ਈਰਖਾ ਤੋਂ ਬਚਣ ’ਚ ਹੀ ਭਲਾ
ਉਸ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਸਮਾਂ ਕਿੰਨਾ ਮੁੱਲਵਾਨ ਹੈ। ਆਪਣੀ ਉੱਨਤੀ ’ਤੇ ਧਿਆਨ ਦੇਣ ਦੀ ਥਾਂ ਉਸ ਨੂੰ ਨਿੰਦਾ ਕਰਨ ਵਿਚ ਹੀ ਜ਼ਿਆਦਾ ਆਨੰਦ ਆਉਂਦਾ ਹੈ। ਦਰਅਸਲ, ਜਦ ਇੱਛਾਵਾਂ ਬਹੁਤ ਜ਼ਿਆਦਾ ਵਧ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਤੁਲਨਾ ਦੂਜਿਆਂ ਨਾਲ ਕੀਤੀ ਜਾਣ ਲੱਗਦੀ ਹੈ, ਤਦ ਹੀ ਈਰਖਾ ਦਾ ਭਾਵ ਜਾਗਰਿਤ ਹੁੰਦਾ ਹੈ।
Publish Date: Tue, 06 Jan 2026 11:18 PM (IST)
Updated Date: Wed, 07 Jan 2026 07:39 AM (IST)
ਦੂਜਿਆਂ ਦੀਆਂ ਪ੍ਰਾਪਤੀਆਂ ਅਤੇ ਖ਼ੁਸ਼ਹਾਲ ਜੀਵਨ ਨੂੰ ਦੇਖ ਕੇ ਸਾੜੇ ਦਾ ਭਾਵ ਜਾਗਰਿਤ ਹੋਣਾ ਕੋਈ ਚੰਗਾ ਲੱਛਣ ਨਹੀਂ ਹੈ। ਇਹੀ ਭਾਵ ਈਰਖਾ ਨੂੰ ਜਨਮ ਦਿੰਦਾ ਹੈ। ਜਦੋਂ ਮਨ ਵਿਚ ਈਰਖਾ ਵਸ ਜਾਂਦੀ ਹੈ ਤਾਂ ਵਿਅਕਤੀ ਨਾ ਸਿਰਫ਼ ਮਾਨਸਿਕ ਤੌਰ ’ਤੇ ਅਸ਼ਾਂਤ ਰਹਿੰਦਾ ਹੈ, ਸਗੋਂ ਅੰਦਰ ਹੀ ਅੰਦਰ ਕੁੜ੍ਹਨ ਵੀ ਲੱਗਦਾ ਹੈ।
ਅਜਿਹੀ ਸਥਿਤੀ ਵਿਚ ਨਿੰਦਾ ਕਰਨ ਦੀ ਪ੍ਰਵਿਰਤੀ ਵਿਕਸਤ ਹੋ ਜਾਂਦੀ ਹੈ। ਜਿਸ ਵਿਅਕਤੀ ਤੋਂ ਅਸੀਂ ਚਿੜ ਰਹੇ ਹੁੰਦੇ ਹਾਂ, ਉਸ ਦੀ ਅਸੀਂ ਵਾਰ-ਵਾਰ ਨੁਕਤਾਚੀਨੀ ਕਰਨ ਲੱਗਦੇ ਹਾਂ ਕਿਉਂਕਿ ਈਰਖਾ ਅਕਸਰ ਨਿੰਦਾ ਨੂੰ ਜਨਮ ਦਿੰਦੀ ਹੈ। ਜਿਸ ਵਿਅਕਤੀ ਦੀ ਖ਼ੁਸ਼ਹਾਲੀ ਤੋਂ ਅਸੀਂ ਈਰਖਾ ਕਰਦੇ ਹਾਂ, ਉਹ ਸਾਨੂੰ ਦੁਸ਼ਮਣ ਜਿਹਾ ਪ੍ਰਤੀਤ ਹੋਣ ਲੱਗਦਾ ਹੈ। ਈਰਖਾਲੂ ਵਿਅਕਤੀ ਆਪਣਾ ਬੇਸ਼ਕੀਮਤੀ ਸਮਾਂ ਦੂਜਿਆਂ ਦੀ ਆਲੋਚਨਾ ਵਿਚ ਗੁਆਉਂਦਾ ਹੈ।
