ਦਾਨ ਉਨ੍ਹਾਂ ਨੂੰ ਦਿਉ ਜੋ ਯੋਗ ਹੋਣ
ਕੁਪਾਤਰ ਦੀ ਸ਼੍ਰੇਣੀ ਵਿਚ ਉਹ ਵਿਅਕਤੀ ਆਵੇਗਾ ਜੋ ਆਲਸੀ ਹੈ ਅਤੇ ਦੂਜਿਆਂ ਦੀ ਆਮਦਨ ’ਤੇ ਹੀ ਨਿਰਭਰ ਰਹਿੰਦਾ ਹੈ ; ਉਸ ਨੂੰ ਦਾਨ ਦੇਣਾ ਗ਼ਲਤ ਹੋਵੇਗਾ। ਉਸ ਦੀ ਆਲਸ ਨੂੰ ਦੂਰ ਕਰਨਾ ਅਤੇ ਕਿਸੇ ਤਰੀਕੇ ਨਾਲ ਉਸ ਨੂੰ ਰਚਨਾਤਮਕ ਕੰਮ ਵਿਚ ਲਗਾ ਦੇਣਾ, ਦਾਨ ਦੇਣ ਨਾਲੋਂ ਉੱਤਮ ਕੰਮ ਹੈ, ਨਹੀਂ ਤਾਂ ਆਲਸੀ ਵਿਅਕਤੀ ਸਮਾਜ ਲਈ ਬੋਝ ਬਣਿਆ ਰਹੇਗਾ।
Publish Date: Thu, 19 Mar 2026 11:49 PM (IST)
Updated Date: Fri, 20 Mar 2026 07:42 AM (IST)
ਦਾਨ ਦੀਆਂ ਕਈ ਕਿਸਮਾਂ ਹਨ ਜਿਨ੍ਹਾਂ ਵਿਚ ਅੰਨਦਾਨ ’ਤੇ ਕਾਫ਼ੀ ਜ਼ੋਰ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਜੇਕਰ ਗੁਆਂਢੀ ਭੁੱਖਾ ਹੈ ਤਾਂ ਸਾਡਾ ਫ਼ਰਜ਼ ਹੈ ਕਿ ਉਸ ਨੂੰ ਭੋਜਨ ਉਪਲਬਧ ਕਰਵਾਇਆ ਜਾਵੇ। ਇਸੇ ਤਰ੍ਹਾਂ ਸਾਂਝੇ ਪਰਿਵਾਰ ਦਾ ਕੋਈ ਜੀਅ ਰੋਜ਼ੀ-ਰੋਟੀ ਕਮਾਉਣ ਵਿਚ ਅਸਮਰੱਥ ਹੈ ਤਾਂ ਉਸ ਦੀ ਮਦਦ ਪਹਿਲਾਂ ਕੀਤੀ ਜਾਣੀ ਚਾਹੀਦੀ ਹੈ। ਇਹ ਵੀ ਦੇਖਣਾ ਜ਼ਰੂਰੀ ਹੈ ਕਿ ਦਾਨ ਕਿਸ ਨੂੰ ਦਿੱਤਾ ਜਾ ਰਿਹਾ ਹੈ, ਪਾਤਰ ਜਾਂ ਕੁਪਾਤਰ ਨੂੰ?
