ਜਗਿਆਸਾ ਦਾ ਅਰਥ ਹੈ ਮਨ ਸਿਹਤਮੰਦ ਤੇ ਜਾਗਰਿਤ ਹੈ
ਜਗਿਆਸਾ ਦਾ ਅਰਥ ਹੈ, ਮਨ ਸਿਹਤਮੰਦ ਤੇ ਜਾਗਰਿਤ ਹੈ ਅਤੇ ਵੱਖ-ਵੱਖ ਕੰਮਾਂਕਾਰਾਂ, ਘਟਨਾਵਾਂ ਦੇ ਕਾਰਨਾਂ ਨੂੰ ਜਾਣਨ ਲਈ ਉਤਸੁਕ ਹੈ। ਬੱਚਿਆਂ ਦੀ ਤਰ੍ਹਾਂ ਸਿਰਕੱਢ ਸਾਇੰਸਦਾਨਾਂ ਦੇ ਮਨ ਵਿਚ ਕੌਣ, ਕੀ, ਕਿੱਥੇ, ਕਿਵੇਂ ਅਤੇ ਕਦ ਵਰਗੇ ਪ੍ਰਸ਼ਨ ਉਪਜਦੇ ਰਹਿੰਦੇ ਹਨ।
Publish Date: Mon, 09 Sep 2024 11:40 PM (IST)
Updated Date: Tue, 10 Sep 2024 06:45 AM (IST)
ਨਿੱਤ ਨਵਾਂ ਜਾਣਦੇ, ਸਿੱਖਦੇ ਰਹਿਣਾ ਮਨੁੱਖ ਦਾ ਸੁਭਾਵਿਕ ਗੁਣ ਹੈ। ਜਦ ਤੱਕ ਅਸੀਂ ਹਾਸਲ ਕੀਤੇ ਗਿਆਨ, ਤਜਰਬੇ, ਸੂਝਬੂਝ ਅਤੇ ਹੁਨਰ ਨੂੰ ਵਰਤਦੇ ਤੇ ਹੋਰ ਵਿਸ਼ਾਲ ਕਰਦੇ ਰਹਾਂਗੇ ਤਦ ਤੱਕ ਵਿਕਾਸ ਵੱਲ ਮਜ਼ਬੂਤੀ ਨਾਲ ਵਧਦੇ ਰਹਾਂਗੇ। ਸਾਡੀਆਂ ਸਾਰੀਆਂ ਗਿਆਨ ਇੰਦਰੀਆਂ ਮਨੁੱਖ ਦੀਆਂ ਅੰਦਰੂਨੀ ਤੇ ਬਾਹਰਲੀਆਂ ਸੰਸਾਰ ਦੀਆਂ ਘਟਨਾਵਾਂ ਦੀਆਂ ਕਾਰਜ-ਪ੍ਰਣਾਲੀਆਂ ਅਤੇ ਨਤੀਜਿਆਂ ਨੂੰ ਸਮਝਣ-ਬੁੱਝਣ ਵਿਚ ਸਹਾਇਕ ਸਿੱਧ ਹੁੰਦੀਆਂ ਹਨ। ਨਵਜਾਤ ਬੱਚਿਆਂ ਦਾ ਹਿਰਦਾ ਜਗਿਆਸਾ ਨਾਲ ਭਰਪੂਰ ਰਹਿੰਦਾ ਹੈ ਕਿ ਹੱਥ ਲੱਗੀ ਕਿਸੇ ਵੀ ਵਸਤੂ ਨੂੰ ਸੁੱਟਣ, ਉਛਾਲਣ, ਤੋੜਨ-ਮਰੋੜਨ ਨਾਲ ਕੀ ਹੋਵੇਗਾ? ਪ੍ਰਸ਼ਨ ਕਰਨਾ ਦਿਮਾਗ ਦੀ ਕਲਪਨਾਸ਼ੀਲ ਪ੍ਰਕਿਰਤੀ ਨੂੰ ਦਰਸਾਉਂਦਾ ਹੈ।