ਉਸ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਸਮਾਂ ਕਿੰਨਾ ਮੁੱਲਵਾਨ ਹੈ। ਆਪਣੀ ਉੱਨਤੀ ’ਤੇ ਧਿਆਨ ਦੇਣ ਦੀ ਥਾਂ ਉਸ ਨੂੰ ਨਿੰਦਾ ਕਰਨ ਵਿਚ ਹੀ ਜ਼ਿਆਦਾ ਆਨੰਦ ਆਉਂਦਾ ਹੈ। ਦਰਅਸਲ, ਜਦ ਇੱਛਾਵਾਂ ਬਹੁਤ ਜ਼ਿਆਦਾ ਵਧ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਤੁਲਨਾ ਦੂਜਿਆਂ ਨਾਲ ਕੀਤੀ ਜਾਣ ਲੱਗਦੀ ਹੈ, ਤਦ ਹੀ ਈਰਖਾ ਦਾ ਭਾਵ ਜਾਗਰਿਤ ਹੁੰਦਾ ਹੈ। ਅਜਿਹੇ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਦੂਜਿਆਂ ਦੀ ਖ਼ੁਸ਼ਹਾਲੀ ’ਤੇ ਨਜ਼ਰ ਮਾਰਨ ਦੀ ਥਾਂ ਉਨ੍ਹਾਂ ਲੋਕਾਂ ਵੱਲ ਦੇਖੇ ਜੋ ਉਸ ਨਾਲੋਂ ਕਿਤੇ ਜ਼ਿਆਦਾ ਕਸ਼ਟਾਂ ਭਰਪੂਰ ਜੀਵਨ ਗੁਜ਼ਾਰ ਰਹੇ ਹਨ।
ਤਦ ਉਸ ਨੂੰ ਅਹਿਸਾਸ ਹੋਵੇਗਾ ਕਿ ਉਸ ਦਾ ਜੀਵਨ ਬਹੁਤਿਆਂ ਨਾਲੋਂ ਬਿਹਤਰ ਹੈ ਅਤੇ ਉਹ ਆਪਣੇ ਕੋਲ ਉਪਲਬਧ ਸਾਧਨਾਂ ਅਤੇ ਸੁੱਖਾਂ ਦੀ ਅਣਦੇਖੀ ਕਰ ਰਿਹਾ ਹੈ। ਜਿਸ ਦਿਨ ਹੋਰਾਂ ਦੀ ਖ਼ੁਸ਼ਹਾਲੀ ਦੀ ਜਗ੍ਹਾ ਉਨ੍ਹਾਂ ਦੇ ਦੁੱਖ-ਤਕਲੀਫ਼ਾਂ ਨਜ਼ਰ ਆਉਣ ਲੱਗਣਗੇ, ਉਸ ਦਿਨ ਮਨ ਵਿਚ ਹਮਦਰਦੀ ਦਾ ਭਾਵ ਜਾਗਰਿਤ ਹੋ ਸਕਦਾ ਹੈ ਅਤੇ ਸਹਾਇਤਾ ਵੀ ਪ੍ਰਵਿਰਤੀ ਵਿਕਸਤ ਹੋ ਸਕਦੀ ਹੈ।
ਜਦ ਈਰਖਾ ਦੀ ਜਗ੍ਹਾ ਸਹਿਯੋਗ ਦਾ ਭਾਵ ਲੈ ਲੈਂਦਾ ਹੈ ਤਾਂ ਉਹੀ ਈਰਖਾਲੂ ਵਿਅਕਤੀ ਨੇਕਦਿਲ ਮਨੁੱਖ ਬਣ ਜਾਂਦਾ ਹੈ। ਜੋ ਲੋਕ ਈਰਖਾ ਕਾਰਨ ਉਸ ਤੋਂ ਦੂਰੀ ਬਣਾਈ ਰੱਖਦੇ ਸਨ, ਉਹੀ ਉਸ ਦੀ ਸਰਾਹਨਾ ਕਰਨ ਲੱਗਦੇ ਹਨ। ਆਮ ਤੌਰ ’ਤੇ ਈਰਖਾ ਕਰਨ ਨਾਲ ਕੁਝ ਵੀ ਹਾਸਲ ਨਹੀਂ ਹੁੰਦਾ, ਉਲਟਾ ਇਹ ਸਮੇਂ ਤੇ ਸਿਹਤ, ਦੋਵਾਂ ’ਤੇ ਮਾੜਾ ਅਸਰ ਪਾਉਂਦੀ ਹੈ। ਅੱਗੇ ਵਧਣ ਵਾਸਤੇ ਮੁਕਾਬਲੇਬਾਜ਼ੀ ਜ਼ਰੂਰੀ ਹੈ, ਈਰਖਾ ਨਹੀਂ। ਸਿਹਤਮੰਦ ਮੁਕਾਬਲੇਬਾਜ਼ੀ ਹੀ ਉੱਨਤੀ ਦੇ ਦੁਆਰ ਖੋਲ੍ਹਦੀ ਹੈ।
-ਸਲਿਲ ਪਾਂਡੇ।