ਇਕਾਗਰ ਚਿੱਤ
ਆਪਣਾ ਧਿਆਨ ਮਨ ’ਤੇ ਕੇਂਦ੍ਰਿਤ ਕਰ ਕੇ ਕਰਮ ਨੂੰ ਕਰਦੇ ਰਹਿਣਾ, ਹਰ ਸੰਭਵ ਕੋਸ਼ਿਸ਼ ਕਰਨਾ, ਮੁਸ਼ਕਲਾਂ ਤੋਂ ਮੂੰਹ ਨਾ ਫੇਰਨਾ ਅਤੇ ਅੰਤ ਵਿਚ ਹਾਰ ਦਾ ਭੋਗ ਪਾ ਕੇ ਜਿੱਤ ਦਾ ਨਗਾਰਾ ਵਜਾਉਣਾ ਹੀ ਜਾਗਰੂਕ ਮਨੁੱਖ ਜਾਤੀ ਦਾ ਪ੍ਰਮਾਣ ਹੈ।
Publish Date: Mon, 02 Mar 2026 11:26 PM (IST)
Updated Date: Tue, 03 Mar 2026 06:45 AM (IST)
ਮਾਨਸਿਕ ਸ਼ਾਂਤੀ ਦੀ ਤਲਾਸ਼ ਅੱਜ ਹਰ ਵਿਅਕਤੀ ਕਰ ਰਿਹਾ ਹੈ। ਹਰ ਹਾਲਤ ਵਿਚ ਮਨੁੱਖ ਨੂੰ ਆਪਣੇ-ਆਪ ਨੂੰ ਕਾਬੂ ਰੱਖਣ ਵਾਸਤੇ ਸਬਰ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ ਜਿਸ ਲਈ ਮਾਫ਼ਕ ਮਾਹੌਲ ਅਤੇ ਉਸ ਤੋਂ ਵੀ ਕਿਤੇ ਜ਼ਿਆਦਾ ਇਕਾਗਰ ਚਿੱਤ ਹੋਣ ਦੀ ਲੋੜ ਹੈ। ਜੋਸ਼ ਵਿਚ ਹੋਸ਼ ਖੋ ਦੇਣ ਵਾਲੇ ਅਤੇ ਫਿਰ ਆਪਣੀ ਇਸ ਮੂਰਖਤਾ ’ਤੇ ਪਛਤਾਉਣ ਵਾਲੇ ਵਿਅਕਤੀ ਸਫਲਤਾ ਦੇ ਨੀਵੇਂ ਪਾਏਦਾਨ ’ਤੇ ਹੀ ਰਹਿ ਜਾਂਦੇ ਹਨ। ਕਿਸੇ ਵੀ ਹਾਲਾਤ ਵਿਚ, ਹਰ ਹਾਲ ਵਿਚ ਆਪਣੇ-ਆਪ ਨੂੰ ਢਾਲ ਪਾਉਣਾ ਤਦ ਹੀ ਸੰਭਵ ਹੈ ਜਦੋਂ ਹਰ ਗੱਲ ’ਤੇ ਬਰੀਕੀ ਨਾਲ ਨਜ਼ਰ ਰੱਖੀ ਜਾ ਸਕੇ ਜਿਸ ਲਈ ਮਨ ਦਾ ਇਗਰ ਚਿੱਤ ਹੋਣਾ ਜ਼ਰੂਰੀ ਹੈ। ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੀਤਾ ਗਿਆ ਹਰ ਕੰਮ ਸਫਲਤਾ ਦੀਆਂ ਪੌੜੀਆਂ ਚੜ੍ਹਦਾ ਹੀ ਹੈ।
