੂਜਿਆਂ ਨਾਲ ਪ੍ਰੇਮ ਅਤੇ ਮਦਦ ਕਰਨ ਲਈ ਬਣਾਇਆ ਹੈ। ਜੇ ਪ੍ਰਭੂ ਨੂੰ ਸਿਰਫ਼ ਭਗਤੀ ਹੀ ਚਾਹੀਦੀ ਹੁੰਦੀ ਤਾਂ ਉਸ ਦੇ ਕੋਲ ਦੇਵੀ-ਦੇਵਤੇ ਪਹਿਲਾਂ ਹੀ ਮੌਜੂਦ ਸਨ। ਸ੍ਰਿਸ਼ਟੀ ਵਿਚ ਸਿਰਫ਼ ਮਨੁੱਖ ਨੂੰ ਹੀ ਦੂਜਿਆਂ ਨਾਲ ਪ੍ਰੇਮ ਤੇ ਸਹਾਇਤਾ ਕਰਨ ਦਾ ਈਸ਼ਵਰੀ ਗੁਣ ‘ਹਮਦਰਦੀ’ ਮਿਲਿਆ ਹੈ।
ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਚਾਹੇ ਦੂਜੇ ਆਪਣੇ ਬਾਰੇ ਚਿੰਤਤ ਹੋਣ ਪਰ ਫਿਰ ਵੀ ਸਾਨੂੰ ਖੁੱਲ੍ਹਦਿਲੀ ਨਾਲ ਦੂਜਿਆਂ ਦੇ ਦੁੱਖ-ਦਰਦ ਵਿਚ ਸ਼ਰੀਕ ਹੋਣਾ ਚਾਹੀਦਾ ਹੈ।
ਜਦੋਂ ਲੋਕਾਂ ’ਤੇ ਦੁਖਦਾਈ ਕੁਦਰਤੀ ਆਫ਼ਤ ਆਉਂਦੀ ਹੈ ਅਤੇ ਜਦੋਂ ਉਹ ਬੇਘਰ ਹੋ ਜਾਂਦੇ ਹਨ ਤਾਂ ਉਹ ਭੋਜਨ, ਕੱਪੜੇ ਅਤੇ ਦਵਾਈਆਂ ਤੱਕ ਨਹੀਂ ਲੈ ਪਾਉਂਦੇ। ਅਜਿਹੇ ਮੁਸ਼ਕਲ ਸਮੇਂ ਵਿਚ ਅਸੀਂ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹਾਂ। ਜਦੋਂ ਅਸੀਂ ਕਿਸੇ ਦੀ ਸਹਾਇਤਾ ਕਰਦੇ ਹਾਂ ਤਾਂ ਸਾਡਾ ਦਿਲ ਵਿਸ਼ਾਲ ਹੋਣ ਲੱਗਦਾ ਹੈ ਤੇ ਤਦ ਹੀ ਸਾਨੂੰ ਅੰਦਰੂਨੀ ਸ਼ਾਂਤੀ, ਆਨੰਦ ਅਤੇ ਖ਼ੁਸ਼ੀ ਦੀ ਪ੍ਰਾਪਤੀ ਹੁੰਦੀ ਹੈ।
-ਸੰਤ ਰਾਜਿੰਦਰ ਸਿੰਘ।