ਹੰਕਾਰ ਦੀਆਂ ਪਰਤਾਂ
ਸਾਨੂੰ ਗਿਆਨ ਦਾ ਘੁਮੰਡ ਹੁੰਦਾ ਹੈ। ਅਸੀਂ ਆਪਣੀਆਂ ਡਿਗਰੀਆਂ ’ਤੇ ਅਭਿਮਾਨ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਆਪਣੇ ਸਾਥੀਆਂ ਤੋਂ ਜ਼ਿਆਦਾ ਜਾਣਦੇ ਹਾਂ। ਅਸੀਂ ਆਪਣੇ-ਆਪ ਨੂੰ ਗਿਆਨ ਦਾ ਸਰੋਤ ਸਮਝਦੇ ਹਾਂ ਜਿਸ ਨਾਲ ਸਾਡੇ ਅੰਦਰ ਹਲੀਮੀ ਦੀ ਘਾਟ ਹੋ ਜਾਂਦੀ ਹੈ।
Publish Date: Tue, 17 Feb 2026 10:44 PM (IST)
Updated Date: Wed, 18 Feb 2026 08:06 AM (IST)
ਸਾਰੇ ਸੰਤ-ਮਹਾਪੁਰਸ਼ ਸਮਝਾਉਂਦੇ ਹਨ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਰਸਤੇ ’ਤੇ ਸਾਡੇ ਸਾਹਮਣੇ ਸਭ ਤੋਂ ਵੱਡੀ ਰੁਕਾਵਟ ਹੰਕਾਰ ਹੈ। ਇਹ ਪ੍ਰਤੱਖ ਵੀ ਹੋ ਸਕਦਾ ਹੈ ਅਤੇ ਛੁਪਿਆ ਹੋਇਆ ਵੀ। ਇਹ ਸਾਡੀ ਆਪਣੀ ਅਸਲੀਅਤ ਅਤੇ ਪਰਮਾਤਮਾ ਨੂੰ ਭੁੱਲਣ ਦਾ ਕਾਰਨ ਵੀ ਬਣਦਾ ਹੈ।
ਵੱਡਾ ਸਵਾਲ ਇਹ ਹੈ ਕਿ ਹੰਕਾਰ ਅਤੇ ਘੁਮੰਡ ਸਾਡੀ ਆਤਮਾ ਦੇ ਚੁਫੇਰੇ ਪਰਤਾਂ ਕਿਵੇਂ ਬਣਾਉਂਦੇ ਹਨ? ਹੰਕਾਰ ਨੂੰ ਦੂਰ ਕਰਨ ਲਈ ਵਿਵੇਕ ਅਤੇ ਆਪਣੇ ਮਨ ’ਤੇ ਪੂਰਨ ਨਿਯੰਤਰਣ ਦੀ ਲੋੜ ਹੁੰਦੀ ਹੈ। ਸਾਨੂੰ ਧਨ-ਦੌਲਤ ਤੇ ਜ਼ਮੀਨ-ਜਾਇਦਾਦ ਦਾ ਘੁਮੰਡ ਹੋ ਸਕਦਾ ਹੈ। ਸਾਨੂੰ ਹੰਕਾਰ ਹੁੰਦਾ ਹੈ ਕਿ ਸਾਡੇ ਕੋਲ ਬਹੁਤ ਪੈਸਾ ਅਤੇ ਕੀਮਤੀ ਵਸਤਾਂ ਹਨ। ਅਸੀਂ ਸੋਚਦੇ ਹਾਂ ਕਿ ਅਸੀਂ ਸਭ ਤੋਂ ਜ਼ਿਆਦਾ ਧਨਵਾਨ ਹਾਂ ਅਤੇ ਜੋ ਘੱਟ ਧਨਵਾਨ ਹਨ, ਉਨ੍ਹਾਂ ਨੂੰ ਆਪਣੇ ਤੋਂ ਹੇਠਾਂ ਸਮਝਦੇ ਹਾਂ। ਹੰਕਾਰ ਗ਼ਰੀਬ ਲੋਕਾਂ ਦੇ ਮਨ ਨੂੰ ਠੇਸ ਪਹੁੰਚਾਉਣ ਲਈ ਵੀ ਮਜਬੂਰ ਕਰਦਾ ਹੈ।
ਸਾਨੂੰ ਗਿਆਨ ਦਾ ਘੁਮੰਡ ਹੁੰਦਾ ਹੈ। ਅਸੀਂ ਆਪਣੀਆਂ ਡਿਗਰੀਆਂ ’ਤੇ ਅਭਿਮਾਨ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਆਪਣੇ ਸਾਥੀਆਂ ਤੋਂ ਜ਼ਿਆਦਾ ਜਾਣਦੇ ਹਾਂ। ਅਸੀਂ ਆਪਣੇ-ਆਪ ਨੂੰ ਗਿਆਨ ਦਾ ਸਰੋਤ ਸਮਝਦੇ ਹਾਂ ਜਿਸ ਨਾਲ ਸਾਡੇ ਅੰਦਰ ਹਲੀਮੀ ਦੀ ਘਾਟ ਹੋ ਜਾਂਦੀ ਹੈ। ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਦੂਜਿਆਂ ਨਾਲੋਂ ਜ਼ਿਆਦਾ ਬੁੱਧੀਮਾਨ ਹਾਂ ਤਾਂ ਅਸੀਂ ਉਨ੍ਹਾਂ ਲੋਕਾਂ ਨੂੰ ਠੇਸ ਪਹੁੰਚਾਉਂਦੇ ਹਾਂ।
ਅਸੀਂ ਇਹ ਸੋਚਦੇ ਹਾਂ ਕਿ ਜੋ ਲੋਕ ਸਾਦਗੀ ਨਾਲ ਰਹਿੰਦੇ ਹਨ ਅਤੇ ਜਿਨ੍ਹਾਂ ਦੀ ਵਿਚਾਰਧਾਰਾ ਸਿੱਧੀ-ਸਾਦੀ ਹੈ, ਉਨ੍ਹਾਂ ਕੋਲ ਓਨੀ ਜਾਣਕਾਰੀ ਨਹੀਂ ਹੈ ਜਿੰਨੀ ਕਿ ਸਾਡੇ ਕੋਲ ਹੈ। ਸੁੰਦਰਤਾ ਵੀ ਸਾਡੇ ਅੰਦਰ ਘੁਮੰਡ ਪੈਦਾ ਕਰਦੀ ਹੈ। ਅਸੀਂ ਖ਼ੁਦ ਨੂੰ ਸਭ ਤੋਂ ਖੂਬਸੂਰਤ ਸਮਝਦੇ ਹਾਂ। ਅਸੀਂ ਆਪਣੀ ਸੁੰਦਰਤਾ ਦਾ ਇੰਨਾ ਵਿਆਖਿਆਨ ਕਰਦੇ ਹਾਂ ਕਿ ਘੱਟ ਸੋਹਣੇ ਲੋਕ ਆਪਣੇ-ਆਪ ਨੂੰ ਹੀਣ ਸਮਝਣ ਲੱਗਦੇ ਹਨ।
ਇਸ ਤਰ੍ਹਾਂ ਹੰਕਾਰ ਸਾਨੂੰ ਇਕ ਕਿਸਮ ਦੇ ਦਿਖਾਵੇ ਅਤੇ ਪਾਖੰਡ ਦੇ ਰਸਤੇ ’ਤੇ ਲੈ ਕੇ ਜਾਂਦਾ ਹੈ। ਜਦੋਂ ਸਾਡਾ ਧਿਆਨ ਆਪਣੇ ਬਾਹਰੀ ਰੂਪ, ਆਪਣੇ ਸਰੀਰ, ਸ਼ਖ਼ਸੀਅਤ, ਮਨ ਅਤੇ ਜਾਇਦਾਦ ’ਤੇ ਹੁੰਦਾ ਹੈ ਤਾਂ ਅਸੀਂ ਆਪਣੀ ਆਤਮਾ ’ਤੇ ਧਿਆਨ ਕੇਂਦ੍ਰਿਤ ਨਹੀਂ ਕਰ ਸਕਦੇ। ਸਾਡੀ ਆਤਮਾ ਪੂਰਨ ਸੁੰਦਰਤਾ, ਗਿਆਨ ਅਤੇ ਧਨ-ਦੌਲਤ ਦਾ ਸਰੋਤ ਹੈ ਪਰ ਜਦ ਤੱਕ ਅਸੀਂ ਸਰੀਰ ਅਤੇ ਮਨ ਦਾ ਚਿੰਤਨ ਕਰਦੇ ਰਹਿੰਦੇ ਹਾਂ, ਤਦ ਤੱਕ ਅਸੀਂ ਇਨ੍ਹਾਂ ਖ਼ਜ਼ਾਨਿਆਂ ਤੋਂ ਅਣਜਾਣ ਰਹਿੰਦੇ ਹਾਂ।
-ਸੰਤ ਰਾਜਿੰਦਰ ਸਿੰਘ