ਜਗਿਆਸਾ ਦਾ ਅਰਥ ਹੈ, ਮਨ ਸਿਹਤਮੰਦ ਤੇ ਜਾਗਰਿਤ ਹੈ ਅਤੇ ਵੱਖ-ਵੱਖ ਕੰਮਾਂਕਾਰਾਂ, ਘਟਨਾਵਾਂ ਦੇ ਕਾਰਨਾਂ ਨੂੰ ਜਾਣਨ ਲਈ ਉਤਸੁਕ ਹੈ। ਬੱਚਿਆਂ ਦੀ ਤਰ੍ਹਾਂ ਸਿਰਕੱਢ ਸਾਇੰਸਦਾਨਾਂ ਦੇ ਮਨ ਵਿਚ ਕੌਣ, ਕੀ, ਕਿੱਥੇ, ਕਿਵੇਂ ਅਤੇ ਕਦ ਵਰਗੇ ਪ੍ਰਸ਼ਨ ਉਪਜਦੇ ਰਹਿੰਦੇ ਹਨ। ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਲੱਭਣ ਦੀ ਪ੍ਰਕਿਰਿਆ ਵਿਚ ਹਾਸਲ ਹੋਏ ਗਿਆਨ ਵਿਚ ਵਾਧੇ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਜਗਿਆਸਾ ਨੂੰ ਬਿਨਾਂ ਉੱਤਰ ਤਲਾਸ਼ੇ ਛੱਡ ਦੇਣ ਜਾਂ ਇਸ ਵਿਚ ਰੁਕਾਵਟ ਪਾਉਣ ਦੀ ਤਮੰਨਾ ਕੁਦਰਤੀ ਵਿਧਾਨ ਦੇ ਉਲਟ ਹੈ।
ਸੱਚੇ ਗਿਆਨੀ ਦੀ ਭਾਂਤੀ ਚੰਗੇ ਅਧਿਆਪਕ ਨੂੰ ਗਿਆਨ ਰਹਿੰਦਾ ਹੈ ਕਿ ਗਿਆਨ ਦਾ ਕੋਈ ਸਿਰਾ ਨਹੀਂ ਹੈ। ਇਹ ਕਿੰਨਾ ਵੀ ਹੋਵੇ, ਕਾਫ਼ੀ ਨਹੀਂ ਹੁੰਦਾ। ਇਸੇ ਲਈ ਆਪਣੇ ਗਿਆਨ ’ਤੇ ਹੰਕਾਰ ਤਾਂ ਦੂਰ, ਵੱਖ-ਵੱਖ ਧਾਰਨਾਵਾਂ ਨਾਲ ਖ਼ੁਦ ਨੂੰ ਭਰਪੂਰ ਬਣਾਉਣ ਲਈ ਸਦਾ ਉਸ ਦੀਆਂ ਅੱਖਾਂ ਤੇ ਕੰਨ ਖੁੱਲ੍ਹੇ ਰਹਿੰਦੇ ਹਨ। ਜਗਿਆਸੂ ਵਿਅਕਤੀ ਹਾਸਲ ਕੀਤੇ ਗਿਆਨ ਤੋਂ ਸੰਤੁਸ਼ਟ ਨਹੀਂ ਰਹਿੰਦਾ। ਉਹ ਸਦਾ ਖ਼ੁਦ ਨੂੰ ਸਿਖਿਆਰਥੀ ਮੰਨਦਾ ਹੈ। ਇਹੀ ਭਾਵ ਉਹ ਆਪਣੇ ਸਿਖਿਆਰਥੀਆਂ ’ਚ ਚਾਹੇਗਾ। ਉਹ ਪਾਠਕ੍ਰਮ ਤੋਂ ਇਲਾਵਾ ਉਨ੍ਹਾਂ ਵਿਚ ਤਾਉਮਰ ਸਿੱਖਦੇ ਰਹਿਣ ਦੀ ਬਿਰਤੀ ਨੂੰ ਜਾਗਰਿਤ ਕਰੇਗਾ। ਜਗਿਆਸਾ ਦਾ ਸਿਰਜਣਸ਼ੀਲਤਾ ਨਾਲ ਡੂੰਘਾ ਨਾਤਾ ਹੈ। ਕੁਦਰਤ ਦੀ ਵੰਨ-ਸੁਵੰਨਤਾ ਤੇ ਘਟਨਾਵਾਂ ਜਗਿਆਸੂ ਦੇ ਧੁਰ ਅੰਦਰ ਨੂੰ ਝੰਜੋੜ ਕੇ ਰੱਖਦੀਆਂ ਹਨ। ਟਿਮਟਿਮਾਉਂਦੇ ਤਾਰਿਆਂ ਅਤੇ ਕੁਦਰਤ ਦੇ ਦਿਲਕਸ਼ ਦ੍ਰਿਸ਼ਾਂ ਬਾਰੇ ਹੋਰ ਡੂੰਘਾਈ ਨਾਲ ਪਤਾ ਲਗਾਉਣ ਲਈ ਉਹ ਦਿਲੋਂ ਲੱਗ ਜਾਂਦਾ ਹੈ।
-ਹਰੀਸ਼ ਬੜਥਵਾਲ।