ਸੰਸਾਰ ਵਿਚ ਵਕਤ ਦਾ ਬਹੁਤ ਮਹੱਤਵ ਹੈ। ਇਨਸਾਨ ਨੂੰ ਇਸ ਅਨੁਸਾਰ ਹੀ ਕਾਰ-ਵਿਹਾਰ ਕਰਨੇ ਪੈਂਦੇ ਹਨ। ਸਹੀ ਵਕਤ 'ਤੇ ਪੜ੍ਹਾਈ, ਮਿਹਨਤ, ਨੌਕਰੀ ਅਤੇ ਵਿਆਹ ਕਰਨਾ ਪੈਂਦਾ ਹੈ।।ਜੋ ਵਕਤ ਦੇ ਨਾਲ ਚੱਲ ਕੇ ਇਹ ਸਭ ਕਰਨ ਵਿਚ ਸਫਲ ਹੋ ਜਾਂਦਾ ਹੈ ਉਹ ਸੁਖੀ ਰਹਿੰਦਾ ਹੈ ਅਤੇ ਜੋ ਇਸ ਤਰ੍ਹਾਂ ਨਹੀਂ ਕਰਦਾ, ਉਹ ਸਮਾਜ ਵਿਚ ਪੱਛੜ ਜਾਂਦਾ ਹੈ। ਵਿਅਕਤੀ ਨੂੰ ਵਕਤ ਅਨੁਸਾਰ ਚੱਲਣ ਲਈ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਦੇ ਸਹਿਯੋਗ ਦੀ ਲੋੜ ਪੈਂਦੀ ਹੈ। ਪਰਿਵਾਰ ਵਿਚ ਮਾਪੇ ਹਰ ਤਰ੍ਹਾਂ ਦੀ ਮਦਦ ਕਰਦੇ ਹਨ ਅਤੇ ਭੈਣ-ਭਰਾ ਅਤੇ ਦੋਸਤ-ਮਿੱਤਰ ਸਹਿਯੋਗ ਕਰਦੇ ਹਨ।।ਇਸ ਮਦਦ ਅਤੇ ਸਹਿਯੋਗ ਲਈ ਵਿਅਕਤੀ ਵਿਚ ਇਮਾਨਦਾਰੀ, ਮਿਹਨਤ ਅਤੇ ਆਤਮ ਵਿਸ਼ਵਾਸ ਆਦਿ ਗੁਣਾਂ ਦਾ ਹੋਣਾ ਜ਼ਰੂਰੀ ਹੈ।।ਇਨ੍ਹਾਂ ਗੁਣਾਂ ਕਾਰਨ ਮਾਪਿਆਂ ਨੂੰ ਭਰੋਸਾ ਹੁੰਦਾ ਹੈ ਕਿ ਉਨ੍ਹਾਂ ਦੀ ਸੰਤਾਨ ਕੁਝ ਕਰ ਸਕਦੀ ਹੈ। ਜਿਨ੍ਹਾਂ ਵਿਚ ਇਸ ਤਰ੍ਹਾਂ ਦੇ ਗੁਣਾਂ ਦੀ ਕਮੀ ਹੁੰਦੀ ਹੈ, ਉਹ ਮਾਪਿਆਂ ਦਾ ਵਿਸ਼ਵਾਸ ਜਿੱਤ ਨਹੀਂ ਸਕਦੇ ਅਤੇ ਸਮਾਜ ਵਿਚ ਪੱਛੜ ਜਾਂਦੇ ਹਨ।।ਉਨ੍ਹਾਂ ਦਾ ਜੀਵਨ ਕਠਿਨ ਹੋ ਜਾਂਦਾ ਹੈ।।ਮਾਪਿਆਂ ਨੂੰ ਜਦ ਆਪਣੇ ਬੱਚਿਆਂ 'ਤੇ ਪੂਰਾ ਵਿਸ਼ਵਾਸ ਹੋਵੇ ਤਾਂ ਮਾਪੇ ਵੀ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਆਪਣੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਕਈ ਤਾਂ ਆਪਣਾ ਸਭ ਕੁਝ ਦਾਅ 'ਤੇ ਲਗਾ ਦਿੰਦੇ ਹਨ ਅਤੇ ਕਈ ਉਨ੍ਹਾਂ ਦੀ ਪੜ੍ਹਾਈ ਲਈ ਆਪਣਾ ਪਿੰਡ/ਸ਼ਹਿਰ ਵੀ ਛੱਡ ਦਿੰਦੇ ਹਨ ਪਰ ਕਈ ਵਿਅਕਤੀ ਆਪਣੇ ਮਾਤਾ-ਪਿਤਾ ਦੇ ਐਸ਼ੋ-ਆਰਾਮ ਨੂੰ ਵੇਖ ਕੇ ਸਮਝਦੇ ਹਨ ਕਿ ਕਾਮਯਾਬੀ ਤਾਂ ਉਂਜ ਹੀ ਮਿਲ ਜਾਂਦੀ ਹੈ ਅਤੇ ਉਹ ਵੀ ਐਸ਼ਪ੍ਰਸਤ ਹੋ ਜਾਂਦੇ ਹਨ ਅਤੇ ਮਿਹਨਤ ਕਰਨ ਦਾ ਸਹੀ ਵਕਤ ਖੁੰਝਾ ਬੈਠਦੇ ਹਨ। ਕੰਮ ਜਾਂ ਟੀਚਾ ਭਾਵੇਂ ਕੋਈ ਵੀ ਹੋਵੇ, ਉਸ ਦੀ ਕਾਮਯਾਬੀ ਲਈ ਵਕਤ, ਮਿਹਨਤ ਤੇ ਲਗਨ ਬਹੁਤ ਜ਼ਰੂਰੀ ਹੁੰਦੀ ਹੈ। ਵਕਤ ਲੰਘ ਜਾਣ 'ਤੇ ਪਛਤਾਵਾ ਕੀਤਾ ਜਾਂਦਾ ਹੈ ਅਤੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਹੋਰ ਸਬੰਧਤ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਅਸਫਲ ਵਿਅਕਤੀਆਂ ਦੀ ਆਪਣੇ ਪਰਿਵਾਰ ਵਿਚ ਪੁੱਛ-ਪ੍ਰਤੀਤ ਘੱਟ ਹੀ ਹੁੰਦੀ ਹੈ ਭਾਵੇਂ ਹੀ ਉਹ ਸਫਲ ਵਿਅਕਤੀਆਂ ਤੋਂ ਵੱਧ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋਣ। ਇਸ ਲਈ ਸਾਨੂੰ ਠੀਕ ਵਕਤ 'ਤੇ ਆਪਣੇ ਕਾਰ-ਵਿਹਾਰ ਮਿਹਨਤ, ਲਗਨ, ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਕਰਨੇ ਚਾਹੀਦੇ ਹਨ ਤਾਂ ਕਿ ਅਸੀਂ ਜੀਵਨ 'ਚ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹ ਸਕੀਏ ਅਤੇ ਮਾਣ-ਸਨਮਾਨ ਤੇ ਸੁੱਖ ਪ੍ਰਾਪਤ ਕਰ ਸਕੀਏ। ਨਾਲ ਹੀ ਆਪਣਾ ਤੇ ਮਾਪਿਆਂ ਦਾ ਨਾਂ ਰੌਸ਼ਨ ਕਰ ਸਕੀਏ।

-ਸੁਖਦੀਪ ਸਿੰਘ ਗਿੱਲ। (94174-51887)

Posted By: Jagjit Singh