ਈਦ ਦਾ ਸੁਨੇਹਾ
ਈਦ-ਉਲ-ਫਿਤਰ ਸਮਾਜਿਕ ਸਮਰਸੱਤਾ, ਮਨੁੱਖੀ ਕਦਰਾਂ-ਕੀਮਤਾਂ ਅਤੇ ਸਾਂਝੀ ਜ਼ਿੰਮੇਵਾਰੀ ਦਾ ਜੀਵੰਤ ਪ੍ਰਤੀਕ ਹੈ। ਪੂਰੇ ਇਕ ਮਹੀਨੇ ਤੱਕ ਰੋਜ਼ੇ ਰੱਖਣ ਦੌਰਾਨ ਵਿਅਕਤੀ ਨਾ ਸਿਰਫ਼ ਆਪਣੀਆਂ ਸਰੀਰਕ ਇੱਛਾਵਾਂ ’ਤੇ ਕਾਬੂ ਪਾਉਂਦਾ ਹੈ ਸਗੋਂ ਆਪਣੇ ਵਿਚਾਰਾਂ ਅਤੇ ਵਿਵਹਾਰ ਨੂੰ ਵੀ ਸ਼ੁੱਧ ਕਰਦਾ ਹੈ। ਇਹ ਸਵੈ-ਅਨੁਸ਼ਾਸਨ ਵਿਅਕਤੀ ਅੰਦਰ ਕਰੁਣਾ ਅਤੇ ਸੰਵੇਦਨਸ਼ੀਲਤਾ ਨੂੰ ਜਨਮ ਦਿੰਦਾ ਹੈ। ਜਦੋਂ ਕੋਈ ਵਿਅਕਤੀ ਖ਼ੁਦ ਭੁੱਖ ਅਤੇ ਪਿਆਸ ਦਾ ਅਨੁਭਵ ਕਰਦਾ ਹੈ
Publish Date: Fri, 20 Mar 2026 10:37 PM (IST)
Updated Date: Sat, 21 Mar 2026 07:46 AM (IST)

ਈਦ-ਉਲ-ਫਿਤਰ ਸਮਾਜਿਕ ਸਮਰਸੱਤਾ, ਮਨੁੱਖੀ ਕਦਰਾਂ-ਕੀਮਤਾਂ ਅਤੇ ਸਾਂਝੀ ਜ਼ਿੰਮੇਵਾਰੀ ਦਾ ਜੀਵੰਤ ਪ੍ਰਤੀਕ ਹੈ। ਪੂਰੇ ਇਕ ਮਹੀਨੇ ਤੱਕ ਰੋਜ਼ੇ ਰੱਖਣ ਦੌਰਾਨ ਵਿਅਕਤੀ ਨਾ ਸਿਰਫ਼ ਆਪਣੀਆਂ ਸਰੀਰਕ ਇੱਛਾਵਾਂ ’ਤੇ ਕਾਬੂ ਪਾਉਂਦਾ ਹੈ ਸਗੋਂ ਆਪਣੇ ਵਿਚਾਰਾਂ ਅਤੇ ਵਿਵਹਾਰ ਨੂੰ ਵੀ ਸ਼ੁੱਧ ਕਰਦਾ ਹੈ। ਇਹ ਸਵੈ-ਅਨੁਸ਼ਾਸਨ ਵਿਅਕਤੀ ਅੰਦਰ ਕਰੁਣਾ ਅਤੇ ਸੰਵੇਦਨਸ਼ੀਲਤਾ ਨੂੰ ਜਨਮ ਦਿੰਦਾ ਹੈ। ਜਦੋਂ ਕੋਈ ਵਿਅਕਤੀ ਖ਼ੁਦ ਭੁੱਖ ਅਤੇ ਪਿਆਸ ਦਾ ਅਨੁਭਵ ਕਰਦਾ ਹੈ ਤਾਂ ਉਹ ਸਮਾਜ ਦੇ ਉਨ੍ਹਾਂ ਲੋਕਾਂ ਦੀ ਪੀੜਾ ਨੂੰ ਹੋਰ ਡੂੰਘਾਈ ਨਾਲ ਸਮਝ ਸਕਦਾ ਹੈ ਜੋ ਹਰ ਰੋਜ਼ ਤੋਟਾਂ ਦਾ ਸਾਹਮਣਾ ਕਰਦੇ ਹਨ। ਈਦ ਦੇ ਦਿਨ ਲੋਕ ਇਕੱਠੇ ਈਦਗਾਹ ਜਾਂ ਮਸਜਿਦ ਵਿਚ ਨਮਾਜ਼ ਅਦਾ ਕਰਦੇ ਹਨ। ਇਹ ਸੁਨੇਹਾ ਦਿੰਦਾ ਹੈ ਕਿ ਰੱਬ ਦੀ ਨਜ਼ਰ ਵਿਚ ਸਾਰੇ ਮਨੁੱਖ ਬਰਾਬਰ ਹਨ। ਇਹ ਦ੍ਰਿਸ਼ ਸਿਰਫ਼ ਧਾਰਮਿਕ ਆਸਥਾ ਦਾ ਨਹੀਂ, ਸਗੋਂ ਸਮਾਜਿਕ ਬਰਾਬਰੀ ਦਾ ਵੀ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਇਹ ਸਿਖਾਉਂਦਾ ਹੈ ਕਿ ਸਿਰਫ਼ ਆਪਣੀ ਖ਼ੁਸ਼ਹਾਲੀ ’ਤੇ ਧਿਆਨ ਦੇਣਾ ਕਾਫ਼ੀ ਨਹੀਂ ਹੈ, ਬਲਕਿ ਸਮਾਜ ਦੇ ਕਮਜ਼ੋਰ ਵਰਗਾਂ ਦੇ ਉੱਥਾਨ ਲਈ ਵੀ ਉਪਰਾਲੇ ਕਰਨੇ ਜ਼ਰੂਰੀ ਹਨ। ਜੇ ਅਸੀਂ ਇਸ ਭਾਵਨਾ ਨੂੰ ਆਪਣੇ ਜੀਵਨ ਵਿਚ ਉਤਾਰ ਲਈਏ ਤਾਂ ਸਮਾਜ ਵਿਚ ਮੌਜੂਦ ਅਸਮਾਨਤਾਵਾਂ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਭਾਰਤ ਜਿਹੇ ਬਹੁ-ਧਾਰਮਿਕ ਅਤੇ ਬਹੁ-ਸੰਸਕ੍ਰਿਤਕ ਦੇਸ਼ ਵਿਚ ਇਹ ਤਿਉਹਾਰ ਵੱਖ-ਵੱਖ ਭਾਈਚਾਰਿਆਂ ਵਿਚਕਾਰ ਆਪਸੀ ਸੋਝੀ ਅਤੇ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। ਇਹ ਤਿਉਹਾਰ ਸਾਨੂੰ ਇਹ ਸਿਖਾਉਂਦਾ ਹੈ ਕਿ ਵੰਨ-ਸੁਵੰਨਤਾਵਾਂ ਦੇ ਬਾਵਜੂਦ ਅਸੀਂ ਇਕਜੁੱਟ ਰਹਿ ਸਕਦੇ ਹਾਂ। ਸੱਚੀ ਖ਼ੁਸ਼ੀ ਸਿਰਫ਼ ਭੌਤਿਕ ਵਸਤਾਂ ਵਿਚ ਨਹੀਂ ਬਲਕਿ ਦੂਜਿਆਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨ ਵਿਚ ਹੈ। ਸਮਾਜ ਵਿਚ ਸਾਡੀਆਂ ਜ਼ਿੰਮੇਵਾਰੀਆਂ ਸਿਰਫ਼ ਸਾਡੇ ਪਰਿਵਾਰ ਤੱਕ ਸੀਮਤ ਨਹੀਂ ਹਨ ਸਗੋਂ ਸਾਨੂੰ ਪੂਰੇ ਸਮਾਜ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ। ਅਸੀਂ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਸਮਾਜ ਦੇ ਵਿਆਪਕ ਹਿੱਤ ਬਾਰੇ ਸੋਚੀਏ ਅਤੇ ਇਕ ਅਜਿਹੇ ਸਮਾਜ ਦੇ ਨਿਰਮਾਣ ਵਿਚ ਯੋਗਦਾਨ ਦੇਈਏ, ਜਿੱਥੇ ਸਾਰਿਆਂ ਨੂੰ ਬਰਾਬਰ ਮੌਕੇ ਅਤੇ ਆਦਰ -ਮਾਣ ਪ੍ਰਾਪਤ ਹੋਵੇ। ਇਹੀ ਇਸ ਤਿਉਹਾਰ ਦੀ ਸੱਚੀ ਭਾਵਨਾ ਹੈ ਅਤੇ ਇਹੀ ਉਹ ਸੁਨੇਹਾ ਹੈ ਜਿਸ ਨੂੰ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ।
-ਡਾ. ਮੁਹੰਮਦ ਅਜ਼ਹਰ ਅੰਸਾਰੀ।