ਗਤੀਸ਼ੀਲ ਜੀਵਨ
ਅਜਿਹੀ ਰਫ਼ਤਾਰ ਜੋ ਆਪਣੇ ਆਪ ਨੂੰ ਅੱਗੇ ਵਧਾਏ, ਪਰ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾਏ।ਟੀਚੇ ਵੱਲ ਵਧਦੇ ਹੋਏ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਹੱਦਾਂ ਦਾ ਪਤਾ ਹੋਣਾ ਹੀ ਸੰਤੁਲਨ ਦਿੰਦਾ ਹੈ। ਜੀਵਨ ਦਾ ਸੁਹੱਪਣ ਉਸੇ ਸੰਤੁਲਨ ’ਚ ਹੈ, ਜਿੱਥੇ ਕਰਮ ਨਿਰੰਤਰ ਹੈ, ਪਰ ਹੰਕਾਰ ਨਹੀਂ।
Publish Date: Sun, 04 Jan 2026 10:36 PM (IST)
Updated Date: Mon, 05 Jan 2026 07:39 AM (IST)
ਜੀਵਨ ਸਥਿਰ ਨਹੀਂ ਲਗਾਤਾਰ ਗਤੀਸ਼ੀਲ ਹੈ। ਜੀਵਨ ਦਾ ਮੂਲ ਸੁਰ ਹੀ ਗਤੀਸ਼ੀਲਤਾ ਹੈ। ਗਰਭ ’ਚ ਪਹਿਲੀ ਧੜਕਣ ਤੋਂ ਲੈ ਕੇ ਆਖ਼ਰੀ ਸਾਹ ਤੱਕ ਜੋ ਚੱਲਦਾ ਹੈ, ਉਹੀ ਜੀਵਨ ਹੈ। ਠਹਿਰਾਅ, ਚਾਹੇ ਉਹ ਸਰੀਰ ਦਾ ਹੋਵੇ ਜਾਂ ਵਿਚਾਰਾਂ ਦਾ, ਜੀਵਨ ਦੀ ਨਹੀਂ, ਜੜਤਾ ਦੀ ਪਛਾਣ ਹੈ। ਕੁਦਰਤ ਆਪ ਸਾਨੂੰ ਇਹੀ ਸਿਖਾਉਂਦੀ ਹੈ। ਸੂਰਜ ਦਾ ਰੱਥ ਲਗਾਤਾਰ ਚੱਲਦਾ ਹੈ, ਨਦੀਆਂ ਬਿਨਾਂ ਥੱਕੇ ਵਹਿੰਦੀਆਂ ਹਨ, ਰੁੱਤਾਂ ਬਦਲਦੀਆਂ ਹਨ।
ਇਸ ਕਾਰਨ ਮਨੁੱਖ ਜੇਕਰ ਜੀਵਨ ਨੂੰ ਲਾਪਰਵਾਹੀ ਤੇ ਟੀਚੇ ਤੋਂ ਬਿਨਾਂ ਗੁਆ ਦੇਵੇ ਤਾਂ ਇਹ ਇਸ ਤੋਹਫ਼ੇ ਦੀ ਬੇਕਦਰੀ ਹੈ। ਅਜਿਹਾ ਜੀਵਨ ਨਾ ਆਪਣੇ ਲਈ ਪ੍ਰੇਰਕ ਬਣਦਾ ਹੈ ਤੇ ਨਾ ਹੀ ਸਮਾਜ ਲਈ। ਫਿਰ ਵੀ, ਗਤੀਸ਼ੀਲਤਾ ਦਾ ਮਤਲਬ ਅੰਨ੍ਹੀ ਦੌੜ ਨਹੀਂ ਹੈ। ਬਿਨਾਂ ਜ਼ਰੂਰਤ ਦੀ ਰਫ਼ਤਾਰ ਨਾਲ ਵਹਿੰਦੀ ਧਾਰਾ ਵੀ ਤਬਾਹੀ ਲਿਆ ਸਕਦੀ ਹੈ। ਇਸ ਲਈ ਜੀਵਨ ਦੀ ਰਫ਼ਤਾਰ ਵਿਵੇਕਪੂਰਣ ਹੋਣੀ ਚਾਹੀਦੀ ਹੈ।
