ਜੀਵਨ ’ਚ ਨਿਰੰਤਰਤਾ ਜ਼ਰੂਰੀ
ਰੁੱਖਾਂ ਦਾ ਫਲ ਦੇਣਾ, ਨਦੀਆਂ ਦਾ ਬਿਨਾਂ ਰੁਕੇ ਵਗਦੇ ਰਹਿਣਾ ਅਤੇ ਸੂਰਜ ਦਾ ਬੇਰੋਕ-ਟੋਕ ਪ੍ਰਕਾਸ਼-ਇਹ ਸਾਰੇ ਪ੍ਰਕ੍ਰਿਤੀ ਦੀ ਇਸ ਨਿਰੰਤਰਤਾ ਦੇ ਜਿਉਂਦੇ-ਜਾਗਦੇ ਸਬੂਤ ਹਨ। ਮੰਜ਼ਿਲ ਵੱਲ ਵਧਦੇ ਹੋਏ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਦੇ ਵੇਗ ਨੂੰ ਸਿਰਫ਼ ਨਿਰੰਤਰਤਾ ਦੇ ਬਲਬੂਤੇ ਹੀ ਕਾਬੂ ਕੀਤਾ ਜਾ ਸਕਦਾ ਹੈ।
Publish Date: Mon, 16 Mar 2026 11:57 PM (IST)
Updated Date: Tue, 17 Mar 2026 06:45 AM (IST)
ਜੀਵਨ ਦੀ ਗਤੀ ਦਾ ਸਹੀ ਦਿਸ਼ਾ ਵਿਚ ਹੋਣਾ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਇਸ ਵਿਚ ਨਿਰੰਤਰਤਾ ਦਾ ਹੋਣਾ। ਬਿਨਾਂ ਕਿਸੇ ਰੁਕਾਵਟ ਦੇ ਟੀਚੇ ਦੀ ਪ੍ਰਾਪਤੀ ਲਈ ਨਿਰੰਤਰ ਯਤਨ ਕਰਦੇ ਰਹਿਣਾ ਹੀ ਸਕਾਰਾਤਮਕ ਗਤੀ ਨੂੰ ਜਨਮ ਦਿੰਦਾ ਹੈ। ਦਰਅਸਲ, ਨਿਰੰਤਰਤਾ ਹੀ ਉਹ ਧੁਰੀ ਹੈ, ਜਿਸ ’ਤੇ ਸ੍ਰਿਸ਼ਟੀ ਦਾ ਚੱਕਰ ਟਿਕਿਆ ਹੈ।
ਰੁੱਖਾਂ ਦਾ ਫਲ ਦੇਣਾ, ਨਦੀਆਂ ਦਾ ਬਿਨਾਂ ਰੁਕੇ ਵਗਦੇ ਰਹਿਣਾ ਅਤੇ ਸੂਰਜ ਦਾ ਬੇਰੋਕ-ਟੋਕ ਪ੍ਰਕਾਸ਼-ਇਹ ਸਾਰੇ ਪ੍ਰਕ੍ਰਿਤੀ ਦੀ ਇਸ ਨਿਰੰਤਰਤਾ ਦੇ ਜਿਉਂਦੇ-ਜਾਗਦੇ ਸਬੂਤ ਹਨ। ਮੰਜ਼ਿਲ ਵੱਲ ਵਧਦੇ ਹੋਏ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਦੇ ਵੇਗ ਨੂੰ ਸਿਰਫ਼ ਨਿਰੰਤਰਤਾ ਦੇ ਬਲਬੂਤੇ ਹੀ ਕਾਬੂ ਕੀਤਾ ਜਾ ਸਕਦਾ ਹੈ। ਪਹਾੜ ਦੇ ਸਿਖਰ ’ਤੇ ਜਿੱਤ ਦਾ ਝੰਡਾ ਲਹਿਰਾਉਣ ਲਈ ਆਤਮ-ਕੇਂਦ੍ਰਿਤ ਹੋਣਾ ਅਤੇ ਨਿਰੰਤਰਤਾ ਦਾ ਦਾਮਨ ਫੜੇ ਰੱਖਣਾ ਲਾਜ਼ਮੀ ਹੈ।
