ਜ਼ਿੰਦਗੀ ਅਤੇ ਸਾਹਿਤ
ਸਾਹਿਤ ਵਿਚ ਸਦਭਾਵਨਾ ਹੁੰਦੀ ਹੈ। ਸਾਹਿਤ ਵਿਚ ਸਰੋਕਾਰਾਂ ਦੀ ਕਥਾ ਹੁੰਦੀ ਹੈ। ਸਾਹਿਤ ਵਿਚ ਸੰਵੇਦਨਸ਼ੀਲ-ਚੇਤਨਾ ਹੁੰਦੀ ਹੈ। ਸਾਹਿਤ ਵਿਚ ਵਿਵੇਕਸ਼ੀਲ-ਸਮਾਜ ਦੀ ਸਿਰਜਣਾ ਲਈ ਸੂਤਰ ਹੁੰਦੇ ਹਨ। ਸਾਹਿਤਕ ਰਚਨਾਵਾਂ ਪੜ੍ਹਣ ਨਾਲ ਵਿਚਾਰਾਂ ਦੀ ਤਾਜ਼ਗੀ ਤੇ ਤੰਦਰੁਸਤੀ ਬਣੀ ਰਹਿੰਦੀ ਹੈ।
Publish Date: Sun, 15 Feb 2026 11:25 PM (IST)
Updated Date: Mon, 16 Feb 2026 07:42 AM (IST)
ਜ਼ਿੰਦਗੀ ਨੂੰ ਮਹਾਨ ਵਰਦਾਨ ਕਿਹਾ ਜਾ ਸਕਦਾ ਹੈ। ਜ਼ਿੰਦਗੀ ਨੂੰ ਵਡਮੁੱਲੀ ਸੁਗਾਤ ਸਮਝਣ ਵਾਲੀ ਸਿਆਣਪ ਵਿਲੱਖਣ ਕਿਸਮ ਦੇ ਲਾਭਕਾਰੀ ਸਿਧਾਤਾਂ ਨੂੰ ਅਪਣਾਉਂਦੀ ਰਹਿੰਦੀ ਹੈ। ਸਿਆਣਪ ਅਤੇ ਸਿਧਾਂਤ ਦੀ ਸਾਂਝ ਸਦਕਾ ਮਨੁੱਖ ਪਿਆਰੀ ਜਿਹੀ ਮਿਹਕ ਬਣ ਕੇ ਜਿਊਂਦਾ ਰਹਿੰਦਾ ਹੈ। ਅਜਿਹੀ ਜ਼ਿੰਦਗੀ ਜਿਊਣ ਵਾਲੇ ਗੁਣ ਅਤੇ ਗਿਆਨ ਦੀ ਪ੍ਰਾਪਤੀ ਲਈ ਸਾਨੂੰ ਸਾਹਿਤਕ ਪੁਸਤਕਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਇੱਥੇ ਸਾਨੂੰ ਸਮਝਣਾ ਪਵੇਗਾ ਕਿ ਸਾਹਿਤ ਕੀ ਹੁੰਦਾ ਹੈ। ਸਾਹਿਤ ਵਿਚ ਸਮਝਦਾਰੀ ਹੁੰਦੀ ਹੈ। ਭਾਵ ਇਸ ਨਾਲ ਚੀਜ਼ਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।