ਅਜਿਹੀ ਰਫ਼ਤਾਰ ਜੋ ਆਪਣੇ ਆਪ ਨੂੰ ਅੱਗੇ ਵਧਾਏ, ਪਰ ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾਏ।ਟੀਚੇ ਵੱਲ ਵਧਦੇ ਹੋਏ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਹੱਦਾਂ ਦਾ ਪਤਾ ਹੋਣਾ ਹੀ ਸੰਤੁਲਨ ਦਿੰਦਾ ਹੈ। ਜੀਵਨ ਦਾ ਸੁਹੱਪਣ ਉਸੇ ਸੰਤੁਲਨ ’ਚ ਹੈ, ਜਿੱਥੇ ਕਰਮ ਨਿਰੰਤਰ ਹੈ, ਪਰ ਹੰਕਾਰ ਨਹੀਂ। ਉਪਨਿਸ਼ਦ ਦਾ ਸੂਤਰ-ਚਰੈਵੇਤੀ ਚਰੈਵੇਤੀ ਸਿਰਫ਼ ਸਰੀਰਕ ਨਹੀਂ, ਮਾਨਸਿਕ, ਬੌਧਿਕ ਤੇ ਆਤਮਿਕ ਰਫ਼ਤਾਰ ਦੀ ਵੀ ਪ੍ਰੇਰਣਾ ਦਿੰਦਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਠੋਕਰਾਂ ਮਿਲਣਗੀਆਂ, ਡਿੱਗਣਾ ਪਵੇਗਾ, ਪਰ ਰੁਕਣਾ ਬਦਲ ਨਹੀਂ ਹੈ।
ਡਿੱਗ ਕੇ ਉੱਠਣਾ ਤੇ ਫਿਰ ਅੱਗੇ ਵਧਣਾ ਹੀ ਜੀਵਨ ਦਾ ਧਰਮ ਹੈ। ਅੱਜ ਦਾ ਵਿਸ਼ਵ ਜਿਸ ਗ਼ੈਰਯਕੀਨੀ, ਹਿੰਸਾ ਤੇ ਅਸੰਤੁਲਨ ਨਾਲ ਜੂਝ ਰਿਹਾ ਹੈ, ਉਸ ਦਾ ਕਾਰਨ ਵੀ ਨਕਾਰਾਤਮਕ ਗਤੀਸ਼ੀਲਤਾ ਹੈ। ਅਜਿਹੀ ਗਤੀ ਜੋ ਤਾਕਤ ਤਾਂ ਵਧਾਉਂਦੀ ਹੈ, ਪਰ ਹਮਦਰਦੀ ਨਹੀਂ। ਅਜਿਹੇ ਸਮੇਂ ’ਚ ਜ਼ਰੂਰਤ ਹੈ ਸਕਾਰਾਤਮਕ, ਸ਼ਾਂਤੀ ਪਸੰਦ ਤੇ ਮਾਨਵਤਾ ਆਧਾਰਿਤ ਗਤੀਸ਼ੀਲਤਾ ਦੀ। ਉਹੀ ਗਤੀਸ਼ੀਲਤਾ ਜੋ ਵਿਕਾਸ ਨੂੰ ਵਿਨਾਸ਼ ਨਾ ਬਣਨ ਦੇਵੇ। ਆਖ਼ਰ ਜੀਵਨ ਦੀ ਸਾਰਥਕਤਾ ਇਸੇ ’ਚ ਹੈ ਕਿ ਅਸੀਂ ਹਰ ਪਲ਼ ਕਿਸੇ ਸਕਾਰਾਤਮਕ ਉਦੇਸ਼ ਨਾਲ ਜੁੜੇ ਰਹੀਏ। ਰਫ਼ਤਾਰ ਰੁਕੇ ਨਾ, ਪਰ ਦਿਸ਼ਾ ਨਾ ਭੁੱਲੇ ਕਿਉਂਕਿ ਜੀਵਨ ਉਹੀ ਹੈ ਜੋ ਚੱਲਦਾ ਹੈ ਤੇ ਸਹੀ ਦਿਸ਼ਾ ’ਚ ਚੱਲਦਾ ਹੈ।
-ਛਾਇਆ ਸ਼੍ਰੀਵਾਸਤਵ।