ਕੁਪਾਤਰ ਦੀ ਸ਼੍ਰੇਣੀ ਵਿਚ ਉਹ ਵਿਅਕਤੀ ਆਵੇਗਾ ਜੋ ਆਲਸੀ ਹੈ ਅਤੇ ਦੂਜਿਆਂ ਦੀ ਆਮਦਨ ’ਤੇ ਹੀ ਨਿਰਭਰ ਰਹਿੰਦਾ ਹੈ ; ਉਸ ਨੂੰ ਦਾਨ ਦੇਣਾ ਗ਼ਲਤ ਹੋਵੇਗਾ। ਉਸ ਦੀ ਆਲਸ ਨੂੰ ਦੂਰ ਕਰਨਾ ਅਤੇ ਕਿਸੇ ਤਰੀਕੇ ਨਾਲ ਉਸ ਨੂੰ ਰਚਨਾਤਮਕ ਕੰਮ ਵਿਚ ਲਗਾ ਦੇਣਾ, ਦਾਨ ਦੇਣ ਨਾਲੋਂ ਉੱਤਮ ਕੰਮ ਹੈ, ਨਹੀਂ ਤਾਂ ਆਲਸੀ ਵਿਅਕਤੀ ਸਮਾਜ ਲਈ ਬੋਝ ਬਣਿਆ ਰਹੇਗਾ। ਕੁਪਾਤਰ ਦੀ ਸ਼੍ਰੇਣੀ ਵਿਚ ਨਸ਼ੇ ਕਰਨ ਵਾਲੇ ਵੀ ਆਉਂਦੇ ਹਨ। ਉਨ੍ਹਾਂ ਨੂੰ ਚਾਹੇ ਪੈਸਾ ਦਿੱਤਾ ਜਾਵੇ ਜਾਂ ਕੋਈ ਵਸਤੂ, ਉਹ ਉਸ ਨੂੰ ਵੇਚ ਕੇ ਨਸ਼ੀਲੀਆਂ ਵਸਤਾਂ ਦਾ ਹੀ ਸੇਵਨ ਕਰਨਗੇ।
ਇਸ ਲਈ, ਦਾਨ ਦੇਣ ਤੋਂ ਪਹਿਲਾਂ, ਦਾਨ ਲੈਣ ਵਾਲੇ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ। ਧਾਰਮਿਕ ਅਸਥਾਨਾਂ ਦੇ ਬਾਹਰ ਕਈ ਅਜਿਹੇ ਭਿਖਾਰੀ ਬੈਠੇ ਰਹਿੰਦੇ ਹਨ ਜੋ ਕੰਮ ਕਰਦੇ ਤਾਂ ਵੱਧ ਪੈਸਾ ਕਮਾ ਲੈਂਦੇ ਪਰ ਉਨ੍ਹਾਂ ਦੀਆਂ ਆਦਤਾਂ ਖ਼ਰਾਬ ਹੋ ਗਈਆਂ ਹਨ ਅਤੇ ਉਹ ਸਿਰਫ਼ ਭੀਖ ਮੰਗ ਕੇ ਹੀ ਕੰਮ ਚਲਾਉਂਦੇ ਹਨ। ਰਾਹ ਚੱਲਦੇ ਭਿਖਾਰੀਆਂ ਦੀ ਬਜਾਏ, ਗ਼ਰੀਬ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਸਬੰਧਤ ਵਸਤਾਂ ਦੇਣਾ ਜ਼ਿਆਦਾ ਉਪਕਾਰੀ ਹੈ। ਇਸੇ ਤਰ੍ਹਾਂ, ਪਿਆਸਿਆਂ ਲਈ ਪਾਣੀ ਦੀ ਵਿਵਸਥਾ, ਰਾਹਗੀਰਾਂ ਲਈ ਰੈਣ-ਬਸੇਰਾ ਬਣਵਾਉਣਾ ਵੀ ਦਾਨ ਹੀ ਹੈ।
ਸਭ ਤੋਂ ਮਹੱਤਵਪੂਰਨ, ਕਿਸੇ ਹਿੰਮਤ ਹਾਰੇ ਵਿਅਕਤੀ ਨੂੰ ਆਤਮ-ਬਲ ਦਾ ਅਹਿਸਾਸ ਕਰਵਾ ਦੇਣਾ ਅਤੇ ਆਰਥਿਕ ਤੰਗੀ ਕਾਰਨ ਆਪਣੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਵਿਅਕਤੀ ਦੀ ਪਰੇਸ਼ਾਨੀ ਦੂਰ ਕਰਨਾ ਵੀ ਉੱਤਮ ਕੰਮ ਹੈ। ਇਸ ਤੋਂ ਇਲਾਵਾ, ਆਪਣੀ ਜਾਇਦਾਦ ਦਾ ਇਕ ਨਿਸ਼ਚਿਤ ਹਿੱਸਾ ਪਰਉਪਕਾਰ ਲਈ ਕੱਢ ਦੇਣਾ ਚਾਹੀਦਾ ਹੈ। ਦਾਨ ਦੇਣ ਤੋਂ ਬਾਅਦ ਉਸ ਤੋਂ ਜਸ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਅਤੇ ਕਿਸੇ ਨੂੰ ਨਾਖ਼ੁਸ਼ੀ ਨਾਲ ਵੀ ਦਾਨ ਨਹੀਂ ਦੇਣਾ ਚਾਹੀਦਾ। ਅਜਿਹਾ ਦਾਨ ਪੂਰੀ ਤਰ੍ਹਾਂ ਫਲਦਾਇਕ ਨਹੀਂ ਹੋਵੇਗਾ।
-ਸਲਿਲ ਪਾਂਡੇ