ਫ਼ਿਕਰ ਜਾਂ ਜ਼ਿਕਰ
ਸਫਲਤਾ ਤੇ ਖ਼ੁਸ਼ੀਆਂ ਦਾ ਆਨੰਦ ਤਾਂ ਹਰ ਕੋਈ ਲੈਣਾ ਚਾਹੁੰਦਾ ਹੈ ਪਰ ਅਸਲ ਖ਼ੁਸ਼ੀ ਹਾਸਲ ਕਰਨ ਦਾ ਤਰੀਕਾ ਕੋਈ ਵਿਰਲਾ-ਟਾਵਾਂ ਹੀ ਜਾਣਦਾ ਹੈ। ਜ਼ਿੰਦਗੀ ਵਿਚ ਕਾਮਯਾਬੀ ਤੇ ਸੁੱਖ ਪਾਉਣ ਦਾ ਇੱਕੋ-ਇੱਕ ਰਾਹ ਸਾਡੀ ਆਪਣੀ ਹਾਂ-ਪੱਖੀ ਸੋਚ ਹੈ। ਜੇਕਰ ਸਾਡੀ ਸੋਚਣੀ ਉਸਾਰੂ ਰਹੇ ਤਾਂ ਕੋਈ ਵੀ ਤਾਕਤ ਸਾਨੂੰ ਨਹੀਂ ਹਰਾ ਸਕਦੀ।
Publish Date: Sat, 21 Feb 2026 11:09 PM (IST)
Updated Date: Sun, 22 Feb 2026 06:45 AM (IST)
ਅਜਿਹਾ ਕਿਹੜਾ ਵਿਅਕਤੀ ਹੈ ਜੋ ਜ਼ਿੰਦਗੀ ਵਿਚ ਖ਼ੁਸ਼ੀ ਦੀ ਤਲਾਸ਼ ਨਹੀਂ ਕਰ ਰਿਹਾ ਹੈ। ਹਰ ਕੋਈ ਸੁੱਖਾਂ ਤੇ ਖ਼ੁਸ਼ੀਆਂ ਪਿੱਛੇ ਦੌੜਦਾ ਹੈ। ਚੜ੍ਹਦੇ ਸੂਰਜ ਦੇ ਨਾਲ ਹੀ ਮਨੁੱਖ ਦੇ ਮਨ ਅੰਦਰ ਅਨੇਕ ਫੁਰਨੇ ਤੇ ਜੁਗਤਾਂ ਪੈਦਾ ਹੋਣ ਲੱਗਦੀਆਂ ਹਨ। ਮਨ ਕਈ ਜੁਗਤਾਂ ਘੜਦਾ ਹੈ ਕਿ ਅੱਜ ਕੀ ਕੀਤਾ ਜਾਵੇ ਜਿਸ ਨਾਲ ਹੋਰ ਸਕੂਨ, ਖ਼ੁਸ਼ੀ ਤੇ ਖੇੜੇ ਮਿਲਣ। ਇਹ ਤਰਕੀਬਾਂ ਘੜਦਿਆਂ ਕਈ ਵਾਰ ਮਨ ਵਿਚ ਅਨੇਕ ਤਰ੍ਹਾਂ ਦੀਆਂ ਆਸਾਂ ਤੇ ਨਿਰਾਸ਼ਾ ਵੀ ਉਪਜਦੀਆਂ ਹਨ।
ਸਫਲਤਾ ਤੇ ਖ਼ੁਸ਼ੀਆਂ ਦਾ ਆਨੰਦ ਤਾਂ ਹਰ ਕੋਈ ਲੈਣਾ ਚਾਹੁੰਦਾ ਹੈ ਪਰ ਅਸਲ ਖ਼ੁਸ਼ੀ ਹਾਸਲ ਕਰਨ ਦਾ ਤਰੀਕਾ ਕੋਈ ਵਿਰਲਾ-ਟਾਵਾਂ ਹੀ ਜਾਣਦਾ ਹੈ। ਜ਼ਿੰਦਗੀ ਵਿਚ ਕਾਮਯਾਬੀ ਤੇ ਸੁੱਖ ਪਾਉਣ ਦਾ ਇੱਕੋ-ਇੱਕ ਰਾਹ ਸਾਡੀ ਆਪਣੀ ਹਾਂ-ਪੱਖੀ ਸੋਚ ਹੈ। ਜੇਕਰ ਸਾਡੀ ਸੋਚਣੀ ਉਸਾਰੂ ਰਹੇ ਤਾਂ ਕੋਈ ਵੀ ਤਾਕਤ ਸਾਨੂੰ ਨਹੀਂ ਹਰਾ ਸਕਦੀ। ਮਿਸਾਲ ਦੇ ਤੌਰ ’ਤੇ ਜੇਕਰ ਇਕ ਮਨੁੱਖ ਨਰੋਈ ਤੇ ਚੰਗੀ ਸਿਹਤ ਬਣਾਉਣੀ ਚਾਹੁੰਦਾ ਹੈ ਤਾਂ ਉਸ ਲਈ ਸਭ ਤੋਂ ਜ਼ਰੂਰੀ ਹੈ ਕਿ ਉਸ ਦੀ ਸੋਚ ਹਾਂ-ਪੱਖੀ ਹੋਵੇ। ਸਕਾਰਾਤਮਕ ਸੋਚ ਹੀ ਹੈ ਜੋ ਅਸੰਭਵ ਕਾਰਜਾਂ ਨੂੰ ਵੀ ਸੰਭਵ ਬਣਾ ਦਿੰਦੀ ਹੈ।