ਟੀਚੇ ਦੀ ਪ੍ਰਾਪਤੀ ਤੋਂ ਬਾਅਦ ਥੋੜ੍ਹਾ ਵਿਸ਼ਰਾਮ ਕਰ ਕੇ ਦੁਬਾਰਾ ਅਗਲੀ ਮੰਜ਼ਿਲ ਦਾ ਸਫ਼ਰ ਤੈਅ ਕਰਨਾ ਹੀ ਜੀਵਨ ਨੂੰ ਸੱਚੇ ਅਰਥਾਂ ਵਿਚ ਗਤੀਮਾਨ ਬਣਾਉਂਦਾ ਹੈ, ਨਹੀਂ ਤਾਂ ਰੁਕਾਵਟਾਂ ਦਾ ਸਿਲਸਿਲਾ ਕਦੇ ਖ਼ਤਮ ਨਹੀਂ ਹੁੰਦਾ। ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਅਤੇ ਹੌਲੀ-ਹੌਲੀ ਇਹ ਖੰਡਰ ਵਿਚ ਬਦਲ ਜਾਂਦਾ ਹੈ ਜਿੱਥੇ ਜੀਵਨ ਉਪਯੋਗੀ ਕੁਝ ਵੀ ਪ੍ਰਾਪਤ ਕਰਨਾ ਸੰਭਵ ਨਹੀਂ। ਜਿਸ ਤਰ੍ਹਾਂ ਰੁਕਿਆ ਹੋਇਆ ਪਾਣੀ ਬਦਬੂ ਮਾਰਨ ਲੱਗਦਾ ਹੈ, ਉਸੇ ਤਰ੍ਹਾਂ ਜੀਵਨ ਵਿਚ ਆਇਆ ਠਹਿਰਾਅ ਮਨੁੱਖ ਨੂੰ ਗਰਤ ਵੱਲ ਲੈ ਕੇ ਜਾਂਦਾ ਹੈ।
ਪਾਣੀ ਦੀ ਰਵਾਨੀ ਅਤੇ ਜੀਵਨ ਦੀ ਕਹਾਣੀ ਉਦੋਂ ਹੀ ਖ਼ੂਬਸੂਰਤ ਬਣਦੀ ਹੈ ਜਦੋਂ ਇਹ ਨਿਰੰਤਰ ਸੁਖਦ ਅਨੁਭਵਾਂ ਨਾਲ ਪ੍ਰਵਾਹਿਤ ਹੁੰਦੀ ਰਹੇ। ਅਸੀਂ ਜਿਸ ਕੰਮ ਨੂੰ ਨਿਰੰਤਰਤਾ ਨਾਲ ਕਰਦੇ ਹਾਂ, ਉਹ ਸਮੇਂ ਦੇ ਨਾਲ ਸਾਡੇ ਲਈ ਸੰਘਰਸ਼ ਨਾ ਰਹਿ ਕੇ ਸਾਡੀ ਆਦਤ ਬਣ ਜਾਂਦਾ ਹੈ। ਸਾਡੇ ਸਰੀਰ ਦੇ ਅੰਦਰ ਵੀ ਬਹੁਤ ਸਾਰੀਆਂ ਜੈਵਿਕ ਪ੍ਰਕਿਰਿਆਵਾਂ ਨਿਰੰਤਰ ਚੱਲ ਰਹੀਆਂ ਹਨ ਅਤੇ ਇਸੇ ਨਿਰੰਤਰਤਾ ਵਾਲੇ ਗੁਣ ਕਾਰਨ ਅਸੀਂ ਜਿਉਂਦੇ ਹਾਂ। ਇਹ ਬੇਰੋਕ ਗਤੀ ਹੀ ਵਿਕਾਸ ਨੂੰ ਰੇਖਾਂਕਿਤ ਕਰਦੀ ਹੈ।
ਜਿਸ ਤਰ੍ਹਾਂ ਸਾਲਾਂ ਤੋਂ ਬੰਦ ਤਾਲੇ ਵਿਚ ਜੰਗ ਲੱਗ ਜਾਂਦੀ ਹੈ, ਉਸੇ ਤਰ੍ਹਾਂ ਰੁਕੀ ਹੋਈ ਜ਼ਿੰਦਗੀ ਵੀ ਵਿਅਰਥ ਹੋ ਜਾਂਦੀ ਹੈ। ਜਦ ਤੱਕ ਜੀਵਨ ਹੈ, ਤਦ ਤੱਕ ‘ਕਰਮ ਰੂਪੀ ਤੇਲ’ ਜੀਵਨ ਦੀ ਗੱਡੀ ਵਿਚ ਪਾਉਂਦੇ ਰਹਿਣਾ ਬੇਹੱਦ ਜ਼ਰੂਰੀ ਹੈ। ਤਦ ਹੀ ਇਹ ਆਪਣੀ ਪਟੜੀ ’ਤੇ ਦੌੜਦੀ ਹੋਈ ਸਾਨੂੰ ਸਾਡੇ ਮੋਕਸ਼ ਸਥਾਨ ਤੱਕ ਪਹੁੰਚਾ ਸਕੇਗੀ।
-ਪਾਰੂਲ ਹਰਸ਼ ਬਾਂਸਲ।