ਕੀ ਸੁਖ ਭਾਲਦਾ ਮਨੁੱਖ
ਦੁਨੀਆ ਵਿਚ ਅਣਗਿਣਤ ਸਾਧਕ ਧਿਆਨ ਜ਼ਰੀਏ ਪਰਮਾਤਮਾ ਨੂੰ ਲੱਭਦੇ ਹਨ। ਸਾਧਨਾ ਜ਼ਰੂਰੀ ਹੈ ਪਰ ਜੇ ਭਾਲ ਸਿਰਫ਼ ਬਾਹਰਲੇ ਰੂਪਾਂ ਤੱਕ ਸੀਮਤ ਰਹੇ, ਤਾਂ ਟੀਚੇ ਨੂੰ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪਰਮ ਸੱਚ ਕਿਤੇ ਦੂਰ ਨਹੀਂ, ਉਹ ਸਾਡੇ ਅੰਦਰ ਮੌਜੂਦ ਹੈ।
Publish Date: Wed, 18 Mar 2026 11:47 PM (IST)
Updated Date: Thu, 19 Mar 2026 07:31 AM (IST)
ਮਨੁੱਖ ਖ਼ੁਸ਼ੀ ਦੀ ਤਲਾਸ਼ ਵਿਚ ਭਟਕਦਾ ਰਹਿੰਦਾ ਹੈ। ਕੋਈ ਤੀਰਥਾਂ ਵਿਚ ਖ਼ੁਸ਼ੀ ਲੱਭਦਾ ਹੈ, ਕੋਈ ਦੌਲਤ ਅਤੇ ਵੱਕਾਰ ਵਿਚ ਤੇ ਕੋਈ ਭੌਤਿਕ ਵਿਲਾਸਤਾ ਵਿਚ। ਜਦ ਤੱਕ ਮਨੁੱਖ ਆਤਮ-ਚੇਤਨਾ ਵੱਲ ਨਹੀਂ ਮੁੜਦਾ, ਉਦੋਂ ਤੱਕ ਉਸ ਦੀ ਇਹ ਭਾਲ ਅਧੂਰੀ ਰਹਿੰਦੀ ਹੈ। ਭਾਰਤੀ ਕਥਾਵਾਂ ਵਿਚ ਕਸਤੂਰੀ ਮ੍ਰਿਗ ਦੀ ਉਦਾਹਰਨ ਪ੍ਰਸਿੱਧ ਹੈ। ਜੰਗਲ ਵਿਚ ਰਹਿਣ ਵਾਲਾ ਮ੍ਰਿਗ ਕਸਤੂਰੀ ਦੀ ਸੁਗੰਧ ਤੋਂ ਆਕਰਸ਼ਿਤ ਹੋ ਕੇ ਇੱਧਰ-ਉੱਧਰ ਦੌੜਦਾ ਹੈ। ਉਹ ਨਹੀਂ ਜਾਣਦਾ ਕਿ ਜਿਸ ਸੁਗੰਧ ਦੀ ਤਲਾਸ਼ ਵਿਚ ਉਹ ਭਟਕ ਰਿਹਾ ਹੈ, ਉਹ ਉਸ ਦੀ ਆਪਣੀ ਹੀ ਧੁੰਨੀ ਵਿਚ ਮੌਜੂਦ ਹੈ। ਮਨੁੱਖ ਦੀ ਸਥਿਤੀ ਵੀ ਕੁਝ ਅਜਿਹੀ ਹੀ ਹੈ। ਉਹ ਖ਼ੁਸ਼ੀ, ਸ਼ਾਂਤੀ ਅਤੇ ਆਨੰਦ ਨੂੰ ਬਾਹਰ ਲੱਭਦਾ ਹੈ ਜਦਕਿ ਇਸ ਦਾ ਅਸਲੀ ਸਰੋਤ ਉਸ ਦੇ ਆਪਣੇ ਅੰਤਰਮਨ ਵਿਚ ਹੈ।