ਮਿਹਨਤ ਅਤੇ ਸਫਲਤਾ ਦੀ ਡੋਰ ਸਦਾ ਹੀ ਇਕਾਗਰ ਚਿੱਤ ਵਿਅਕਤੀ ਦੇ ਹੱਥ ਵਿਚ ਹੁੰਦੀ ਹੈ। ਜਿਸ ਵਿਅਕਤੀ ਨੇ ਆਪਣੇ ਜੀਵਨ ਵਿਚ ਕਰਮ ਨੂੰ ਪ੍ਰਧਾਨਤਾ ਅਤੇ ਸਫਲਤਾ ਨੂੰ ਟੀਚਾ ਬਣਾਇਆ, ਉਸ ਤੋਂ ਵੱਧ ਅਨੁਭਵੀ ਕੋਈ ਹੋਰ ਨਹੀਂ ਹੋ ਸਕਦਾ। ਜੀਵਨ ਭਰ ਹਾਸਲ ਕੀਤੇ ਗਏ ਅਨੁਭਵ ਇਕਾਗਰਤਾ ਧਾਰਨ ਕਰਨ ਵਾਲੇ ਮਨੁੱਖ ਦੀ ਉਹ ਪੂੰਜੀ ਹੈ ਜਿਸ ਨੂੰ ਉਹ ਨਿਰਧਨ ਹੋਣ ਦੇ ਬਾਵਜੂਦ ਹੰਗਾਮੀ ਹਾਲਤ ਵਿਚ ਵਰਤ ਕੇ ਆਪਣੇ-ਆਪ ਨੂੰ ਪ੍ਰਗਤੀਸ਼ੀਲ ਦੀ ਸ਼੍ਰੇਣੀ ਵਿਚ ਖੜ੍ਹਾ ਕਰ ਕੇ ਸਮਾਜ ਲਈ ਇਕ ਜਿਉਂਦੀ-ਜਾਗਦੀ ਉਦਾਹਰਨ ਬਣ ਸਕਦਾ ਹੈ। ਆਪਣਾ ਧਿਆਨ ਮਨ ’ਤੇ ਕੇਂਦ੍ਰਿਤ ਕਰ ਕੇ ਕਰਮ ਨੂੰ ਕਰਦੇ ਰਹਿਣਾ, ਹਰ ਸੰਭਵ ਕੋਸ਼ਿਸ਼ ਕਰਨਾ, ਮੁਸ਼ਕਲਾਂ ਤੋਂ ਮੂੰਹ ਨਾ ਫੇਰਨਾ ਅਤੇ ਅੰਤ ਵਿਚ ਹਾਰ ਦਾ ਭੋਗ ਪਾ ਕੇ ਜਿੱਤ ਦਾ ਨਗਾਰਾ ਵਜਾਉਣਾ ਹੀ ਜਾਗਰੂਕ ਮਨੁੱਖ ਜਾਤੀ ਦਾ ਪ੍ਰਮਾਣ ਹੈ। ਇਕਾਗਰਤਾ ਉਹ ਸਥਿਤੀ ਹੈ ਜਦੋਂ ਮਨੁੱਖ ਨੂੰ ਆਪਣੇ ਅੰਦਰ ਲੁਕੀਆਂ ਹੋਈਆਂ ਸ਼ਕਤੀਆਂ ਦਾ ਅਹਿਸਾਸ ਹੁੰਦਾ ਹੈ। ਇਹ ਉਹ ਪਲ ਹੁੰਦਾ ਹੈ ਜਦੋਂ ਮਨੁੱਖ ਖ਼ੁਦ ਨੂੰ ਸਰਬ-ਸ਼ਕਤੀਮਾਨ ਅਤੇ ਆਤਮ-ਸੰਜਮੀ ਮੰਨ ਕੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਦੁੱਗਣੀ ਊਰਜਾ ਨਾਲ ਆਪਣੇ ਰੋਮ-ਰੋਮ ਨੂੰ ਲਗਾ ਦਿੰਦਾ ਹੈ। ਨਤੀਜੇ ਵਜੋਂ ਪ੍ਰਾਪਤ ਹੋਣ ਵਾਲਾ ਫਲ ਲੰਬੇ ਸਮੇਂ ਤੱਕ ਯਾਦਾਂ ਵਿਚ ਦਰਜ ਹੋ ਜਾਂਦਾ ਹੈ। ਜੋ ਮਨੁੱਖ ਇਕਾਗਰ ਚਿੱਤ ਨਹੀਂ ਹੋ ਪਾਉਂਦੇ, ਉਨ੍ਹਾਂ ਨੂੰ ਵਾਰ-ਵਾਰ ਨਾਕਾਮੀਆਂ ਦਾ ਮੂੰਹ ਦੇਖਣਾ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਦਾ ਮਨੋਬਲ ਟੁੱਟ ਜਾਂਦਾ ਹੈ।