ਬਹੁਤੀ ਵਾਰ ਸਾਡੀ ਆਪਣੀ ਨਕਾਰਾਤਕਮ ਸੋਚ ਹੀ ਸਾਡੀ ਦੁਸ਼ਮਣ ਬਣ ਬੈਠਦੀ ਹੈ। ਮੇਰੇ ਇਕ ਅਜਿਹੇ ਅਜ਼ੀਜ਼ ਮਿੱਤਰ ਹਨ ਜੋ ਬਹੁਤ ਧਨਵਾਨ ਹਨ। ਉਹ ਜੇ ਚਾਹੁਣ ਤਾਂ ਜ਼ਿੰਦਗੀ ਦਾ ਹਰ ਰੰਗ ਮਾਣ ਸਕਦੇ ਹਨ ਪਰ ਉਨ੍ਹਾਂ ਦੀ ਨਾਂਹ-ਪੱਖੀ ਸੋਚ ਉਨ੍ਹਾਂ ਨੂੰ ਸੁੱਖ ਨਾਲ ਜੀਣ ਨਹੀਂ ਦਿੰਦੀ। ਉਨ੍ਹਾਂ ਨੂੰ ਹਰ ਵੇਲੇ ਆਪਣੇ ਘਟਦੇ ਧਨ ਦੀ ਚਿੰਤਾ ਵੱਢ-ਵੱਢ ਖਾਂਦੀ ਰਹਿੰਦੀ ਹੈ। ਭਵਿੱਖ ਦੀ ਚਿੰਤਾ ਕਰਦਿਆਂ ਉਹ ਆਪਣੇ ਵਰਤਮਾਨ ਵਿਚ ਵੀ ਕੋਈ ਆਨੰਦ ਨਹੀਂ ਲੈ ਪਾਉਂਦੇ। ਸਕਾਰਾਤਮਕ ਸੋਚ ਤਾਂ ਅਜਿਹੀ ਘੁੱਟੀ ਦੇ ਸਮਾਨ ਹੈ ਜਿਸ ਨੂੰ ਕੋਈ ਚਖ ਲੈਂਦਾ ਹੈ ਤਾਂ ਉਸ ਦਾ ਸੁੱਖ ਉਹ ਸਾਰੀ ਉਮਰ ਭੋਗਦਾ ਰਹਿੰਦਾ ਹੈ।
ਮੰਨਿਆ ਕਿ ਸੋਚ ਨੂੰ ਬਦਲਣਾ ਸੌਖਾ ਨਹੀਂ ਪਰ ਸਫਲਤਾ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਔਖੀਆਂ ਘਾਟੀਆਂ ਨੂੰ ਹਿੰਮਤ ਨਾਲ ਪਾਰ ਕਰ ਲੈਂਦੇ ਹਨ। ਆਓ! ਅਸੀਂ ਵੀ ਆਪਣੇ ਮਨ ਨੂੰ ਫਰੋਲੀਏ ਅਤੇ ਜਦ ਵੀ ਸਾਡੀ ਸੋਚ ਨਕਾਰਾਤਮਕ ਖਿਆਲਾਂ ਨਾਲ ਤਿੜਕਣ ਲੱਗੇ, ਉਸ ’ਤੇ ਸਕਾਰਾਤਮਕ ਸੋਚ ਦੀ ਮੱਲ੍ਹਮ ਲਗਾਈਏ। ਜ਼ਿੰਦਗੀ ਦੀ ਹਰ ਚੁਣੌਤੀ ਨੂੰ ਹੱਸਦੇ-ਹੱਸਦੇ ਪਾਰ ਕਰ ਜਾਈਏ। ਇਹ ਕਥਨ ਸਾਨੂੰ ਇਸ ਕਿਸਮ ਦੀ ਜੀਵਨ-ਜਾਚ ਸਿਖਾਉਂਦਾ ਹੈ : ਫਿਕਰ ਕਰੇਂਦੇ ਬਾਵਰੇ, ਤੇ ਜ਼ਿਕਰ ਕਰੇਂਦੇ ਸਾਧ, ਉੱਠ ਫਰੀਦਾ ਜ਼ਿਕਰ ਕਰ ਤੇ ਫਿਕਰ ਕਰੇਗਾ ਆਪ।
-ਰੱਬੀ ਕੌਰ