ਦੁਨੀਆ ਵਿਚ ਅਣਗਿਣਤ ਸਾਧਕ ਧਿਆਨ ਜ਼ਰੀਏ ਪਰਮਾਤਮਾ ਨੂੰ ਲੱਭਦੇ ਹਨ। ਸਾਧਨਾ ਜ਼ਰੂਰੀ ਹੈ ਪਰ ਜੇ ਭਾਲ ਸਿਰਫ਼ ਬਾਹਰਲੇ ਰੂਪਾਂ ਤੱਕ ਸੀਮਤ ਰਹੇ, ਤਾਂ ਟੀਚੇ ਨੂੰ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪਰਮ ਸੱਚ ਕਿਤੇ ਦੂਰ ਨਹੀਂ, ਉਹ ਸਾਡੇ ਅੰਦਰ ਮੌਜੂਦ ਹੈ। ਜਦਕਿ ਮਨੁੱਖ ਭੌਤਿਕ ਭੋਗਾਂ ਵਿਚ ਹੀ ਸੁੱਖ ਲੱਭਦਾ ਹੈ। ਯਕੀਨੀ ਤੌਰ ’ਤੇ ਉਨ੍ਹਾਂ ਵਿਚ ਪਲ ਭਰ ਦਾ ਆਨੰਦ ਹੁੰਦਾ ਹੈ ਪਰ ਸਥਾਈ ਸੁੱਖ ਉੱਥੇ ਸੰਭਵ ਨਹੀਂ।
ਹਕੀਕੀ ਸੁੱਖ ਦੀ ਉਤਪਤੀ ਸੰਜਮ, ਸੰਤੁਲਨ ਅਤੇ ਤਿਆਗ ਵਿਚ ਹੈ। ਸੰਜਮ ਜੀਵਨ ਨੂੰ ਅਨੁਸ਼ਾਸਿਤ ਕਰਦਾ ਹੈ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ। ਵਿਡੰਬਣਾ ਇਹ ਹੈ ਕਿ ਮਨੁੱਖ ਇਸ ਸੱਚਾਈ ਨੂੰ ਜਾਣਦੇ ਹੋਏ ਵੀ ਇਸ ਨੂੰ ਵਿਵਹਾਰ ਵਿਚ ਨਹੀਂ ਲਿਆਉਂਦਾ। ਉਹ ਸੰਜਮ ਦੀ ਪ੍ਰਸ਼ੰਸਾ ਤਾਂ ਕਰਦਾ ਹੈ ਪਰ ਜੀਵਨ ਵਿਚ ਗ਼ੈਰ-ਸੰਜਮ ਨੂੰ ਹੀ ਜਗ੍ਹਾ ਦਿੰਦਾ ਹੈ। ਨਤੀਜੇ ਵਜੋਂ ਉਹ ਅਸੰਤੋਸ਼ ਅਤੇ ਦੁੱਖ ਦੇ ਚੱਕਰ ਵਿਚ ਫਸਿਆ ਰਹਿੰਦਾ ਹੈ।
ਅੱਜ ਦੁਨੀਆ ਵਿਚ ਬਾਹਰਲੀਆਂ ਪ੍ਰਾਪਤੀਆਂ ਦੀ ਚਮਕ ਵਧੀ ਹੈ ਪਰ ਅੰਦਰੂਨੀ ਸ਼ਾਂਤੀ ਘਟ ਰਹੀ ਹੈ। ਸੁੱਖ ਦੀ ਤਲਾਸ਼ ਜਿੰਨੀ ਤੇਜ਼ ਹੋਈ ਹੈ, ਓਨੀ ਹੀ ਬੇਚੈਨੀ ਵੀ ਵਧੀ ਹੈ। ਇਹ ਸਥਿਤੀ ਸਾਨੂੰ ਉਸੇ ਪੜਾਅ ਵੱਲ ਲੈ ਕੇ ਜਾਂਦੀ ਹੈ ਕਿ ਹਕੀਕੀ ਖ਼ੁਸ਼ੀ ਬਾਹਰ ਨਹੀਂ, ਸਗੋਂ ਸਾਡੇ ਆਪਣੇ ਅੰਦਰ ਹੈ। ਇਸ ਨੂੰ ਪ੍ਰਾਪਤ ਕਰਨ ਦਾ ਮਾਰਗ ਆਤਮ-ਚਿੰਤਨ, ਸੰਜਮ ਅਤੇ ਸੰਤੁਲਿਤ ਜੀਵਨ ਤੋਂ ਹੋ ਕੇ ਗੁਜ਼ਰਦਾ ਹੈ। ਇਹੀ ਜੀਵਨ ਦੀ ਸੱਚੀ ਊਰਜਾ ਹੈ।
-ਲਲਿਤ ਗਰਗ।