ਸਾਹਿਤ ਵਿਚ ਸਦਭਾਵਨਾ ਹੁੰਦੀ ਹੈ। ਸਾਹਿਤ ਵਿਚ ਸਰੋਕਾਰਾਂ ਦੀ ਕਥਾ ਹੁੰਦੀ ਹੈ। ਸਾਹਿਤ ਵਿਚ ਸੰਵੇਦਨਸ਼ੀਲ-ਚੇਤਨਾ ਹੁੰਦੀ ਹੈ। ਸਾਹਿਤ ਵਿਚ ਵਿਵੇਕਸ਼ੀਲ-ਸਮਾਜ ਦੀ ਸਿਰਜਣਾ ਲਈ ਸੂਤਰ ਹੁੰਦੇ ਹਨ। ਸਾਹਿਤਕ ਰਚਨਾਵਾਂ ਪੜ੍ਹਣ ਨਾਲ ਵਿਚਾਰਾਂ ਦੀ ਤਾਜ਼ਗੀ ਤੇ ਤੰਦਰੁਸਤੀ ਬਣੀ ਰਹਿੰਦੀ ਹੈ। ਬੜੀ ਸਾਫ਼ ਤੇ ਸਿੱਧੀ ਗੱਲ ਹੈ ਕਿ ਵਿਚਾਰਾਂ ਦੀ ਤਾਜ਼ਗੀ ਅਤੇ ਤੰਦਰੁਸਤੀ ਸਦਕਾ ਹੀ ਮਨੁੱਖ ਤੰਦਰੁਸਤ ਰਹਿ ਸਕਦਾ ਹੈ।
ਚੰਗਾ ਸਾਹਿਤ ਮਨੁੱਖ ਦੀ ਮਾਨਸਿਕਤਾ ਨੂੰ ਸ਼ੁੱਧ ਕਰਦਾ ਰਹਿੰਦਾ ਹੈ। ਉਹ ਸਾਹਿਤ ਸਾਹਿਤ ਹੁੰਦਾ ਹੀ ਨਹੀਂ ਜਿਹੜਾ ਮਨੁੱਖ ਦੀ ਮਾਨਸਿਕਤਾ ਨੂੰ ਬਿਮਾਰ, ਅਸ਼ੁੱਧ, ਕਾਮੁਕ, ਆਲਸੀ, ਵਿਹਲੜ ਅਤੇ ਵਿਕਾਰੀ ਬਣਾਉਂਦਾ ਹੈ। ਅਸਲ ’ਚ ਸਾਹਿਤ ਤਾਂ ਮਨੁੱਖ ਦੀ ਮਾਨਸਿਕਤਾ ਨੂੰ ਤੰਦਰੁਸਤ ਤੇ ਸਾਫ਼ ਰੱਖਦਾ ਹੈ।
ਉਸ ਨੂੰ ਆਲਸੀ ਨਹੀਂ ਬਣਨ ਦਿੰਦਾ ਹੈ ਤੇ ਉਸ ਨੂੰ ਕਈ ਤਰ੍ਹਾਂ ਦੇ ਔਗੁਣਾਂ ਤੋਂ ਦੂਰ ਰੱਖਦਾ ਹੈ। ਸਾਹਿਤ ਨੇ ਤਾਂ ਮਨੁੱਖ ਦੀ ਜੀਵਨ-ਧਾਰਾ ਵਿਚ ਮਹਿਕ ਤੇ ਟਹਿਕ ਦੇ ਨਾਲ-ਨਾਲ ਸੁਚੱਜੀ ਰਹਿਤਲ ਲੈ ਕੇ ਆਉਣੀ ਹੁੰਦੀ ਹੈ। ਸਾਹਿਤਕ ਕਿਰਤਾਂ ਜ਼ਿੰਦਗੀ ਦੇ ਅਸਲ ਨੂੰ ਦਰਸਾਉਣ ਵਾਲੀਆਂ ਵਿਧੀਆਂ ਹੁੰਦੀਆਂ ਹਨ।
ਸਾਹਿਤਕ-ਕਿਰਤਾਂ ਵਿਚਲਾ ਤੱਤ ਮਨੁੱਖ ਦੀ ਸ਼ਖ਼ਸੀਅਤ ਵਿਚ ਨਿਖਾਰ ਲੈ ਕੇ ਆਉਂਦਾ ਹੈ। ਸਾਹਿਤ ਦੇ ਅਧਿਐਨ ਨਾਲ ਮਨੁੱਖ ਅੰਦਰ ਸਮਝਦਾਰੀ ਪੈਦਾ ਹੁੰਦੀ ਹੈ ਅਤੇ ਉਸ ਨੂੰ ਜੀਵਨ ’ਚ ਅਸਲ ਕਾਮਯਾਬੀ ਦਾ ਰਾਹ ਮਿਲਦਾ ਹੈ ਜਿਸ ’ਤੇ ਚੱਲ ਕੇ ਮਨੁੱਖ ਆਪਣੇ ਆਪ ਨੂੰ ਮਹਾਨ ਬਣਾ ਸਕਦਾ ਹੈ। ਸਾਹਿਤ ਪੜ੍ਹਣ ਨਾਲ ਜਜ਼ਬਾਤੀ ਸੰਜਮ ਪੈਦਾ ਹੁੰਦਾ ਹੈ।
-ਓਮ ਪ੍ਰਕਾਸ਼ ਗਾਸੋ